ਫ਼ਰੀਦਕੋਟ 17 ਜੁਲਾਈ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼)
ਪਿਛਲੇ ਅੱਠ ਮਹੀਨਿਆਂ ਤੋਂ ਆਪਣੀਆਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ, ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਅਤੇ ਕੁੱਝ ਹੋਰ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈਕੇ ਮਨਰੇਗਾ ਦੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪੰਜਾਬ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਖੰਨਾ ਸ਼ਹਿਰ ਵਿਖੇ ਕੋਠੀ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਐਕਸ਼ਨ ਪ੍ਰੋਗਰਾਮ ਉਲੀਕਿਆ ਗਿਆ ਸੀ। ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਸ਼ਹਿ ਤੇ ਮਨਰੇਗਾ ਮੁਲਾਜ਼ਮਾਂ ਅਤੇ ਉਹਨਾਂ ਦੀਆਂ ਮੰਗਾਂ ਦੀ ਹਮਾਇਤ ਵਿੱਚ ਆਏ ਨਰੇਗਾ ਮਜ਼ਦੂਰਾਂ ਉੱਪਰ ਪੰਜਾਬ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਮਾਰਨ, ਅੱਥਰੂ ਗੈਸ ਦੇ ਗੋਲੇ ਸੁੱਟਣ, ਅੰਨੇਵਾਹ ਪੁਲਿਸ ਤਸ਼ੱਦਦ ਕਰਦੇ ਹੋਏ ਲੱਤਾਂ ਤੋੜਣ ਅਤੇ ਕਈਆਂ ਨੂੰ ਗੰਭੀਰ ਜ਼ਖਮੀ ਕਰਨ ਦੀ ਬਹੁਤ ਮੰਦਭਾਗੀ ਘਟਨਾ ਬੀਤੇ ਕੱਲ੍ਹ ਵਾਪਰੀ ਹੈ।
ਇਸ ਘਟਨਾ ਦੀ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਕੰਮੇਆਣਾ ਅਤੇ ਸਲਾਹਕਾਰ ਬਲਕਾਰ ਸਿੰਘ ਸਹੋਤਾ , ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ, ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਗੁਰਚਰਨ ਸਿੰਘ ਮਾਨ, ਹਰਪਾਲ ਸਿੰਘ ਮਚਾਕੀ, ਇੰਦਰਜੀਤ ਸਿੰਘ ਗਿੱਲ, ਖੇਤ ਮਜ਼ਦੂਰਾਂ ਦੇ ਆਗੂ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਦੋਸ਼ ਲਾਇਆ ਕਿ ਅਜਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਹਿ ਤੇ ਵਾਪਰ ਰਿਹਾ ਹੈ । ਪੰਜਾਬ ਸਰਕਾਰ ਨੇ ਹੱਕ ਮੰਗਦੇ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਪੁਰਅਮਨ ਸੰਘਰਸ਼ਾਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਦਾ ਲੋਕ ਵਿਰੋਧੀ ਰਾਹ ਚੁਣਿਆ ਹੋਇਆ ਹੈ ਅਤੇ ਇਹ ਰਾਹ ਸਿੱਧਾ ਹੀ ਆਮ ਆਦਮੀ ਪਾਰਟੀ ਦੇ ਪਤਨ ਵੱਲ ਨੂੰ ਜਾਂਦਾ ਹੈ। ਆਗੂਆਂ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਹੈਂਕੜ ਭਰੇ ਵਤੀਰੇ ਦਾ ਰਾਹ ਤੁਰੰਤ ਤਿਆਗ ਕਰਕੇ ਸਮੂਹ ਸੰਘਰਸ਼ਸ਼ੀਲ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣ। ਆਗੂਆਂ ਨੇ ਚਿਤਾਵਨੀ ਦਿੰਦਿਆਂ, ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਕੋਈ ਬਹੁਤੀਆਂ ਦੂਰ ਨਹੀਂ ਹਨ। ਹੁਕਮਰਾਨ ਸਰਕਾਰਾਂ ਤੋਂ ਅੱਕੇ ਹੋਏ ਲੋਕ ਸਾਰਾ ਹਿਸਾਬ ਕਿਤਾਬ ਕਰਨਾ ਜਾਣਦੇ ਹਨ।
ਹੋਰਨਾਂ ਤੋਂ ਇਲਾਵਾ ਸੁਖਮੰਦਰ ਸਿੰਘ ਮੇਟ ਢੁੱਡੀ, ਮੇਟ ਲਵਪ੍ਰੀਤ ਕੋਰ ਪਿਪਲੀ, ਕੁਲਦੀਪ ਕੌਰ ਮੇਟ ਕੋਟਸੁਖੀਆ, ਗੁਰਪ੍ਰੀਤ ਕੌਰ ਮੇਟ ਕੋਟਸੁਖੀਆ, ਮੇਟ ਕਰਮਜੀਤ ਕੌਰ ਗੋਲੇਵਾਲਾ, ਅੰਜੂ ਕੋਰ ਮੇਟ ਰਾਜੋਵਾਲਾ , ਵੀਰਪਾਲ ਕੌਰ ਮੇਟ ਕਿਲਾਂ ਨੌ , ਸੁਖਮੰਦਰ ਸਿੰਘ ਕਿਲਾਂ ਨੌ , ਸੁਨੀਤਾ ਰਾਣੀ ਮੇਟ ਮਿੱਡੂ ਮਾਨ , ਸਿਮਰਨ ਕੋਰ ਮੇਟ ਰੁਪਇਆ ਵਾਲਾ ਹਾਜ਼ਰ ਸਨ ।

