— ਪਾਰਕ ਐਵਨਿਊ ’ਚ ਲਾਏ ਪੌਦੇ —
ਫ਼ਰੀਦਕੋਟ 25 ਜੁਲਾਈ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼)
ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਜਿਲ੍ਹਾ ਇਕਾਈ ਵੱਲੋਂ ਰੁੱਖ ਲਗਾਓ ਦੀ ਮੁਹਿੰਮ ਸਫ਼ਲਤਾ ਪੂਰਵਕ ਅੱਗੇ ਵਧ ਰਹੀ ਹੈ। ਇਸੇ ਲੜੀ ਅਧੀਨ ਅੱਜ ਸ਼ਹਿਰ ਦੀ ਕੋਟਕਪੂਰਾ-ਤਲਵੰਡੀ ਬਾਈਪਾਸ ਰੋਡ ਸਥਿਤ ਪਾਰਕ ਐਵਨਿਊ ਕਲੋਨੀ ਵਿੱਚ ਟਰੱਸਟ ਦੀ ਉੱਚ ਪੱਧਰੀ ਟੀਮ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਉੱਚ ਪੱਧਰੀ ਟੀਮ ਵਿੱਚ ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਡਾ. ਹਰਪਾਲ ਸਿੰਘ, ਜਿਲ੍ਹਾ ਪ੍ਰਧਾਨ ਦਿਲ ਪ੍ਰੇਮ ਸਿੰਘ ਭੋਲਾ ਗਰੇਵਾਲ, ਸੀਨੀਅਰ ਮੀਤ ਪ੍ਰਧਾਨ ਇੰਸ. ਰਮੇਸ਼ ਕੁਮਾਰ ਬਾਰੋਲੀਆ, ਜਨਰਲ ਸਕੱਤਰ ਪ੍ਰੋ. ਮਲਕੀਤ ਸਿੰਘ ਮੰਮਨ, ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ ਤੇ ਉਪ ਪ੍ਰਧਾਨ ਨਿਰਮਲ ਸਿੰਘ ਸੰਧੂ ਸ਼ਾਮਲ ਸਨ। ਇਸ ਤੋਂ ਇਲਾਵਾ ਪਾਰਕ ਐਵਨਿਊ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਗਤਾਰ ਸਿੰਘ ਢਿੱਲੋਂ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਪ੍ਰਿੰ. ਸੁਰੇਸ਼ ਅਰੋੜਾ ਨੇ ਵੀ ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪੌਦੇ ਲਾਉਣ ਦੀ ਰਸਮ ਉਪਰੰਤ ਕਲੋਨੀ ਪ੍ਰਧਾਨ ਸ੍ਰ. ਢਿੱਲੋਂ ਨੇ ਟਰੱਸਟ ਦੇ ਸਮੂਹ ਆਗੂਆਂ ਦਾ ਧੰਨਵਾਦ ਕਰਦੇ ਹੋਏ ਸਮੁੱਟੇ ਟਰੱਸਟ ਨੂੰ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਭ ਤੋਂ ਵੱਡੀ ਲੋੜ ਹੈ। ਪ੍ਰਦੂਸ਼ਣ ਨੂੰ ਰੋਕਣ ਵਿੱਚ ਰੁਖ ਬੇਹੱਦ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਪਾਰਕ ਐਵਨਿਊ ਨਿਵਾਸੀ ਅਤੇ ਵਾਤਾਵਰਣ ਪ੍ਰੇਮੀ ਵਜੋਂ ਜਾਣੇ ਜਾਂਦੇ ਟਰੱਸਟ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਇੰਸ ਰਮੇਸ਼ ਕੁਮਾਰ ਬਾਰੋਲੀਆ ਨੇ ਕਿਹਾ ਕਿ ਸਮੁੱਚੀ ਕਲੋਨੀ ਨਿਵਾਸੀਆਂ ਵਿੱਚ ਹਰਿਆਲੀ ਪ੍ਰਤੀ ਅਥਾਹ ਪਿਆਰ ਹੈ ਤੇ ਅੱਜ ਲਗਾਏ ਗਏ ਸਾਰੇ ਪੌਦਿਆਂ ਦੀ ਸਹੀ ਸੇਵਾ ਸੰਭਾਲ ਕੀਤੀ ਜਾਵੇਗੀ। ਇਸ ਮੌਕੇ ਜਿਲ੍ਹਾ ਪ੍ਰਧਾਨ ਡੀ.ਪੀ.ਐੱਸ. ਭੋਲਾ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਰੱਸਟ ਵੱਲੋਂ ਅਗਲੇ ਦਿਨਾਂ ਵਿੱਚ ਜਿਲ੍ਹੇ ਦੇ ਹੋਰ ਕਈ ਸਰਕਾਰੀ ਸਕੂਲਾਂ ਅਤੇ ਸੁਰੱਖਿਅਤ ਸਥਾਨਾਂ ’ਤੇ ਹੋਰ ਪੌਦੇ ਲਗਾਏ ਜਾਣਗੇ। ਇਸ ਮੌਕੇ ਟਰੱਸਟ ਸੰਸਥਾਪਕ ਸ੍ਰੀ ਢੋਸੀਵਾਲ ਨੇ ਫਰੀਦਕੋਟ ਇਕਾਈ ਵੱਲੋਂ ਚਲਾਈ ਜਾ ਰਹੀ ਰੁੱਖ ਲਗਾਓ ਮੁਹਿੰਮ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਹੈ। ਢੋਸੀਵਾਲ ਨੇ ਰੁੱਖ ਲਗਾਓ ਮੁਹਿੰਮ ਲਈ ਜਿਲ੍ਹਾ ਵਣ ਵਿਭਾਗ ਅਤੇ ਖਾਸ ਕਰਕੇ ਵਣ ਰੇਜ਼ ਅਫਸਰ ਚਮਕੌਰ ਸਿੰਘ ਸੰਧੂ ਦਾ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਜਲਦੀ ਹੀ ਫਾਰੈਸਟ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਜਾਵੇਗਾ। ਟਰੱਸਟ ਦੀ ਚੀਫ਼ ਪੈਟਰਨ ਮੈਡਮ ਹੀਰਾਵਤੀ ਸੇਵਾ ਮੁਕਤ ਨਾਇਬ ਤਹਿਸੀਲਦਾਰ ਜੋ ਕਿਸੇ ਜ਼ਰੂਰੀ ਰੁਝੇਵੇਂ ਕਾਰਨ ਅੱਜ ਰੁੱਖ ਲਗਾਓ ਮੁਹਿੰਮ ਵਿੱਚ ਸ਼ਾਮਲ ਨਹੀਂ ਹੋ ਸਕੇ, ਨੇ ਵੀ ਟੈਲੀਫੋਨ ਰਾਹੀਂ ਜਿਲ੍ਹਾ ਪ੍ਰਧਾਨ ਸ੍ਰੀ ਭੋਲਾ ਨੂੰ ਰੁੱਖ ਲਗਾਓ ਮੁਹਿੰਮ ਦੀ ਲਗਾਤਾਰਤਾ ਅਤੇ ਸਫ਼ਲਤਾ ਲਈ ਵਧਾਈ ਦਿੱਤੀ ਹੈ।

