ਕੋਟਕਪੂਰਾ, 30 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼))
ਸਥਾਨਕ ਡਾ. ਚੰਦਾ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਨੈਤਿਕ ਪ੍ਰੀਖਿਆ ਵਿਚ ਵਜ਼ੀਫ਼ਾ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਸ੍ਰ. ਪ੍ਰਭਜੋਤ ਸਿੰਘ ਸਹੋਤਾ ਸਟੇਟ ਐਵਾਰਡੀ ਨੇ ਦੱਸਿਆ ਕਿ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਈ ਗਈ ਨੈਤਿਕ ਪ੍ਰੀਖਿਆ ਦੇ ਇਮਤਿਹਾਨ ਵਿਚ ਇਸ ਸੰਸਥਾ ਦੀਆਂ 6 ਵਿਦਿਆਰਥਣਾਂ ਨੇ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿਚ ਹਰਜੋਤ ਕੌਰ ਪੁੱਤਰੀ ਮਹਿੰਦਰਪਾਲ ਸਿੰਘ, ਪ੍ਰਭਦੀਪ ਕੌਰ ਪੁੱਤਰੀ ਹਰਦੀਪ ਸਿੰਘ, ਆਣਜੋਤ ਕੌਰ ਪੁੱਤਰੀ ਕੁਲਦੀਪ ਸਿੰਘ, ਡੌਲੀ ਪੁੱਤਰੀ ਪ੍ਰਭਦਿਆਲ, ਪ੍ਰੇਮ ਰਾਣੀ ਪੁੱਤਰੀ ਸੋਨੀ ਸ਼ਰਮਾ ਅਤੇ ਮਹਿਕ ਪੁੱਤਰੀ ਰਾਮ ਕੁਮਾਰ ਦੇ ਨਾਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਇਹ ਪ੍ਰਾਪਤੀ ਸਕੂਲ ਲਈ ਫ਼ਖਰ ਵਾਲੀ ਗੱਲ ਹੈ। ਇਹ ਵਿਦਿਆਰਥਣਾਂ ਸਕੂਲ ਦੀਆਂ ਹੋਰਨਾਂ ਬੱਚੀਆਂ ਲਈ ਪ੍ਰੇਰਣਾਦਾਇਕ ਬਣੀਆਂ ਹਨ। ਸ੍ਰੀ ਸਹੋਤਾ ਨੇ ਕਿਹਾ ਕਿ ਸਖਤ ਮਿਹਨਤ, ਅਨੁਸ਼ਾਸ਼ਨ ਅਤੇ ਲਗਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਅਗਵਾਈ ਦੇਣ ਵਾਲੇ ਅਧਿਆਪਕ ਕੁਲਵਿੰਦਰ ਸਿੰਘ, ਮੈਡਮ ਪਰਮਜੀਤ ਕੌਰ ਅਤੇ ਮਨਜੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਦੀ ਰਹਿਨੁਮਾਈ ਅਤੇ ਸਹਿਯੋਗ ਨਾਲ ਇਹ ਸਫਲਤਾ ਸੰਭਵ ਹੋਈ ਹੈ ਅਤੇ ਇਹ ਵਿਦਿਆਰਥਣਾਂ ਵਜ਼ੀਫ਼ੇ ਲਈ ਹੱਕਦਾਰ ਬਣੀਆਂ ਹਨ। ਉਹਨਾਂ ਬਾਕੀ ਵਿਦਿਆਰਥਣਾਂ ਨੂੰ ਵੀ ਮੁਕਾਬਲੇ ਦੀਆਂ ਅਜਿਹੀਆਂ ਪ੍ਰੀਖਿਆਵਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੰਦਨ ਕੌਰ ਸੋਢੀ, ਸ਼ਵਿੰਦਰ ਕੌਰ, ਸੰਦੀਪ ਕੌਰ, ਅਮਨਦੀਪ ਕੌਰ, ਵਿਵੇਕ ਕਪੂਰ, ਨਵਦੀਪ ਕੱਕੜ, ਕੁਲਵਿੰਦਰ ਸਿੰਘ, ਸਵਰਨਜੀਤ ਸਿੰਘ, ਰਾਜਿੰਦਰ ਸਿੰਘ ਆਦਿ ਵੀ ਮੌਜੂਦ ਸਨ।

