*ਸਮਾਜਸੇਵੀ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਰਾਜਾ ਠੇਕੇਦਾਰ ਨੇ ਗੁਲਦਸਤਾ ਭੇਂਟ ਕਰਕੇ ਦਿੱਤੀ ਮੁਬਾਰਕਬਾਦ*
ਕੋਟਕਪੂਰਾ, 10 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਥਾਣਾ ਸਦਰ ਕੋਟਕਪੂਰਾ ਵਿਖੇ ਨਵ-ਨਿਯੁਕਤ ਐਸ.ਐਚ.ਓ. ਸਰਦਾਰ ਸਿਕੰਦਰ ਸਿੰਘ ਬਰਾੜ ਨੇ ਅੱਜ ਅਧਿਕਾਰਤ ਤੌਰ ‘ਤੇ ਥਾਣਾ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਇਲਾਕੇ ਦੇ ਪ੍ਰਮੁੱਖ ਸਮਾਜਸੇਵੀ ਅਤੇ ਉਹਨਾਂ ਦੇ ਨੇੜਲੇ ਸਾਥੀ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਰਾਜਿੰਦਰ ਕੁਮਾਰ ਰਾਜਾ ਠੇਕੇਦਾਰ ਨਾਲ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕੀਤੀ ਅਤੇ ਨਵ-ਨਿਯੁਕਤ ਥਾਣਾ ਮੁਖੀ ਨੂੰ ਜੀ-ਆਇਆਂ ਆਖਦਿਆਂ ਗੁਲਦਸਤਾ ਭੇਂਟ ਕਰਕੇ ਮੁਬਾਰਕਬਾਦ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਸ. ਸਿਕੰਦਰ ਸਿੰਘ ਬਰਾੜ ਇੱਕ ਬਹੁਤ ਹੀ ਇਮਾਨਦਾਰ, ਮਿਲਣਸਾਰ ਅਤੇ ਤਜ਼ਰਬੇਕਾਰ ਅਧਿਕਾਰੀ ਹਨ, ਉਹ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਫ਼ਰੀਦਕੋਟ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਲੋਕ-ਪੱਖੀ ਪ੍ਰਸ਼ਾਸਨ ਲਈ ਜਾਣੇ ਜਾਂਦੇ ਹਨ। ਇਸ ਮੌਕੇ ਨਵ-ਨਿਯੁਕਤ ਥਾਣਾ ਮੁਖੀ ਸ. ਸਿਕੰਦਰ ਸਿੰਘ ਬਰਾੜ ਨੇ ਆਖਿਆ ਕਿ ਉਹ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਰੱਖਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਖੇਤਰ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਥਾਣੇ ਵਿੱਚ ਆਉਣ ਵਾਲੇ ਹਰ ਨਾਗਰਿਕ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਇਨਸਾਫ਼ ਯਕੀਨੀ ਬਣਾਇਆ ਜਾਵੇਗਾ।

