ਗੁਰੂ ਨਾਨਕ ਦੇਵ ਜੀ ਦੀ ਮਹਾਨ ਰਚਨਾ “ਜਪੁ” ਜੀ ਸਾਹਿਬ ਵਿੱਚ ਆਈ ਸੋ ਦਰੁ ਵਾਲੀ ਸਤਾਈਵੀਂ ਪਉੜੀ ਫਿਰ ਅੱਗੇ ‘ ਜਪੁ ‘ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸੋ ਦਰੁ ਰਾਗ ਆਸਾ ਮਹਲਾ ਪਹਿਲਾ ਦੇ ਸਿਰਲੇਖ ਨਾਲ ਮਿਲਦੀ ਹੈ. ਕਹਿ ਸਕਦੇ ਹਾਂ ਕਿ ਇੱਥੇ ਇਹ ਬਾਣੀ ਦੇ ਸੰਪਾਦਕ ਗੁਰੂ, ਗੁਰੂ ਅਰਜਨ ਦੇਵ ਜੀ ਦੁਆਰਾ ਨਿੱਤਨੇਮ ਦੀਆਂ ਬਾਣੀਆਂ ਵਿੱਚ ਦਰਜ ਕੀਤੀ ਗਈ ਹੈ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸਿਰੀ ਰਾਗ ਦੀ ਬਾਣੀ ਆਰੰਭ ਹੋਣ ਤੋਂ ਪਹਿਲਾਂ ਦਰਜ ਬਾਣੀ,ਬਾਣੀ ਦੇ ਸੰਪਾਦਕ ਗੁਰੂ ਸਾਹਿਬ ਦੇ ਵਕਤ ਤੱਕ ਦੇ ਰੋਜਾਨਾ ਜਰੂਰੀ ਨਿਤਨੇਮ ਦੀ ਬਾਣੀ ਹੈ। ਆਦਿ ਬੀੜ ਦੇ ਲਿਖਾਰੀ ਭਾਈ ਗੁਰਦਾਸ ਜੀ ਦਾ ਵੀ ਅਜਿਹਾ ਹੀ ਸੰਕੇਤ ਮਿਲਦਾ ਹੈ ” ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ” ਅੱਗੇ ਫਿਰ ਤੀਸਰੀ ਵਾਰੀ ਇਹ ਪਉੜੀ ਰਾਗ ਆਸਾ ਦੇ ਸ਼ੁਰੂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਦਰਜ ਕੀਤੀ ਮਿਲਦੀ ਹੈ. ਇਸ ਬਾਣੀ ਦੇ ਤਿੰਨੇ ਪਾਠ ਲਗ ਮਾਤਰਾਵਾਂ, ਸ਼ਬਦਾਂ ਦੀ ਗਿਣਤੀ ਅਤੇ ਸ਼ਬਦਾਂ ਦੇ ਰੂਪ ਨੂੰ ਲੈ ਕੇ ਵੱਖ ਵੱਖ ਹਨ. ਸੰਕੇਤਕ ਰੂਪ ਵਿੱਚ ਜੇ ਸਮਝੀਏ ਤਾਂ ਬਾਣੀ ਵਿੱਚ ਵਰਤੀਆਂ ਲਗ ਮਾਤਰਾਵਾਂ ਅਤੇ ਸ਼ਬਦ ਸਮੁੱਚੀ ਬਾਣੀ ਦੇ ਹੀ ਸਮਝਣ ਲਈ ਇਹ ਪਉੜੀ ਰਾਹ ਦਸੇਰੀ ਹੈ. ਕੋਈ ਵੀ ਬਾਣੀ ਦਾ ਵਿਚਾਰਕ ਚਿੰਤਕ ਇਹ ਦਾਅਵਾ ਨਹੀਂ ਕਰੇਗਾ ਕਿ ਇਸ ਪਉੜੀ ਦੇ ਤਿੰਨਾਂ ਪਾਠਾਂ ਦਾ ਮੁੱਖ ਅਰਥ ਬੋਧ ਵੀ ਅਲੱਗ ਅਲੱਗ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਅਰਥ ਬੋਧ ਇੱਕ ਹੈ ਤਾਂ ਇਸ ਪਉੜੀ ਦੇ ਤਿੰਨਾਂ ਪਾਠਾਂ ਦੇ ਲਿਖਣ ਭੇਦਾਂ ਤੋਂ ਕੀ ਭਾਵ ਲਿਆ ਜਾਵੇ. ਇਸ ਪਉੜੀ ਦੇ ਜਪੁ ਜੀ ਸਾਹਿਬ ਵਾਲੇ ਪਾਠ ਅਤੇ ਰਹਿਰਾਸ ਸਾਹਿਬ ਵਾਲੇ ਪਾਠ ਵਿੱਚ 49 ਲਿਖਣ ਭੇਦ ਹਨ। ਕੁਝ ਇੱਕ ਗੁਰਬਾਣੀ ਕਥਾ ਵਾਚਕਾਂ ਦਾ ਵਿਚਾਰ ਹੈ ਕਿ ਇਹ ਭੇਦ ਇਸ ਲਈ ਰੱਖੇ ਗਏ ਹਨ ਕਿ ਬਾਣੀ ਕੰਠ ਕਰਨ ਵਾਲੇ ਲਈ ਦੋਵਾਂ ਪਾਠਾਂ ਦਾ ਵਖਰੇਵਾਂ ਬਣਿਆ ਰਹੇ. ਇਸ ਆਧਾਰ ‘ਤੇ ਜੇ ਹੁਣ ਅੱਗੇ ਵੇਖਾਂਗੇ ਕਿ ਰਾਗ ਆਸਾ ਦੇ ਸ਼ੁਰੂ ਵਿੱਚ ਆਏ ਇਸੇ ਪਾਠ ਦਾ ਫਿਰ ਵਖਰੇਵਾਂ ਹੈ, ਸੋ ਕਥਾ ਵਾਚਕਾਂ ਦੀ ਗੱਲ ਦੇ ਆਧਾਰ ਤੇ ਕਹਿਣਾ ਪਏਗਾ ਕਿ ਇਹ ਫਰਕ ਇਸ ਲਈ ਰੱਖਿਆ ਗਿਆ ਹੈ ਕਿ ਜਿਸਨੇ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪਾਠ ਹੀ ਕੰਠ ਕਰਨਾ ਹੈ। ਪਰ ਇਹ ਗੱਲ ਇੰਨੀਂ ਜਚਦੀ ਨਹੀਂ. ਸੋ ਇਸ ਦਲੀਲ ਤੋਂ ਬਾਹਰਲੇ ਕਾਰਨ ਖੋਜਣੇ ਬਣਦੇ ਹਨ. ਰਾਗ ਆਸਾ ਵਿੱਚ ਆਏ ਇਸ ਪਉੜੀ ਦੇ ਪਾਠ ਦੀ ਲਿਖਾਵਟ ਵਿੱਚ ਜੋ ਵੱਡਾ ਅੰਤਰ ਹੈ ਉਹ ਦੋ ਸ਼ਬਦਾਂ ਸਮਾਲਿ੍ ਅਤੇ ਗਾਵਨਿ੍ ਦੇ ਪੈਰ ਵਿੱਚ ਆਈ ਹਲੰਤ ਦਾ ਹੈ. ਸਮਾਲੇ ਸ਼ਬਦ ਇਕੋ ਜਿਹੀ ਲਿਖਾਵਟ ਨਾਲ ਗੁਰਬਾਣੀ ਵਿੱਚ ਸਿਮਰਨ ਕਰਨ ਅਤੇ ਸੰਭਾਲ ਕਰਨ ਦੋਨਾਂ ਦੇ ਭਾਵ ਵਿੱਚ ਹੀ ਆਇਆ ਹੈ ਇਸ ਪੰਕਤੀ ਵਿੱਚ ਇਸ ਦਾ ਉਚਾਰਨ ਸੰਭਾਲ ਕਰਨ ਵਾਲਾ ਹੈ. ਸੋ ਕਿਹਾ ਜਾ ਸਕਦਾ ਹੈ ਕਿ ਇੱਥੇ ਹਲੰਤ ਲਾ ਕੇ ਇਹ ਸੇਧ ਦਿੱਤੀ ਗਈ ਹੈ. ਜੋ ਕੇਵਲ ਇਸ ਪੌੜੀ ਵਿੱਚ ਹੀ ਨਹੀਂ ਪੂਰੀ ਬਾਣੀ ਵਿੱਚ ਸੇਧ ਦੇ ਤੌਰ ਤੇ ਸਮਝੀ ਜਾ ਸਕੇ, ਕਿ ਪੈਰ ਹਾਹੇ ਵਾਲੇ ਸ਼ਬਦਾਂ ਦਾ ਉਚਾਰਨ ਕਿਵੇਂ ਕਰਨਾ ਹੈ. ਪਰ ਗਾਵਨਿ੍ ਸ਼ਬਦ ਦੇ ਪੈਰ ਵਿੱਚ ਆਈ ਹਲੰਤ ਉਚਾਰਨ ਨਹੀਂ ਹੁੰਦੀ ਕੀ ਇਹ ਕਿਸੇ ਗਿਣਤੀ ਲਈ ਆਈ ਹੈ ਅਤੇ ਜੇ ਗਿਣਤੀ ਲਈ ਆਈ ਹੈ ਤਾਂ ਇੱਥੇ ਹੀ ਕਿਉਂ ਆਈ ਹੈ? ਇਹ ਪਹਿਲੀਆਂ ਦੋਵੇਂ ਲਿਖਤਾਂ ਵਿੱਚ ਨਹੀਂ. ਇਹ ਸਵਾਲ ਸਮਝਣੇ ਬਾਕੀ ਹਨ. ਇਹ ਵੀ ਨੋਟ ਕਰਨਾ ਬਣਦਾ ਹੈ ਕਿ ਪੈਰ ਹਾਹੇ ਲਈ ਗੁਰਮੁਖੀ ਵਾਲਾ ਅਤੇ ਹਿੰਦੀ ਵਾਲਾ ਦੋਵਾਂ ਦਾ ਹਿੱਸਾ ਵਰਤਿਆ ਗਿਆ ਹੈ. ਇੱਥੇ ਆਪਾਂ ਇਸ ਲੇਖ ਦਾ ਆਸ਼ਾ ਅਤੇ ਜੋ ਲੱਭਿਆ ਉਸਦਾ ਸੰਖੇਪ ਜ਼ਿਕਰ ਕਰਕੇ ਫਿਰ ਅੱਗੇ ਗੱਲ ਤੋਰਦੇ ਹਾਂ.
ਗੁਰਬਾਣੀ ਵਿੱਚ ਵਰਤੀਆਂ ਗਈਆਂ ਲਗ ਮਾਤਰਾਵਾਂ ਬਾਰੇ ਇੰਜ ਲੱਗਦਾ ਹੈ ਕਿ ਕਿਸੇ ਗਹਿਰੀ ਸਾਜਿਸ਼ ਅਧੀਨ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ. ਜਦੋਂ ਕਿ ਇਹਨਾਂ ਮਾਮਲਿਆਂ ਬਾਰੇ ਸੁਹਿਰਦ ਸੰਵਾਦ ਦੀ ਲੋੜ ਹੁੰਦੀ ਹੈ. ਗੁਰਬਾਣੀ ਵਿੱਚ ਵਰਤੀਆਂ ਗਈਆਂ ਸਾਰੀਆਂ ਲਗ ਮਾਤਰਾਵਾਂ ਉਚਾਰਨ ਨਹੀਂ ਹੁੰਦੀਆਂ. ਗੁਰਬਾਣੀ ਵਿੱਚ ਇਨ੍ਹਾਂ ਦੀ ਵਰਤੋਂ ਬਾਰੇ ਜੋ ਕਾਰਨ ਲੱਭੇ ਹਨ ਉਨ੍ਹਾਂ ਦਾ ਸੰਖੇਪ ਜ਼ਿਕਰ ਕਰਕੇ ਆਪਾਂ ਅੱਗੇ ਤੁਰਨਾ ਹੈ.
