ਮਨ ਪਰਦੇਸੀ ਕਰਿਆ ਨਾ ਕਰ ਆ ਜਾ ਮਿਲੀਏ ਅੱਜ ਉਸ ਥਾਵੇਂ।
ਰੰਗੋਂ ਨਸਲੋਂ ਜਾਤ-ਵਿਹੂਣੇ, ਜਿੱਥੇ ਸਾਰੇ ਰਹਿਣ ਨਿਥਾਵੇਂ।
ਜਿਸ ਧਰਤੀ ਤੇ ਬੰਦਾ ਆਪਣੀ ਹਸਤੀ ਮੇਟੇ ਤੇ ਫਿਰ ਉਗਮੇਂ,
ਅੱਗੇ ਪਿੱਛੇ ਖ਼ੁਦ ਹੀ ਹੋਵੇ, ਨਾਲ ਤੁਰਨ ਨਾ ਹੀ ਪਰਛਾਵੇਂ।
ਮਿੱਟੀ ਜਿੱਥੇ ਮਾਂ ਵਰਗੀ ਹੈ, ਅੰਬਰ ਬਾਬਲ ਨਿਰਛਲ ਪਿਆਰਾ,
ਬਾਂਹ ਤੇ ਸਿਰ ਧਰ ਘੂਕ ਪਿਆ ਹੈ,ਰੱਬ ਜਿੱਥੇ ਬਿਰਖਾਂ ਦੀ ਛਾਵੇਂ।
ਰਾਤ ਪਿਆਂ ਤੇ ਗਗਨ ਚੰਦੋਆ, ਵਿੱਚ ਵਿੱਚ ਟਿੱਕੀਆਂ ਚੰਨ ਸਿਤਾਰੇ,
ਇਹ ਸਭ ਯਾਰ ਪਿਆਰੇ ਵਿੱਛੜੇ,
ਲੱਭ ਪੈਣੇ ਜੇ ਨਜ਼ਰ ਟਿਕਾਵੇਂ।
ਕੂੜ ਕਿਤਾਬਾਂ ਨਾ ਪੜ੍ਹਿਆ ਕਰ, ਜਿੰਨ੍ਹਾਂ ਅੰਦਰ ਮੈਂ ਹੀ ਮੈਂ ਬੱਸ,
ਤੂੰ ਹੀ ਤੂੰ ਦੇ ਵਰਕੇ ਉੱਪਰ,ਖਿੱਲਰੇ ਸੱਚ ਦੇ ਹਰਫ਼ ਭੁਲਾਵੇਂ।
ਮੈਂ ਤਾਂ ਅੱਜ ਕੱਲ੍ਹ ਹੋਰ ਕਿਤੇ ਆਂ, ਬਦਲ ਗਿਆ ਮੇਰਾ ਸਿਰਨਾਵਾਂ,
ਤਾਂ ਹੀ ਤੇਰੀ ਡਾਕ ਮਿਲੇ ਨਾ,ਜਿਸ ਥਾਂ ਤੇ ਤੂੰ ਚਿੱਠੀਆਂ ਪਾਵੇਂ।
ਤੇਰੇ ਯਾਰ ਨਗੀਨੇ ਤੁਰ ਗਏ, ਗੁਜ਼ਰੇ ਨੇ ਕਈ ਸਾਲ ਮਹੀਨੇ,
ਕੱਚ ਦੇ ਟੋਟੇ, ਕਿਰਚਾਂ ਉੱਗੀਆਂ,
ਜਿਸ ਨਗਰੀ ਤੂੰ ਲੱਭਣ ਜਾਵੇਂ।
ਧਨਵੰਤੇ ਆਪਣੀ ਅੱਗ ਸੜਦੇ,
ਬੈਠ ਇਕੱਲ੍ਹੇ,ਕੁੜ੍ਹਦੇ ਕੜ੍ਹਦੇ,
ਨਾ ਕੁਰਸੀ ਨਾ ਰੁਤਬਾ ਪੱਲੇ, ਤੂੰ ਕਿਉਂ ਰੋਜ਼ ਕਚਹਿਰੀ ਲਾਵੇਂ।
ਕਾਕਰੋਚ ਕੁਰਸੀ ਤੇ ਚੜ੍ਹ ਕੇ,ਬੈਠ ਗਏ ਨੇ ਰਾਤ ਬਰਾਤੇ,
ਕੁਰਬਲ ਕੁਰਬਲ ਭੱਜਦੇ ਵੇਖੀਂ, ਜੇ ਤੂੰ ਕਿਧਰੇ ਬਲਬ ਜਗਾਵੇਂ।
▪️ਗੁਰਭਜਨ ਗਿੱਲ
⚫️ ਸੰਪਰਕਃ 98726 31199
