ਸਾਡਿਆਂ ਸਵਾਲਾਂ ਦੇ ਜਵਾਬ ਸਾਨੂੰ ਮੋੜ ਦੇ ।
ਜ਼ਾਲਮਾ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ ।
ਮਹਿਲ ਤੂੰ ਸੰਭਾਲ ਸਾਨੂੰ ਢਾਰਿਆਂ ‘ਚ ਰਹਿਣ ਦੇ ।
ਦਿਲ ਵਾਲੀ ਵਾਰਤਾ ਜ਼ਬਾਨ ਨੂੰ ਤੂੰ ਕਹਿਣ ਦੇ ।
ਪਿਆਰ ਦੇ ਭੁਲੇਖੇ ਦਾ ਬੁਖ਼ਾਰ ਹੁਣ ਲਹਿਣ ਦੇ ।
ਛੱਡ ਬੇਈਮਾਨਾ! ਬਦਨੀਤੀਆਂ ਤੂੰ ਛੋੜ ਦੇ ।
ਜ਼ਾਲਮਾ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ ।
ਸਾਡੇ ਦਰਿਆਵਾਂ ਨੂੰ ਤੂੰ ਪੁੱਠੇ ਰਾਹੇ ਤੋਰ ਨਾ ।
ਡੋਡੀਆਂ ਗੁਲਾਬ ਦੀਆਂ ਡਾਢਿਆ ਤੂੰ ਭੋਰ ਨਾ ।
ਹੋ ਗਿਆ ਯਕੀਨ, ਵੈਰੀ ਤੇਰੇ ਬਿਨਾ ਹੋਰ ਨਾ ।
ਘੱਟਿਆ’ ਚ ਰੋਲ ਨਾ ਤੂੰ ਸੁਪਨੇ ਕਰੋੜ ਦੇ ।
ਜ਼ਾਲਮਾ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ ।
ਮਾਲਕੀ ਤਿਆਗ, ਅਜ ਠੰਢੇ ਹੌਕੇ ਭਰਦੇ ।
ਮਰ ਗਏ ਆਂ ਅਸੀਂ ਤੇਰਾ ਚੌਂਕੀਦਾਰਾ ਕਰਦੇ ।
ਪਾਟੇ ਪਰਨੋਟ ਸਾਥੋਂ ਆਪਣੇ ਹੀ ਘਰ ਦੇ ।
ਜਿੱਥੇ ਕਿਤੇ ਲਿਖੇ ਸੀ ਕਿਤਾਬ ਸਾਨੂੰ ਮੋੜ ਦੇ ।
ਜ਼ਾਲਮਾ ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ ।
ਸੱਤਾਂ ਦਰਿਆਵਾਂ ਤੋਂ ਸੀ ਪੰਜਾਂ ਉੱਤੇ ਆ ਗਏ ।
ਚੀਰਿਆ ਤੂੰ ਲੱਕੋਂ, ਅਸੀਂ ਢਾਈਆਂ ਉੱਤੇ ਆ ਗਏ ।
ਸਾਡੇ ਹੀ ਨਾਲਾਇਕ ਪੁੱਤ, ਸਾਨੂੰ ਵੇਚ ਖਾ ਗਏ ।
ਤਿੜਕੇ ਯਕੀਨ ਤੂੰ ਪਿਆਰ ਨਾਲ ਜੋੜ ਦੇ ।
ਵੈਰੀਆ ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ ।
ਬਣ ਜਾਣ ਵੇਖੀਂ ਕਿਤੇ ਹੱਥ ਹਥਿਆਰ ਨਾ ।
ਡਿੱਗਿਆਂ ਨੂੰ ਹੋਰ ਤੂੰ ਕਸੂਤੀ ਮਾਰ ਮਾਰ ਨਾ ।
ਤੰਦ ਟੁੱਟ ਜਾਵੇ, ਕਾਇਮ ਰਹਿੰਦਾ ਰਾਣੀਹਾਰ ਨਾ ।
ਸਦਾ ਹੀ ਸਿਆਣੇ, ਮਨ ਬਦੀ ਵੱਲੋਂ ਹੋੜਦੇ ।
ਜ਼ਾਲਮਾਂ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ ।
ਸਾਡੀਆਂ ਜ਼ਮੀਨਾਂ ਤੇ ਬਾਜ਼ਾਰ ਸਾਥੋਂ ਖੋਹ ਨਾ ।
ਏਸ ਨਾਲੋਂ ਵੱਡਾ ਹੋਰ ਕੋਈ ਵੀ ਧਰੋਹ ਨਾ ।
ਤੇਰੇ ਨਾਲੋਂ ਘੱਟ ਸਾਨੂੰ, ਦੇਸ਼ ਨਾਲ ਮੋਹ ਨਾ ।
ਬਾਜ਼ਾਂ ਦੇ ਹਾਂ ਪੁੱਤ, ਭਾਵੇਂ ਜੰਮੇ ਵਿੱਚ ਖੋੜ ਦੇ ।
ਵੈਰੀਆ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ ।
ਕਿੰਨੀਆਂ ਸਤਾਈਆਂ, ਆਈਆਂ ਰਣ ਵਿੱਚ ਚੁੰਨੀਆਂ ।
ਜਿੰਨ੍ਹਾਂ ਦੀਆਂ ਰੀਝਾਂ ਨੇ ਤੂੰ ਸੂਲਾਂ ਚ ਪਰੁੰਨੀਆਂ ।
ਆਸਾਂ ਦੇ ਚਿਰਾਗਾਂ ਬਿਨਾ ਅੱਖੀਆਂ ਨੇ ਸੁੰਨੀਆਂ ।
ਜਿੰਨ੍ਹਾਂ ਦੇ ਨੇ ਹੱਥ ਭਲਾ ਸਭਨਾਂ ਦਾ ਲੋੜਦੇ ।
ਜ਼ਾਲਮਾ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ।
▪️ਗੁਰਭਜਨ ਗਿੱਲ