1 ਕਿਸੇ ਵੀ ਸ਼ਬਦ ਨੂੰ ਉਸਦੀ ਭਾਸ਼ਾਈ ਹੋਂਦ ਲਈ ਲੋੜੀਂਦੀਆਂ ਸਵਰ ਧੁਨੀਆਂ ਦੇ ਚਿੰਨ (ਲਗ ਮਾਤਰਾ)
2 ਵਰਤੇ ਗਏ ਕਾਵਿ ਰੂਪਾਂ ਦੇ ਲਿਖਣ ਵਿਧਾਨ ਅਨੁਸਾਰ ਲਗ ਮਾਤਰਾਵਾਂ ਅਤੇ ਸ਼ਬਦਾਂ ਦੀ ਗਿਣਤੀ।( ਲਿਖਾਵਟ ਵਿੱਚ ਇੱਕ ਕਾਵਿ ਰੂਪ ਤੋਂ ਦੂਸਰੇ ਦਾ ਨਿਖੇੜ ਇਵੇਂ ਹੀ ਹੋ ਸਕਦਾ ਹੈ)
3 ਵਰਤੇ ਗਏ ਰਾਗਾਂ ,ਉਪਰਾਗਾਂ ਦੇ ਲਿਖਣ ਵਿਧਾਨ ਅਨੁਸਾਰ ਲਗ ਮਾਤਰਾਵਾਂ ਅਤੇ ਸ਼ਬਦਾਂ ਦੀ ਗਿਣਤੀ ਕਰਕੇ( ਲਿਖਾਵਟ ਵਿੱਚ ਇੱਕ ਰਾਗ ਤੋਂ ਦੂਸਰੇ ਦਾ ਨਿਖੇੜ ਇਵੇਂ ਹੀ ਹੋ ਸਕਦਾ ਹੈ )
4 ਵਿਆਕਰਣਿਕ ਚਿੰਨ੍ਹਾਂ ਦੇ ਤੌਰ ਤੇ ਵਰਤੋਂ। ਇਸ ਮਕਸਦ ਲਈ ਡਾਕਟਰ ਸਾਹਿਬ ਸਿੰਘ ਜੀ ਦੀ ਗੁਰਬਾਣੀ ਵਿਆਕਰਨ ਵਾਚ ਸਕਦੇ ਹਾਂ। ਜੋਗਿੰਦਰ ਸਿੰਘ ਵੇਦਾਂਤੀ ਜੀ ਅਤੇ ਹੋਰ ਕਈ ਵਿਦਵਾਨਾਂ ਦਾ ਵੀ ਇਸ ਪੱਖ ਤੋਂ ਕੰਮ ਮਿਲਦਾ ਹੈ.
ਗਿਆਨੀ ਸਾਹਿਬ ਸਿੰਘ ਮਾਰਕੰਡਾ ਦੀ ਵਿਆਕਰਨਿਕ ਨੁਕਤੇ ਤੋਂ ਉਚਾਰਨ ਭੇਦ ਉਜਾਗਰ ਕਰਦੀ ਗੁਰਬਾਣੀ ਦੀ ਵਿਆਖਿਆ ਉਪਲਬਧ ਹੈ. ਵਿਆਕਰਨ ਬਾਰੇ ਹੋਰ ਵੀ ਕਈ ਸੱਜਣ ਅੱਜ ਕੱਲ ਸੋਸ਼ਲ ਮੀਡੀਆ ‘ਤੇ ਵੀ ਬਣਦੀ ਸਰਦੀ ਕੋਸ਼ਿਸ਼ ਕਰ ਰਹੇ ਹਨ।
5 ਆਖਰੀ ਪੰਜਵਾਂ ਕਾਰਨ ਇਹ ਕਿ ਗੁਰੂ ਕਾਲ ਵਿੱਚ ਲਿੱਪੀ ਆਪਣੇ ਮੁਢਲੇ ਦੌਰ ਵਿੱਚ ਹੈ। ਬਹੁਤ ਸ਼ਬਦ ਅਜਿਹੇ ਹੋ ਸਕਦੇ ਹਨ ਜਿਨਾਂ ਨੇ ਅਜੇ ਆਪਣਾ ਇੱਕ ਰੂਪ ਅਖਤਿਆਰ ਨਹੀਂ ਕੀਤਾ ਇਸਨੂੰ ਆਪਾਂ ਸੋ ਦਰ ਦੇ ਹੀ ਤੀਸਰੇ ਪਾਠ ਵਿੱਚੋਂ ਵੇਖ ਸਕਦੇ ਹਾਂ ਜੋ ਕਿ ਰਾਗ ਆਸਾ ਵਿੱਚ ਦਰਜ ਹੈ। ਦੋ ਜਗਾ ਰਾਗ ਵਿੱਚ ਹੀ ਦਰਜ ਇਹ ਪਾਠ ਭਿੰਨਤਾਵਾਂ ਰੱਖਦਾ ਹੈ। ਹੋਰ ਬਾਣੀ ਦੇ ਸਿਰਲੇਖ ਵੇਖੇ ਜਾ ਸਕਦੇ ਹਨ ਜਿਵੇਂ ਰਾਗ ਗਉੜੀ ,ਗਾਉੜੀ ਗੌੜੀ। ਧਨਾਸਰੀ ਧਨਾਸਿਰੀ ਭੇਦਾਂ ਨਾਲ ਲਿਖੇ ਮਿਲਦੇ ਹਨ। ਉਪਰੋਕਤ ਵਿਚਾਰ ਅਨੁਸਾਰ ਆਪਾਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਗੁਰਬਾਣੀ ਵਿੱਚ ਉਚਾਰਨ ਕਰਦੇ ਸਮੇਂ ਸਿਰਫ ਮੂਲ ਮਾਤਰਾਵਾਂ ਹੀ ਉਚਾਰਨ ਹੋਣਗੀਆਂ ਹੋਰ ਸੰਕੇਤਾਂ ਦੇ ਤੌਰ ਤੇ ਆਈਆਂ ਮਾਤਰਾਵਾਂ ਉਚਾਰਨ ਨਹੀਂ ਹੋਣਗੀਆਂ। ਗੁਰਬਾਣੀ ਦਾ ਇਹ ਚਲਣ ਹੋਰ ਪ੍ਰਾਚੀਨ ਲਿਪੀਆਂ ਜਿਵੇਂ ਕਿ ਰੋਮਨ ਵਿੱਚ ਵੀ ਹੈ। ਜਿੱਥੇ ਕਈ ਵਾਰੀ ਅੱਖਰ ਅਤੇ ਵੌਵਲ (ਸਵਰ ਧੁਨੀ ਅੱਖਰ) ਉਚਾਰਨ ਨਹੀਂ ਹੁੰਦੇ ਪਰ ਲਿਖਾਵਟ ਵਿੱਚ ਰਹਿੰਦੇ ਹਨ।
