ਕੋਟਕਪੂਰਾ, 26 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਸ੍ਰੀ ਰਜਿੰਦਰ ਕੁਮਾਰ ਬਿੱਲਾ ਨੂੰ ਪਰਜਾਪਤ ਵੈਲਫੇਅਰ ਬੋਰਡ, ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ, ਇਸ ਨਿਯੁਕਤੀ ਦੀ ਖੁਸ਼ੀ ਸਾਂਝੀ ਕਰਦਿਆਂ ਅੱਜ ਸ੍ਰੀ ਰਜਿੰਦਰ ਕੁਮਾਰ ਬਿੱਲਾ ਆਪਣੇ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਜਲਾਲਾਬਾਦ ਹਲਕੇ ਦੇ ਵਿਧਾਇਕ ਸ੍ਰੀ ਗੋਲਡੀ ਕੰਬੋਜ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਸ੍ਰੀ ਰਜਿੰਦਰ ਬਿੱਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਗੋਲਡੀ ਕੰਬੋਜ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਵਿਧਾਇਕ ਗੋਲਡੀ ਕੰਬੋਜ ਨੇ ਵੀ ਰਜਿੰਦਰ ਬਿੱਲਾ ਅਤੇ ਉਨ੍ਹਾਂ ਨਾਲ ਆਏ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਦੌਰਾਨ ਇੱਕ-ਦੂਜੇ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਦੌਰਾਨ ਚੇਅਰਮੈਨ ਸ੍ਰੀ ਰਜਿੰਦਰ ਕੁਮਾਰ ਬਿੱਲਾ ਨੇ ਪਰਜਾਪਤ ਸਮਾਜ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਸਬੰਧੀ ਵਿਧਾਇਕ ਗੋਲਡੀ ਕੰਬੋਜ ਨਾਲ ਵਿਸਥਾਰਪੂਰਵਕ ਚਰਚਾ ਕੀਤੀ। ਵਿਧਾਇਕ ਗੋਲਡੀ ਕੰਬੋਜ ਨੇ ਆਖਿਆ ਕਿ ਰਾਜਿੰਦਰ ਬਿੱਲਾ ਨੇ ਹਮੇਸ਼ਾ ਲੋਕ ਭਲਾਈ, ਸਮਾਜ ਸੇਵਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਨਿਸ਼ਕਾਮ ਭਾਵਨਾ ਨਾਲ ਕੰਮ ਕੀਤਾ ਹੈ। ਉਹਨਾਂ ਦੀ ਨਿਯੁਕਤੀ ਨਾਲ ਪਰਜਾਪਤ ਸਮਾਜ ਦੀ ਭਲਾਈ ਅਤੇ ਵਿਕਾਸ ਨੂੰ ਹੋਰ ਗਤੀ ਮਿਲੇਗੀ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਜਤਾਇਆ ਕਿ ਰਾਜਿੰਦਰ ਬਿੱਲਾ ਆਪਣੀ ਨਵੀਂ ਜ਼ਿੰਮੇਵਾਰੀ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਉਣਗੇ। ਅੰਤ ਵਿੱਚ ਵਿਧਾਇਕ ਗੋਲਡੀ ਕੰਬੋਜ ਨੇ ਸਮਾਜ ਦੇ ਭਲੇ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੰਸਰਾਜ ਪਰਜਾਪਤੀ, ਰਮੇਸ਼ ਬਾਗੋਰੀਆ, ਈਸ਼ਵਰ ਪ੍ਰਜਾਪਤੀ, ਓਮ ਪ੍ਰਕਾਸ਼, ਸੋਨੂੰ ਧਮੀਜਾ (ਐੱਮ.ਸੀ.), ਹਨੀ ਪਰਜਾਪਤੀ, ਅੰਸ਼ੂ ਪਰਜਾਪਤੀ, ਸੁਰਿੰਦਰ ਕੁਮਾਰ ਬਾਗੋਰੀਆ, ਨਰਿੰਦਰ ਬਾਗੋਰੀਆ, ਕ੍ਰਿਸ਼ਨ ਬਾਗੋਰੀਆ, ਸੋਨੂੰ ਡਰਾਈਵਰ, ਚਰਨਜੀਤ ਬਾਗੋਰੀਆ, ਲਾਲ ਚੰਦ ਬਾਗੋਰੀਆ ਸਮੇਤ ਹੋਰ ਅਨੇਕਾਂ ਸਾਥੀ ਵੀ ਹਾਜ਼ਰ ਸਨ।

