ਯਾਦਾਂ ਮੂੰਹੋਂ ਬੋਲ ਕੇ ਕੁਝ ਵੀ ਕਹਿੰਦੀਆਂ ਨਹੀਂ।
ਸੁੱਤਿਆਂ ਵੀ ਇਹ ਜਾਗਣ,ਮਗਰੋਂ ਲਹਿੰਦੀਆਂ ਨਹੀਂ।
ਪੈੜਾਂ ਤੇ ਪਗ-ਡੰਡੀਆਂ ਰੂਹ ਵਿੱਚ ਧਸ ਗਈਆਂ,
ਇੱਕ ਪਲ ਮੈਥੋ ਤੋੜ- ਵਿਛੋੜਾ ਸਹਿੰਦੀਆਂ ਨਹੀਂ।
ਧੁੱਪਾਂ ਨਾਲ ਬਰਾਬਰ ਛਾਵਾਂ ਸਿਰ ਮੇਰੇ,
ਕਬਜ਼ੇ ਖਾਤਰ ਕਦੇ ਵੇਖੀਆਂ ਖਹਿੰਦੀਆਂ ਨਹੀਂ।
ਉੱਚੀ ਥਾਂ ਤੇ ਬਹਿ ਕੇ ਹੁਕਮ ਚਲਾਉਂਦੀਆਂ ਨੇ,
ਨੀਵੀਂ ਥਾਂ ਤੇ ਕਦੇ ਕੁਰਸੀਆਂ ਡਹਿੰਦੀਆਂ ਨਹੀਂ।
ਸੂਰਜ ਵੱਲ ਪਰਵਾਜ਼ ਬਾਜ਼ ਹੀ ਭਰਦੇ ਨੇ,
ਚੜ੍ਹਦੇ ਪਾਣੀ ਦੇ ਵੱਲ ਨਦੀਆਂ ਵਹਿੰਦੀਆਂ ਨਹੀਂ।
ਤੂੰ ਜਿੰਨ੍ਹਾਂ ਤੇ ਹੁਕਮ ਚਲਾਉਂਦੈਂ, ਮਰ ਗਈਆਂ,
ਨਿਰਜਿੰਦ ਚਿੜੀਆਂ, ਮਿੱਟੀ,ਕਦੇ ਤ੍ਰਹਿੰਦੀਆਂ ਨਹੀਂ।
ਜਿੱਤਾਂ, ਹਾਰਾਂ ਤੋਂ ਹਰ ਵਾਰੀ ਸਿੱਖਿਆ ਕਰ,
ਇਹ ਰੁੱਤਾਂ ਨੇ, ਨਾਲ ਹਮੇਸ਼ਾਂ ਰਹਿੰਦੀਆਂ ਨਹੀ’।
🔷
🔹ਗੁਰਭਜਨ ਗਿੱਲ