ਫ਼ਰੀਦਕੋਟ, 21 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਵਿੰਗ, ਫ਼ਰੀਦਕੋਟ ਰੇਂਜ ਪੁਲਸ ਅਤੇ ਫ਼ਿਰੋਜ਼ਪੁਰ ਰੇਂਜ ਪੁਲਸ ਨੇ ਸਾਂਝੀ ਮੁਹਿੰਮ ਚਲਾ ਕੇ ਫਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਦੌਰਾਨ ਸਰਗਰਮ ਇਕ ਹਾਈਟੈੱਕ ਅੰਤਰਰਾਜੀ ਨਕਲ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਵਿਚ ਸਿੰਡੀਕੇਟ ਦੇ 7 ਪ੍ਰਮੁੱਖ ਸੰਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ 28 ਉਮੀਦਵਾਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 27 ਬੈਟਰੀ ਨਾਲ ਚੱਲਣ ਵਾਲੇ ਵਾਇਰਲੈੱਸ ਚੀਟਿੰਗ ਡਿਵਾਈਸ ਵੀ ਬਰਾਮਦ ਕੀਤੇ ਹਨ। ਪੰਜਾਬ ਦੇ ਡੀ.ਜੀ.ਪੀ. ਨੇ ਦੱਸਿਆ ਕਿ ਇਹ ਸਿੰਡੀਕੇਟ ਪੈੱਨ ਕੈਮਰਾ, ਮੋਬਾਈਲ ਫ਼ੋਨ ਅਤੇ ਵਾਇਰਲੈੱਸ ਮਾਈਕ੍ਰੋ ਡਿਵਾਈਸ ਦੇ ਜ਼ਰੀਏ ਪ੍ਰੀਖਿਆ ਕੇਂਦਰਾਂ ਵਿਚ ਬੈਠੇ ਉਮੀਦਵਾਰਾਂ ਤੱਕ ਰੀਅਲ-ਟਾਈਮ ਵਿਚ ਉੱਤਰ ਪਹੁੰਚਾ ਰਿਹਾ ਸੀ। ਉਨ੍ਹਾਂ ਦੱਸਿਆ ਕਿ 19 ਜੁਲਾਈ ਨੂੰ ਸਵੇਰੇ 11 ਵਜੇ ਸ਼ੁਰੂ ਹੋਈ ਪ੍ਰੀਖਿਆ ਦੇ ਕੁਝ ਹੀ ਮਿੰਟਾਂ ਬਾਅਦ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਮੁੱਢਲੀ ਜਾਂਚ ਦੇ ਅਨੁਸਾਰ ਫ਼ਿਰੋਜ਼ਪੁਰ ਦੇ ਇਕ ਪ੍ਰੀਖਿਆ ਕੇਂਦਰ ਵਿਚ ਪ੍ਰੀਖਿਆ ਦੇ ਰਹੇ ਉਮੀਦਵਾਰ ਆਯੁਸ਼ ਨੇ ਲੁਕੋਏ ਹੋਏ ਪੈੱਨ ਕੈਮਰੇ ਨਾਲ ਪ੍ਰਸ਼ਨ ਪੱਤਰ ਦੀਆਂ ਤਸਵੀਰਾਂ ਖਿੱਚ ਕੇ ਵਟਸਐਪ ਦੇ ਮਾਧਿਅਮ ਰਾਹੀਂ ਹਰਿਆਣਾ ਦੇ ਭਿਵਾਨੀ ਦੇ ਰਹਿਣ ਵਾਲੇ ਸਾਜਨ ਨੂੰ ਭੇਜੀਆਂ। ਉੱਥੋਂ ਇਹ ਪ੍ਰਸ਼ਨ ਪੱਤਰ ਰਾਜਸਥਾਨ ਦੇ ਕੋਟਪੂਤਲੀ-ਬਹਿਰੋੜ ਦੇ ਰਹਿਣ ਵਾਲੇ ਦੀਪਕ ਤੱਕ ਪਹੁੰਚਿਆ, ਜੋ ਫ਼ਰੀਦਕੋਟ ਦੇ ਸੁਸਾਇਟੀ ਨਗਰ ਸਥਿਤ ਇਕ ਅਸਥਾਈ ਕੰਟਰੋਲ ਰੂਮ ਵਿਚ ਮੌਜੂਦ ਸੀ। ਇੱਥੇ ਮੁੱਖ ਮੁਲਜ਼ਮ ਗੁਰਮੀਤ ਸਿੰਘ ਅਤੇ ਦੀਪਕ ਨੇ ਪ੍ਰਸ਼ਨਾਂ ਦੇ ਉੱਤਰ ਤਿਆਰ ਕਰ ਕੇਵਾਇਰਲੈੱਸ ਉਪਕਰਨਾਂ ਦੇ ਜ਼ਰੀਏ ਪ੍ਰੀਖਿਆ ਕੇਂਦਰਾਂ ਵਿਚ ਬੈਠੇ ਉਮੀਦਵਾਰਾਂ ਨੂੰ ਸੁਣਾਏ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਹੁਣ ਤੱਕ ਦੀ ਜਾਂਚ ਵਿਚ ਪ੍ਰਸ਼ਨ ਪੱਤਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਨਾ ਹੀ ਕਿਸੇ ਸਰਕਾਰੀ ਅਧਿਕਾਰੀ ਜਾਂ ਪ੍ਰੀਖਿਆ ਪ੍ਰਬੰਧਨ ਨਾਲ ਜੁੜੇ ਵਿਅਕਤੀ ਦੀ ਮਿਲੀਭੁਗਤ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਪੂਰੀ ਘਟਨਾ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਰੀਅਲ-ਟਾਈਮ ਵਿਚ ਹੋਈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਪੂਰੇ ਸਿੰਡੀਕੇਟ ਦਾ ਕਥਿਤ ਮਾਸਟਰਮਾਈਂਡ ਫਾਜ਼ਿਲਕਾ ਸਥਿਤ ਸੰਤ ਕਬੀਰ ਪੌਲੀਟੈਕਨਿਕ ਕਾਲਜ ਦਾ ਕਰਮਚਾਰੀ ਗੁਰਮੀਤ ਸਿੰਘ ਹੈ। ਪੁਲਸ ਅਨੁਸਾਰ ਇਹ ਸਿੰਡੀਕੇਟ ਪ੍ਰੀਖਿਆ ਪਾਸ ਕਰਵਾਉਣ ਦੇ ਨਾਂ ’ਤੇ ਉਮੀਦਵਾਰਾਂ ਕੋਲੋਂ 3.5 ਲੱਖ ਤੋਂ 13 ਲੱਖ ਰੁਪਏ ਤੱਕ ਵਸੂਲਦਾ ਸੀ। ਕਈ ਉਮੀਦਵਾਰਾਂ ਕੋਲੋਂ ਸੁਰੱਖਿਆ ਰਕਮ ਵਜੋਂ ਪੋਸਟ-ਡੇਟਿਡ ਚੈੱਕ ਵੀ ਲਏ ਗਏ ਸਨ। ਪੁਲਸ ਨੇ ਦੱਸਿਆ ਕਿ ਪ੍ਰੀਖਿਆ ਵਾਲੇ ਦਿਨ ਗਿਰੋਹ ਦੇ ਮੈਂਬਰ ਫ਼ਰੀਦਕੋਟ-ਕੋਟਕਪੂਰਾ ਰੋਡ ‘ਤੇ ਸਥਿਤ ਇਕ ਹੋਟਲ ਵਿਚ ਇਕੱਠੇ ਹੋਏ, ਜਿੱਥੋਂ ਵਿਸ਼ੇਸ਼ ਬੈਟਰੀ ਨਾਲ ਚੱਲਣ ਵਾਲੇ ਵਾਇਰਲੈੱਸ ਮਾਈਕ੍ਰੋ ਡਿਵਾਈਸ ਉਮੀਦਵਾਰਾਂ ਨੂੰ ਵੰਡੇ ਗਏ। ਹੁਣ ਤੱਕ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਤੋਂ 28 ਉਮੀਦਵਾਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ 7 ਪ੍ਰਮੁੱਖ ਮੁਲਜ਼ਮਾਂ ਵਿਚ ਗੁਰਮੀਤ ਸਿੰਘ (ਫ਼ਰੀਦਕੋਟ), ਮਨਜੀਤ ਸਿੰਘ (ਝੁੰਝੁਨੂ, ਰਾਜਸਥਾਨ), ਦੀਪਕ ਅਤੇ ਸੁਨੀਲ ਕੁਮਾਰ (ਕੋਟਪੂਤਲੀ-ਬਹਿਰੋੜ, ਰਾਜਸਥਾਨ), ਸਤਨਾਮ ਸਿੰਘ(ਗੁਰੂਹਰਸਹਾਏ, ਪੰਜਾਬ), ਬਲਵੰਤ ਸਿੰਘ (ਡੋਢਾ, ਹਰਿਆਣਾ) ਅਤੇ ਅਭਿਅੰਤ (ਭਿਵਾਨੀ, ਹਰਿਆਣਾ) ਸ਼ਾਮਲ ਹਨ। ਡੀ.ਜੀ.ਪੀ. ਨੇ ਦੱਸਿਆ ਕਿ ਗਿਰੋਹ ਦੇ ਹੋਰ ਮੈਂਬਰਾਂ, ਖ਼ਾਸ ਕਰਕੇ ਭਿਵਾਨੀ ਦੇ ਰਹਿਣ ਵਾਲੇ ਸਾਜਨ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