ਗੁਰਬਾਣੀ ਵਿੱਚ ਕਿੰਨੀਆਂ ਹੀ ਬੋਲੀਆਂ ਦੇ ਸ਼ਬਦ ਵਰਤੇ ਗਏ ਹਨ. ਉਨਾਂ ਦੇ ਸਹੀ ਉਚਾਰਨ ਨੂੰ ਸਮਝਣ ਲਈ ਮੂਲ ਬੋਲੀਆਂ ਵਿੱਚ ਉਹਨਾਂ ਦਾ ਪ੍ਰਚਲਨ ਵੇਖਣਾ ਪਵੇਗਾ. ਇੱਥੇ ਇੱਕ ਨੁਕਤਾ ਹੋਰ ਵੀ ਵਿਚਾਰਨਯੋਗ ਹੈ ਕਿ ਦੂਸਰੀਆਂ ਬੋਲੀਆਂ ਦੇ ਸ਼ਬਦ ਇੱਕ ਨਵੀਂ ਨਿਰਮਿਤ ਹੋ ਰਹੀ ਲਿੱਪੀ ਗੁਰਮੁਖੀ ਵਿੱਚ ਲਿਖੇ ਜਾ ਰਹੇ ਹਨ. ਜੇ ਕਿਸੇ ਲਿੱਪੀ ਵਿੱਚ ਬਾਹਰੋਂ ਆ ਰਹੇ ਕਿਸੇ ਸ਼ਬਦ ਨੂੰ ਸਹੀ ਲਿਖਣ ਲਈ ਕੋਈ ਚਿੰਨ੍ਹ ਅਜੇ ਮੌਜੂਦ ਨਹੀਂ ਤਾਂ ਇਸਦਾ ਭਾਵ ਇਹ ਨਹੀਂ ਕਿ ਉਸਦਾ ਉਚਾਰਨ ਅਸ਼ੁੱਧ ਕੀਤਾ ਜਾਏਗਾ. ਇਹ ਨੁਕਤਾ ਮੈਂ ਵਿਸ਼ੇਸ਼ ਕਰਕੇ ਪੈਰ ਦੀਆਂ ਬਿੰਦੀਆਂ ਲਈ ਅੰਕਿਤ ਕਰ ਰਿਹਾ ਹਾਂ. ਇਸ ਨੁਕਤੇ ਦੇ ਪੱਖ ਵਿੱਚ ਇਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਕਿ ਲਿੱਪੀ ਨੇ ਆਪਣੇ ਅਗਲੇਰੇ ਵਿਕਾਸ ਵਿੱਚ ਬਿੰਦੀਆਂ ਦੀ ਲਿਖਾਵਟ ਨੂੰ ਅਪਣਾ ਵੀ ਲਿਆ ਹੈ। ਸੋ ਸਾਨੂੰ ਪੈਰ ਬਿੰਦੀ ਵਾਲੇ ਸ਼ਬਦਾਂ ਦਾ ਸਹੀ ਉਚਾਰਨ ਬਿੰਦੀ ਲਾ ਕੇ ਕਰਨਾ ਚਾਹੀਦਾ ਹੈ। ਪਰ ਲਿਖਾਵਟ ਵਿੱਚ ਛੇੜਛਾੜ ਨਹੀਂ ਕਰਨੀ ਚਾਹੀਦੀ.
ਇੱਥੇ ਇੱਕ ਹੋਰ ਨੁਕਤਾ ਵੀ ਧਿਆਨ ਖਿੱਚਦਾ ਹੈ ਕਿ ਗੁਰਬਾਣੀ ਦੇ ਪਾਠ ਦਾ ਸਰੋਤਾ ਜੋ ਕਿ ਗੁਰਬਾਣੀ ਦੇ ਦਰਸ਼ਨ ਨਹੀਂ ਕਰ ਰਿਹਾ ਸਿਰਫ ਸੁਣ ਰਿਹਾ ਹੈ, ਸ਼ਬਦਾਂ ਦਾ ਭਾਵ ਬੋਧ ਉਚਾਰਨ ਦੇ ਸਹੀ ਜਾਂ ਗਲਤ ਹੋਣ ਵਿੱਚੋਂ ਹੀ ਗ੍ਰਹਿਣ ਕਰੇਗਾ. ਇਸ ਲਈ ਉਹ ਉਚਾਰਨ ਹੀ ਸਹੀ ਹੈ ਜੋ ਸਰੋਤੇ ਲਈ ਅਰਥ ਸਪਸ਼ਟ ਕਰ ਰਿਹਾ ਹੋਵੇ.
ਇੱਕ ਨੁਕਤਾ ਹੋਰ ਵੀ ਧਿਆਨ ਦੀ ਮੰਗ ਕਰਦਾ ਹੈ ਕਿ ਆਪਾਂ ਅੱਜ ਵੀ ਹੱਥ ਨਾਲ ਕੁਝ ਲਿਖਦੇ ਹਾਂ ਜਾਂ ਕਿਸੇ ਹੋਰ ਮਸ਼ੀਨੀ, ਡਿਜੀਟਲ ਸਾਧਨ ਨਾਲ ਟਾਈਪ ਕਰਦੇ ਹਾਂ ਸਾਡੇ ਕੋਲੋਂ ਲਿਖਾਵਟ ਵਿੱਚ ਅਕਸਰ ਹੀ ਉਕਾਈਆਂ ਹੁੰਦੀਆਂ ਹਨ ਜੋ ਅਸੀਂ ਮੁੜ ਪੜ੍ਹ ਕੇ ਸੋਧਦੇ ਹਾਂ. ਹੁਣ ਇੱਥੇ ਇਹ ਸਮਝਣ ਯੋਗ ਹੈ ਕਿ ਗੁਰਬਾਣੀ ਦੇ ਲਿਖਾਰੀ ਕਾਗਜ ਉੱਤੇ ਸਿਆਹੀ ਨਾਲ ਕਲਮ ਦੁਆਰਾ ਲਿਖ ਰਹੇ ਹਨ ਕੀ ਕਾਗਜ ਉੱਤੇ ਸਿਆਹੀ ਨਾਲ ਲਿਖੇ ਕਿਸੇ ਗਲਤ ਸ਼ਬਦ ਦੀ ਸੋਧ ਸੰਭਵ ਹੈ? ਮੈਨੂੰ ਲੱਗਦਾ ਹੈ ਕਿ ਇਹ ਸੰਭਵ ਨਹੀਂ. ਬੇਸ਼ੱਕ ਕਿੰਨਾ ਹੀ ਧਿਆਨ ਰੱਖਿਆ ਗਿਆ ਹੋਵੇ ਪਰ ਲੱਗਦਾ ਹੈ ਫਿਰ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਵੀ ਕੁਝ ਸ਼ਬਦਾਂ ਦੀ ਉਕਾਈ ਹੋ ਸਕਦੀ ਹੈ.ਪ੍ਰਮਾਣ ਲਈ ਮੈਂ ਜਪੁਜੀ ਸਾਹਿਬ ਵਿੱਚ ਆਏ ਦੋ ਸ਼ਬਦਾਂ ਨੂੰ ਇਸ ਤਰੀਕੇ ਦੇ ਸਮਝਦਾ ਹਾਂ.ਇੱਕ ਹੈ ਸਾਬੂਨ ਦੂਜਾ ਅਸਲੂ, ਅਜੋਕੀ ਪੰਜਾਬੀ ਦਾ ਸਾਬਣ ਸ਼ਬਦ ਇਸਦੀ ਮੂਲ ਨਿਕਾਸੀ ਭਾਸ਼ਾ ਹਿੰਦੀ ਦਾ ਦੇਵਨਾਗਰੀ ਲਿੱਪੀ ਵਿੱਚ ਅੱਜ ਵੀ ਸਾਬੁਨ, ਛੋਟੇ ਉ ਦੀ ਮਾਤਰਾ ਨਾਲ ਲਿਖਿਆ ਜਾਂਦਾ ਹੈ. ਇਸੇ ਤਰ੍ਹਾਂ ਅਸਲੂ ਸ਼ਬਦ ਵੀ ਦਰਅਸਲ ਔਂਕੜ ਨਾਲ ਹੈ। ਜੋ ਕਿ ਇੱਥੇ ਬਦਲਵੀ ਮਾਤਰਾ ਦੇ ਰੂਪ ਵਿੱਚ ਆਇਆ ਹੈ, ਜੋ ਉਚਾਰਨ ਵਿੱਚ ਹੋੜਾ ਬਣ ਜਾਏਗਾ ਅਤੇ ਨਾਲ ਬਿੰਦੀ ਵੀ ਉਚਾਰਨ ਹੋਏਗੀ। ਅਸਲੋਂ ਇਕ ਧਾਤ.
