ਸੀਨੀਅਰ ਵਕੀਲਾਂ ਤੇ ਕਲਰਕ ਯੂਨੀਅਨ ਨੇ ਭੁੱਖ ਹੜਤਾਲ ਨੂੰ ਦਿੱਤਾ ਸਮਰਥਨ
ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਲੀਗਲ ਏਡ ਡਿਫੈਂਸ ਕੌਂਸਲ (ਐਲ.ਏ.ਡੀ.ਸੀ.) ਸਿਸਟਮ ਵਿਰੁੱਧ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਰੀਦਕੋਟ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਵੀਰਵਾਰ ਨੂੰ 15ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਜਗਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਚੱਲ ਰਹੀ ਭੁੱਖ ਹੜਤਾਲ ਨੂੰ ਅੱਜ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਵਕੀਲ ਉਪੇਂਦਰ ਸ਼ਰਮਾ, ਸੀਨੀਅਰ ਵਕੀਲ ਰਾਜਿੰਦਰ ਸਿੰਘ ਰੋਮਾਣਾ ਅਤੇ ਹੋਰ ਕਈ ਵਕੀਲਾਂ ਨੇ ਸਮਰਥਨ ਦਿੱਤਾ। ਭੁੱਖ ਹੜਤਾਲ ਵਿੱਚ ਮੋਹਨਦੀਪ ਢਿੱਲੋਂ, ਹਰਪ੍ਰੀਤ ਕੌਰ, ਅਮਨਜੋਤ ਕੌਰ, ਮਨਜੀਤ ਕੌਰ, ਤਨਵਦੀਪ ਕੌਰ, ਜਸਪ੍ਰੀਤ ਕੌਰ, ਇੰਦਰਜੀਤ ਸਿੰਘ, ਸਿਮਰਨਜੀਤ ਸਿੰਘ, ਹੈਰੀ, ਜਤਿੰਦਰ ਖੋਸਾ, ਰਵਿੰਦਰ ਸਿੰਘ, ਮਨਵਿੰਦਰ ਸਿੰਘ, ਜਰਨੈਲ ਸਿੰਘ, ਆਸ਼ੀਸ਼ ਅਤੇ ਗਗਨਦੀਪ ਸ਼ਰਮਾ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਕਲਰਕ ਯੂਨੀਅਨ ਦੇ ਰਾਮ ਕ੍ਰਿਸ਼ਨ ਸ਼ਰਮਾ ਅਤੇ ਰਮੇਸ਼ ਸਿੰਘ ਨੰਬਰਦਾਰ ਨੇ ਵੀ ਭੁੱਖ ਹੜਤਾਲ ਵਿੱਚ ਬੈਠ ਕੇ ਬਾਰ ਐਸੋਸੀਏਸ਼ਨ ਦੇ ਸੰਘਰਸ਼ ਨਾਲ ਇਕਜੁੱਟਤਾ ਪ੍ਰਗਟਾਈ। ਗੁਰਜਗਪਾਲ ਸਿੰਘ ਬਰਾੜ ਨੇ ਕਿਹਾ ਕਿ ਐਲਏਡੀਸੀ ਸਿਸਟਮ ਵਕਾਲਤ ਦੇ ਪੇਸ਼ੇ ਅਤੇ ਆਮ ਲੋਕਾਂ ਦੇ ਨਿਆਂਕ ਹਿੱਤਾਂ ਲਈ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਇਸ ਪ੍ਰਣਾਲੀ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤੱਕ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਵਕੀਲਾਂ ਦੀਆਂ ਮੰਗਾਂ ’ਤੇ ਤੁਰਤ ਸਕਾਰਾਤਮਕ ਫ਼ੈਸਲਾ ਲੈਣ ਦੀ ਅਪੀਲ ਕੀਤੀ। ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਵਕੀਲਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਨੂੰ ਹੋਰ ਵਿਸ਼ਾਲ ਰੂਪ ਦਿੱਤਾ ਜਾਵੇਗਾ।
