ਕੋਟਕਪੂਰਾ, 29 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੀ 31 ਜੁਲਾਈ ਨੂੰ ਸਰਕਾਰੀ ਛੁੱਟੀ ਹੋਣ ਕਰਕੇ ਮਿਤੀ 30 ਜੁਲਾਈ ਦਿਨ ਵੀਰਵਾਰ ਨੂੰ ਸਵੇਰੇ 8.00 ਵਜੇ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਥਾਨਕ ਪੀ ਐਮ ਸ੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ ਵਿਖੇ ਮਨਾਇਆ ਜਾ ਰਿਹਾ ਹੈ। ਸੁਸਾਇਟੀ ਦੇ ਮੀਤ ਪ੍ਰਧਾਨ ਪ੍ਰੇਮ ਚਾਵਲਾ, ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮ ਨਾਥ ਅਰੋੜਾ, ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਪ੍ਰੋਫੈਸਰ ਹਰਬੰਸ ਸਿੰਘ ਪਦਮ, ਮੁਖ਼ਤਿਆਰ ਸਿੰਘ ਮੱਤਾ, ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ ਅਤੇ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ ਦੇ ਮੁੱਖ ਅਧਿਆਪਕ ਮੁਨੀਸ਼ ਕੁਮਾਰ ਛਾਬੜਾ ਨੇ ਦੱਸਿਆ ਹੈ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਮੈਡਮ ਅੰਜਨਾ ਕੌਸ਼ਲ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਅਤੇ ਸੈਕੰਡਰੀ) ਫਰੀਦਕੋਟ ਅਤੇ ਵਿਸ਼ੇਸ਼ ਮਹਿਮਾਨ ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਕੋਟਕਪੂਰਾ ਹੋਣਗੇ। ਸਮਾਗਮ ਦੌਰਾਨ ਪਿਛਲੀਆਂ ਰਵਾਇਤਾਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਸਾਲ 2025-26 ਦੀਆਂ ਅੱਠਵੀਂ ਅਤੇ ਦਸਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚੋਂ ਸਰਕਾਰੀ ਸਕੂਲਾਂ ਦੀ ਜ਼ਿਲ੍ਹਾ ਫਰੀਦਕੋਟ ਦੀ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ ਕੀਤੇ ਜਾ ਰਹੇ ਹਨ। ਉਹਨਾਂ ਅੱਗੇ ਦੱਸਿਆ ਕਿ ਸਮਾਗਮ ਦੌਰਾਨ ਸ਼ਹੀਦ ਊਧਮ ਸਿੰਘ ਜੀ ਦੇ ਧਰਮ ਨਿਰਪੱਖਤਾ ਵਾਲੇ ਸਿਧਾਂਤ ਅਤੇ ਆਜ਼ਾਦੀ ਸੰਗਰਾਮ ਵਿੱਚ ਪਾਏ ਗਏ ਯੋਗਦਾਨ ਸਬੰਧੀ ਵੱਖ ਵੱਖ ਬੁਲਾਰੇ ਵਿਚਾਰ ਪੇਸ਼ ਕਰਨਗੇ।