ਹੁਣ ਆਪਾਂ ਸੰਖੇਪ ਵਿੱਚ ਦਿੱਤੇ ਇਹਨਾਂ ਨੁਕਤਿਆਂ ਦੀ ਹੀ ਕੁਝ ਇੱਕ ਉਦਾਹਰਨਾਂ ਸਹਿਤ ਗੱਲ ਕਰਦੇ ਹਾਂ.
ਇਸ ਸੰਦਰਭ ਵਿੱਚ ਇੱਕ ਅਹਿਮ ਨੁਕਤਾ ਜੋ ਸਾਹਮਣੇ ਆਉਂਦਾ ਹੈ, ਉਹ ਇਹ ਹੈ ਕਿ ਜਪੁ ਜੀ ਸਾਹਿਬ ਦੀ ਬਾਣੀ ਰਾਗ ਮੁਕਤ ਬਾਣੀ ਹੈ. ਇਸ ਬਾਣੀ ਵਿੱਚ ਵਰਤੀਆਂ ਗਈਆਂ ਮਾਤਰਾਵਾਂ ਮੂਲ ਮਾਤਰਾਵਾਂ + ਪਉੜੀ ਅਤੇ ਸਲੋਕ ਕਾਵਿ ਰੂਪ ਦੀ ਚਾਲ ਨੂੰ ਪੂਰਾ ਕਰਨ ਲਈ ਵਰਤੀਆਂ ਮਾਤਰਾਵਾਂ + ਵਿਆਕਰਨਿਕ ਸੰਕੇਤਾਂ ਦੇ ਤੌਰ ਤੇ ਵਰਤੀਆਂ ਗਈਆਂ ਮਾਤਰਾਵਾਂ ਹਨ.
ਸੋ ਦਰ ਦੀ ਪਉੜੀ ਦਾ ਦੂਸਰਾ ਪਾਠ ਜੋ ਆਦਿ ਬੀੜ ਦੇ ਅੰਦਰ ਜਪੁ ਜੀ ਦੀ ਬਾਣੀ ਤੋਂ ਬਿਲਕੁਲ ਅੱਗੇ ਮਿਲਦਾ ਹੈ ਮਾਤਰਾਵਾਂ ਸ਼ਬਦਾਂ ਦੀ ਗਿਣਤੀ ਅਤੇ ਸਰੂਪ ਦੇ ਵੱਡੇ ਅੰਤਰ ਨਾਲ ਮਿਲਦਾ ਹੈ. ਅਜਿਹਾ ਹੋਣ ਦਾ ਮੁੱਖ ਕਾਰਨ ਇਹ ਲੱਗਦਾ ਹੈ ਕਿ ਹੁਣ ਇਹ ਪਉੜੀ ਰਾਗ ਆਸਾ ਦੇ ਲਿਖਣ ਵਿਧਾਨ ਅਨੁਸਾਰ ਲਿਖੀ ਗਈ ਹੈ। ਭਾਵ ਮੂਲ ਮਾਤਰਾਵਾਂ + ਪਉੜੀ ਕਾਵਿ ਰੂਪ ਮਾਤਰਾਵਾਂ + ਵਿਆਕਰਨਿਕ ਸੰਕੇਤਕ ਮਾਤਰਾਵਾਂ ਤੋਂ ਅੱਗੇ ਜੋ ਵੀ ਵਾਧਾ ਹੈ, ਉਸਦਾ ਵੱਡਾ ਹਿੱਸਾ ਰਾਗ ਆਸਾ ਦੇ ਲਿਖਣ ਵਿਧਾਨ ਦੀ ਮੰਗ ਕਰਕੇ ਹੈ. ਇੱਥੇ ਦਲੀਲ ਇਹ ਹੈ ਕਿ ਜਿਵੇਂ ਗਾਇਨ ਕਰਨ ਵਿੱਚ ਰਾਗ ਤੋਂ ਰਾਗ ਦਾ ਨਿਖੇੜ ਸੁਰਾਂ ਕਰਦੀਆਂ ਹਨ ਉਸੇ ਤਰਾਂ ਰਾਗ ਅਨੁਸਾਰ ਲਿਖਣ ਦਾ ਨਿਖੇੜ ਮਾਤਰਾਵਾਂ ਅਤੇ ਸ਼ਬਦਾਂ ਦੀ ਗਿਣਤੀ ਨਾਲ ਹੀ ਹੋਵੇਗਾ. ਰਾਗ ਅਨੁਸਾਰ ਕਾਵਿ ਰਚਨ ਦਾ ਜਾਂ ਕਹੀਏ ਲਿਖਣ ਦਾ ਵਿਧਾਨ ਵੀ ਗੁਰਬਾਣੀ ਵਿੱਚੋਂ ਲੱਭਿਆ ਜਾ ਸਕਦਾ ਹੈ. ਜਿਵੇਂ ਕਿ ਵਿਆਕਰਨ ਦੇ ਮਾਹਰਾਂ ਨੇ ਗੁਰਬਾਣੀ ਵਿੱਚ ਵਿਆਕਰਨਿਕ ਸੰਕੇਤਾਂ ਦੇ ਤੌਰ ਤੇ ਵਰਤੀਆਂ ਗਈਆਂ ਲਗ ਮਾਤਰਾਵਾਂ ਲੱਭੀਆਂ ਹਨ.
