
ਲੁਧਿਆਣਾ 28 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਵਿਖੇ ਟੀ ਵੀ ਰੇਡੀਓ ਦੇ ਸਹਿਯੋਗੀ ਨਿਰਦੇਸ਼ਕ ਵਜੋਂ ਕਾਰਜਸ਼ੀਲ ਡਾ. ਅਨਿਲ ਸ਼ਰਮਾ ਬੀਤੇ ਦਿਨੀਂ ਕੈਲੇਫੋਰਨੀਆਂ ਰਾਜ ਯੂਨੀਵਰਸਿਟੀ ਦੇ 14 ਦਿਨਾਂ ਦੇ ਅਧਿਕਾਰਤ ਦੌਰੇ ਤੇ ਸਨ| ਇਸ ਦੌਰੇ ਦਾ ਮੰਤਵ ਦੋਵਾਂ ਸੰਸਥਾਵਾਂ ਵਿਚਕਾਰ 2019 ਵਿਚ ਹੋਏ ਸਮਝੌਤੇ ਤਹਿਤ ਅਕਾਦਮਿਕ ਅਦਾਨ-ਪ੍ਰਦਾਨ ਦੀ ਸਾਂਝ ਨੂੰ ਮਜ਼ਬੂਤ ਬਨਾਉਣਾ ਸੀ| ਦੌਰੇ ਦੌਰਾਨ ਡਾ. ਸ਼ਰਮਾ ਕੈਲੇਫੋਰਨੀਆਂ ਦੀ ਕੇਂਦਰੀ ਵਾਦੀ ਦੇ ਖੇਤੀ ਨਾਲ ਸੰਬੰਧਿਤ ਭਾਈਵਾਲਾਂ ਨੂੰ ਮਿਲੇ| ਇਸ ਦੌਰਾਨ ਉਹਨਾਂ ਨੇ ਖੇਤੀ ਵਿਗਿਆਨ ਅਤੇ ਤਕਨਾਲੋਜੀ ਬਾਰੇ ਜੋਰਡਨ ਕਾਲਜ ਦੇ ਮਾਹਿਰਾਂ ਅਤੇ ਪੰਜਾਬੀ ਭਾਈਚਾਰਿਆਂ ਨਾਲ ਵਿਸ਼ੇਸ਼ ਤੌਰ ਤੇ ਸੰਪਰਕ ਬਣਾਇਆ| ਡਾ. ਸ਼ਰਮਾ ਨੇ ਜੋਰਡਨ ਕਾਲਜ ਦੇ ਡੀਨ ਡਾ. ਰੌਲਸਟੋਨ ਹਿਲੇਰੀ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਕਿਸਾਨ ਸ. ਚਰਨਜੀਤ ਸਿੰਘ ਬਾਠ, ਡਾ. ਗੈਰੀ ਚਾਹਲ, ਸ਼੍ਰੀ ਅਵਤਾਰ ਗਿੱਲ, ਡਾ. ਗੁਰਰੀਤ ਬਰਾੜ, ਡਾ. ਅਰਜਨ ਸਿੰਘ ਜੋਸਨ, ਸ਼੍ਰੀ ਕੇਵਲ ਵਾਸੀ, ਡਾ. ਸ਼ੈਰੇਨ ਬਿਕਨਰ ਅਤੇ ਡਾ. ਰਣਜੀਤ ਰਿਆੜ ਨਾਲ ਮੁਲਾਕਾਤ ਕੀਤੀ|
ਇਸ ਸਾਂਝਦਾਰੀ ਬਾਰੇ ਗੱਲ ਕਰਦਿਆਂ ਡਾ. ਗੁਰਰੀਤ ਬਰਾੜ ਨੇ ਇਸ ਦੌਰੇ ਦੇ ਉਦੇਸ਼ਾਂ ਉੱਪਰ ਚਾਨਣਾ ਪਾਇਆ| ਉਹਨਾਂ ਦੱਸਿਆ ਕਿ ਡਾ. ਸ਼ਰਮਾ ਦੀ ਨਿਗਰਾਨੀ ਹੇਠ ਪੀ ਐੱਚ ਡੀ ਕਰਨ ਵਾਲਾ ਵਿਦਿਆਰਥੀ ਸਨੀਰੁੱਧ ਸਿੰਘ 6 ਮਹੀਨੇ ਲਈ ਫਰਿਜ਼ਨੋ ਯੂਨੀਵਰਸਿਟੀ ਵਿਖੇ ਖੋਜ ਕਰ ਰਿਹਾ ਸੀ| ਸਨੀਰੁੱਧ ਸਿੰਘ ਨੇ ਇਸ ਦੌਰਾਨ ਪਸਾਰ ਗਤੀਵਿਧੀਆਂ ਲਈ ਗੀਤਾਂ, ਬੁਝਾਰਤਾਂ, ਖੇਡਾਂ ਆਦਿ ਦੀ ਮਹੱਤਤਾ ਬਾਰੇ ਖੋਜ ਕੀਤੀ|
ਡਾ. ਸ਼ੈਰੇਨ ਬਿਕਨਰ ਨੇ ਦੱਸਿਆ ਕਿ ਕੈਲੇਫੋਰਨੀਆਂ ਦੇ 6 ਵਿਦਿਆਰਥੀਆਂ ਨੇ ਲੰਘੇ ਸਾਲ ਖੇਤੀ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੀ.ਏ.ਯੂ. ਦਾ ਦੌਰਾ ਕੀਤਾ ਸੀ| ਆਪਣੇ ਕਾਰਜ ਬਾਰੇ ਡਾ. ਅਨਿਲ ਸ਼ਰਮਾ ਅਤੇ ਸਨੀਰੁੱਧ ਸਿੰਘ ਨੇ ਪੇਸ਼ਕਾਰੀਆਂ ਵੀ ਦਿੱਤੀਆਂ| ਡਾ. ਕਰਮਜੋਤ ਰੰਧਾਵਾ ਵੱਲੋਂ ਅਜਿਹੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ| ਡਾ. ਰੌਲਸਟੋਨ ਹਿਲੇਰੀ ਨੇ ਸਮਝੌਤੇ ਤਹਿਤ ਕੀਤੇ ਜਾਣ ਵਾਲੇ ਅਦਾਨ-ਪ੍ਰਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਭਵਿੱਖ ਲਈ ਬੇਹੱਦ ਲਾਹੇਵੰਦ ਕਿਹਾ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਮਾਹਿਰਾਂ ਦੀ ਇਸ ਇਕੱਤਰਤਾ ਨੂੰ ਲਾਭਕਾਰੀ ਆਖਦਿਆਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵਿਦਿਆਰਥੀ ਇਹਨਾਂ ਗਤੀਵਿਧੀਆਂ ਤੋਂ ਲਾਹਾ ਲੈ ਸਕਣਗੇ|