ਕਈਆਂ ਰਾਗਾਂ ਦੇ ਅੱਗੋਂ ਹੋਰ ਰਾਗ ਰੂਪ ਭੇਦ ਵੀ ਮਿਲਦੇ ਹਨ ਜਿਵੇਂ ਗਾਉੜੀ, ਗਉੜੀ ਗੁਆਰੇਰੀ, ਗਉੜੀ ਪੂਰਬੀ, ਗਉੜੀ ਦੀਪਕੀ, ਗਉੜੀ ਬੈਰਾਗਣ, ਗਉੜੀ ਮਾਝ, ਗਉੜੀ ਚੇਤੀ, ਗਉੜੀ ਮਾਲਾ, ਗਉੜੀ ਮਾਲਵਾ, ਰਾਮਕਲੀ, ਰਾਮਕਲੀ ਦੱਖਣੀ ਆਦਿ. ਇੱਥੇ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਇੱਕ ਰਾਗ ਵਿੱਚ ਹੀ ਰਾਗ ਦੇ ਹੋਰ ਭੇਦ ਰੂਪਾਂ ਦੇ ਗਾਇਨ ਅਤੇ ਲਿਖਣ ਭੇਦਾਂ ਨੂੰ ਵੀ ਸਮਝਣਾ ਹੋਏਗਾ. ਇੱਥੇ ਵੀ ਗਾਇਨ ਵਿੱਚ ਸੁਰਾਂ ਅਤੇ ਲਿਖਣ ਵਿੱਚ ਸ਼ਬਦਾਂ ਦੀ ਗਿਣਤੀ ਅਤੇ ਮਾਤਰਾ ਦਾ ਹੀ ਕੋਈ ਫਰਕ ਲੱਭੇਗਾ ਜਿਸ ਨਾਲ ਵਖਰੇਵਾਂ ਦਰਸਾਇਆ ਜਾ ਸਕਦਾ ਹੋਵੇ.
ਜਿਵੇਂ ਕਿ ਆਪਾਂ ਉੱਪਰ ਸੰਖੇਪ ਜ਼ਿਕਰ ਕਰਕੇ ਵੀ ਆਏ ਹਾਂ ਕਿ ਗੁਰੂ ਕਾਲ ਵਿੱਚ ਗੁਰਮੁਖੀ ਲਿੱਪੀ ਆਪਣੇ ਮੁਢਲੇ ਦੌਰ ਵਿੱਚ ਹੈ ਜਿਸ ਕਾਲ ਵਿੱਚ ਸ਼ਬਦਾਂ ਦੇ ਕਈ ਰੂਪ ਪ੍ਰਚੱਲਤ ਹਨ, ਬਾਣੀਕਾਰ ਅਲੱਗ ਅਲੱਗ ਇਲਾਕਿਆਂ ਵਿੱਚ ਵੀ ਵਿਚਰੇ ਹਨ. ਇਸ ਤਰ੍ਹਾਂ ਇਲਾਕਾਈ ਸ਼ਬਦ ਉਚਾਰਨ ਆਪਣੇ ਮੂਲ ਰੂਪ ਵਿੱਚ ਹੀ ਆਇਆ ਹੈ। ਅੱਜ ਵੀ ਕਈ ਇਲਾਕਿਆਂ ਦੇ ਲੋਕ ਕਨੌੜੇ ਦਾ, ਪੈਰ ਦੀ ਬਿੰਦੀ ਦਾ ਸਹੀ ਉਚਾਰਨ ਨਹੀਂ ਕਰ ਸਕਦੇ. ਗੁਰਬਾਣੀ ਵਿੱਚ ਵਰਤੀ ਗਈ ਦੁਲਾਂਵ ਅੱਜ ਉਨੀ ਨਹੀਂ ਵਰਤੀ ਜਾਂਦੀ ਵੇਖਦੇ ਹਾਂ ਕਿ ਅਸੀਂ ਹੁਣ ਤੱਕ ਸਿਹਾਰੀ ਬਿਹਾਰੀ ਦੇ ਉਚਾਰਨ ਦੇ ਸਹੀ ਅਭਿਆਸੀ ਨਹੀਂ ਹੋ ਸਕੇ ਹਾਂ ਨਮੂਨਾ ਮਾਤਰ ਕੁਝ ਸ਼ਬਦ ਹਨ ਜੋ ਸਿਹਾਰੀ ਬਿਹਾਰੀ ਦੋਵੇਂ ਮਾਤਰਾਵਾਂ ਨਾਲ ਲਿਖੇ ਮਿਲਦੇ ਹਨ ਜਿਵੇਂ ਦਾਮਨੀ ਦਾਮਨਿ, ਕਾਮਣੀ ਕਾਮਣਿ, ਜਨਨੀ ਜਨਨਿ ਭਗਤੀ ਭਗਤਿ ਸਕਤੀ ਸਕਤਿ, ਦਰਿਆਉ ਦਰੀਆਉ ਆਦਿ.
ਗੁਰਬਾਣੀ ਦੀ ਭਾਸ਼ਾ ਕਈਆਂ ਭਾਸ਼ਾਵਾਂ ਦਾ ਮਿਲਵਾਂ ਰੂਪ ਹੈ. ਇੱਕ ਬੋਲੀ ਤੋਂ ਦੂਜੀ ਬੋਲੀ ਵਿੱਚ ਜਾ ਰਹੇ ਸਮੇਂ ਦੇ ਸ਼ਬਦ ਕਈ ਰੂਪ ਰੱਖਦੇ ਮਿਲਦੇ ਹਨ. ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜਿਆਦਾ ਕਰਕੇ ਵਿਆਕਰਨਿਕ ਸੰਕੇਤ ਦੇ ਤੌਰ ਤੇ ਵਰਤੀ ਗਈ ਸ਼ਬਦਾਂਤਿਕ ਸਿਹਾਰੀ ਅਤੇ ਔਕੜ ਦਾ ਉਚਾਰਨ ਨਹੀਂ ਹੁੰਦਾ. ਇਹ ਸਿਰਫ ਸੰਕੇਤ ਮਾਤਰ ਹਨ. ਪਰ ਅਣਜਾਣੇ ਹੀ ਬਾਣੀ ਦੇ ਪਾਠ ਵਿੱਚ ਕਿੰਨੀਆਂ ਹੀ ਅਜਿਹੀਆਂ ਮਾਤਰਾਵਾਂ ਦਾ ਪਾਠ ਪ੍ਰਚਲਤ ਹੋ ਗਿਆ ਹੈ ਜਿਵੇਂ ਪਾਤਸਾਹੁ ਨੂੰ ਪਾਤਸਾਹੋ ਵਿਸਾਹੁ ਨੂੰ ਵਿਸਾਹੋ, ਰਾਹੁ ਨੂੰ ਰਾਹੋ,ਮਾਹੁ ਨੂੰ ਮਾਹੋ. ਇਸੇ ਤਰ੍ਹਾਂ ਕਈ ਸ਼ਬਦਾੰਤਿਕ ਮਾਤਰਾਵਾਂ ਜਿਨ੍ਹਾਂ ਦਾ ਉਚਾਰਨ ਹੋਣਾ ਚਾਹੀਦਾ ਸੀ, ਛੱਡਣ ਵਾਲੀਆਂ ਮਾਤਰਾਵਾਂ ਵਾਂਗ ਛੱਡ ਹੀ ਦਿੱਤੀਆਂ ਜਾਂਦੀਆਂ ਹਨ. ਜਿਵੇਂ ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬਿਅੰਤਾ ਇੱਥੇ ਸ਼ਬਦ ਭਗਤੀ ਦੀ ਸਿਹਾਰੀ ਦਾ ਉਚਾਰਨ ਸ਼ਬਦ ਦੀ ਮੂਲ ਮਾਤਰਾ ਦੇ ਤੌਰ ਤੇ ਹੋਵੇਗਾ. ਸ਼ਬਦ ਭਗਤੀ ਦੇ ਨਾਲ ਆਇਆ ਸਬੰਧਕ ਸ਼ਬਦ ਤੇਰੀ ਵੀ ਇਹੋ ਦਰਸਾਉਂਦਾ ਹੈ ਕਿ ਅੱਗੇ ਸ਼ਬਦ ਭਗਤ ਨਹੀਂ ਭਗਤੀ ਹੈ ਜਿਸ ਦੀ ਲਿਖਾਵਟ ਸਿਹਾਰੀ ਨਾਲ ਹੈ ਤੇ ਸਿਹਾਰੀ ਜੁਗਤ ਹੀ ਉਚਾਰਨ ਹੋਵੇਗਾ. ਪੰਕਤੀ ਦਾ ਭਾਵ ਬੋਧ ਵੀ ਉਚਾਰਨ ਨੂੰ ਸਪਸ਼ਟ ਕਰ ਰਿਹਾ ਹੈ ਕਿ ਭਗਤ ਭਗਤੀ ਨੂੰ ਭੰਡਾਰਨ ਕਰ ਸਕਦਾ ਹੈ ਅਤੇ ਜਾਚਕ ਹੋ ਕੇ ਭਗਤੀ ਦੇ ਈਸ਼ਵਰੀ ਅਖੁਟ ਭੰਡਾਰੇ ਵਿੱਚੋਂ ਹਾਸਿਲ ਵੀ ਕਰ ਸਕਦਾ ਹੈ. ਪਰ ਭੰਡਾਰੇ ਵਿੱਚ ਵਿਅਕਤੀ ਭਗਤ ਭੰਡਾਰਨ ਨਹੀਂ ਕੀਤੇ ਜਾਂਦੇ. ਇਸੇ ਸ਼ਬਦ ਨਾਲ ਸਬੰਧਿਤ ਹੋਰ ਮਿਸਾਲਾਂ ਹਨ:
” ਭਗਤਿ ਵਛਲ ਭਗਤਿ ਕਰਾਏ ਸੋਇ
ਸਚੀ ਭਗਤਿ ਵਿਚਹੁ ਆਪ ਖੋਇ ” ਅੰਕ 149
ਇੱਥੇ ਉਚਾਰਨ ਕਰਦਿਆਂ ਭਗਤ ਅਤੇ ਭਗਤੀ ‘ਚ ਨਿਖੇੜ ਕਰਨਾ ਹੋਏਗਾ. ਪੰਕਤੀ ਵਿੱਚ ਆਇਆ ਸਮਾਨ ਮਾਤਰਾਵਾਂ ਵਾਲਾ ਸ਼ਬਦ ‘ ਭਗਤਿ ‘ ਪਹਿਲੀ ਵਾਰ ਵਿਅਕਤੀ ਭਗਤ ਅਤੇ ਦੂਜੀ ਵਾਰ ਸਾਧਨਾ ਭਗਤੀ ਲਈ ਆਇਆ ਹੈ. ਇਸੇ ਤਰ੍ਹਾਂ
” ਮਾਤ ਪਿਤਾ ਸੁਆਮਿ ਸਜਣੁ ਸਭ ਜਗਤ ਬਾਲ ਗੋਪਾਲ ” ਅੰਕ 578
ਇਸ ਪੰਕਤੀ ਵਿੱਚ ਆਇਆ ਸ਼ਬਦ ਸੁਆਮਿ ਸਿਹਾਰੀ ਦੀ ਮਾਤਰਾ ਸਮੇਤ ਹੀ ਬੋਲਿਆ ਜਾਏਗਾ। ਜੇ ਉਚਾਰਨ ਸੁਆਮ ਕਰਦੇ ਹਾਂ ਤਾਂ ਇਸਦਾ ਕੋਈ ਅਰਥ ਹੀ ਨਹੀਂ ਬਣਦਾ.
ਇਸੇ ਤਰ੍ਹਾਂ ” ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ” ਅੰਕ 725 ਇੱਥੇ ਉਚਾਰਨ ਕਾਮਣ ਕਾਮਣ ਨਹੀਂ ਹੋ ਸਕਦਾ ਦੂਜੀ ਵਾਰ ਕਾਮਣਿ ਸ਼ਬਦ ਦੀ ਸਿਹਾਰੀ ਉਚਾਰੀ ਜਾਏਗੀ.
” ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ
ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ “ਅੰਕ 360
ਪਾਠ ਵਿੱਚ ਉਚਾਰਨ ਭਰਥਰ ਨਹੀਂ ਹੋ ਸਕਦਾ ਇਹ ਜੋਗੀ ਵਿਅਕਤੀ ਦਾ ਨਾਂ (ਨਾਂਵ) ਹੈ ਜਿਸਦਾ ਉਚਾਰਨ ਸਿਹਾਰੀ ਦੀ ਮਾਤਰਾ ਨਾਲ ਹੀ ਸ਼ੁੱਧ ਹੋਵੇਗਾ.
” ਭਗਤੁ ਬੇਣਿ ਗੁਣ ਰਵੈ ਸਹਿਜ ਆਤਮ ਰੰਗ ਮਾਣੈ ” ਅੰਕ 1390 ਇੱਥੇ ਵੀ ਉਚਾਰਨ ਬੇਣ ਨਹੀਂ ਹੋ ਸਕਦਾ ਇਸ ਸ਼ਬਦ ਵਿੱਚ ਵੀ ਬੇਣਿ ਭਗਤ ਜੀ ਦਾ ਨਾਂ ਹੈ. ਇਸੇ ਸ਼ਬਦ ਵਿੱਚ ਗੋਤਮ ਰਿਖਿ ਆਇਆ ਸ਼ਬਦ ਗੌਤਮ ਰਿਖ ਨਹੀ ਉਚਾਰਿਆ ਜਾ ਸਕਦਾ.
” ਹਮ ਵਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ” ਅੰਕ 974
” ਕਬਿ ਜਨ ਜੋਗੀ ਜਟਾਧਾਰਿ ਸਭ ਆਪਨ ਅਉਸਰ ਚਲੇ ਸਾਰਿ ” ਅੰਕ 1194
” ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗੈ
ਤਿਨੁ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸ ” ਅੰਕ 1406
ਉਪਰੋਕਤ ਆਏ ਸ਼ਬਦ ਕਵਿ, ਕਬਿ ਦੀ ਸਿਹਾਰੀ ਦਾ ਉਚਾਰਨ ਹੋਵੇਗਾ. ਨਹੀਂ ਤਾਂ ਪੰਕਤੀ ਵਿੱਚ ਕਵ ਸ਼ਬਦ ਦਾ ਕੋਈ ਅਰਥ ਹੀ ਨਹੀਂ ਬਣਦਾ. ਸਗੋਂ ਹੋ ਇਹ ਵੀ ਸਕਦਾ ਹੈ ਕਿ ਸੁਣਨ ਵਾਲੇ ਲਈ ਕਬ ਸ਼ਬਦ ਪੰਕਤੀ ਦੇ ਅਰਥ ਹੀ ਉਲਟਾ ਦੇਵੇ. ਅਜੋਕੀ ਭਾਸ਼ਾ ਵਿੱਚ ਇਹ ਸਾਰੇ ਸ਼ਬਦ ਬਿਹਾਰੀ ਵਾਲੇ ਹੋ ਗਏ ਹਨ. ਪਰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਜਿਨ੍ਹਾਂ ਬੋਲੀਆਂ ਵਿੱਚੋਂ ਇਹ ਸ਼ਬਦ ਆਏ ਹਨ ਉੱਥੇ ਇਹਨਾਂ ਦਾ ਉਚਾਰਨ ਹੁਣ ਵੀ ਸਿਹਾਰੀ ਭਾਵ ਛੋਟੀ ਈ ਨਾਲ ਹੈ. ਗੁਰਬਾਣੀ ਪਾਠ ਵਿੱਚ ਇਸ ਦੇ ਬੋਲਣ ਦਾ ਅਭਿਆਸ ਕੋਸ਼ਿਸ਼ ਨਾਲ ਕਰਨਾ ਚਾਹੀਦਾ ਹੈ.
ਦੂਸਰਾ ਗੁਰਬਾਣੀ ਵਿੱਚ ਸ਼ਬਦਾਂਤਿਕ ਸਿਹਾਰੀ ਅਤੇ ਔਕੜ ਬਦਲਵੀ ਮਾਤਰਾ ਲਾਂਵ ਅਤੇ ਹੋੜੇ ਲਈ ਵਰਤੇ ਮਿਲਦੇ ਹਨ. ਜਿਵੇਂ ਸਿਹਾਰੀ ਲਾਂਵ ਦੀ ਥਾਂ ਬਿਨਤੀ ਹੋਇ ਕੋਇ ਜਾਇ ਸਮਾਇ ਮਾਇ ਨਾਇ ਪਾਹਿ ਜਾਣਾਹਿ ਮੋਹਿ ਤਿੰਨਹਿ ਭਾਇ ਸਿ ਕਿ ਜਿ ਆਦਿ. ਇਸੇ ਤਰ੍ਹਾਂ ਹੋੜੇ ਦੀ ਥਾਂ ਔਕੜ ਵਰਤਿਆ ਗਿਆ ਹੈ ਆਵਹੁ ਗਾਵਹੁ ਸੁਣਹੁ ਵਿਟਹੁ ਸਿਵਰਿਹੁ ਬਿਹਾਝਹੁ ਪਾਵਹੁ ਨਾਉ ਜਾਉ ਜੀਉ ਆਦਿ. ਇੱਥੇ ਹੁਣ ਹੁੰਦਾ ਕੀ ਹੈ ਕਿ ਬਾਣੀ ਦੇ ਬਹੁਤੇ ਪਾਠੀਆਂ ਕੋਲੋਂ ਬਦਲਵੇ ਰੂਪ ਵਿੱਚ ਬੋਲੀਆਂ ਜਾਣ ਵਾਲੀਆਂ ਇਹ ਮਾਤਰਾਵਾਂ ਕਿਤੇ ਛੱਡਣ ਵਾਲੀਆਂ ਸਮਝ ਕੇ ਛੱਡ ਦਿੱਤੀਆਂ ਜਾਂਦੀਆਂ ਹਨ ਅਤੇ ਕਿਤੇ ਹੋਰ ਛੱਡਣ ਵਾਲੀਆਂ ਨੂੰ ਬੋਲਣ ਵਾਲੀਆਂ ਸਮਝ ਕੇ ਬੋਲ ਦਿੱਤਾ ਜਾਂਦਾ ਹੈ. ਜਿਸ ਨਾਲ ਸੰਬੰਧਿਤ ਪੰਕਤੀ ਵਿੱਚ ਇਹਨਾਂ ਸ਼ਬਦਾਂ ਦੇ ਅਰਥ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ. ਕਿਤੇ ਅਸਪਸ਼ਟ ਹੋ ਜਾਂਦੇ ਹਨ ਕਿਤੇ ਅਨਰਥ ਹੋ ਜਾਂਦੇ ਹਨ.
ਇਸ ਸੰਦਰਭ ਵਿੱਚ ਇੱਕ ਹੋਰ ਅਹਿਮ ਨੁਕਤਾ ਇਹ ਵੀ ਹੈ ਕਿ ਬਾਣੀ ਦਾ ਪਾਠ ਕਰ ਰਿਹਾ ਪਾਠੀ ਬਾਣੀ ਦਾ ਦਰਸ਼ਕ ਵੀ ਹੈ. ਉਹ ਆਪਣੇ ਲਈ ਤਾਂ ਸਮਝ ਸਕਦਾ ਹੈ ਕਿ ਕਿਸ ਸ਼ਬਦ ਦੀ ਲਿਖਾਵਟ ਕੀ ਹੈ, ਉਚਾਰਨ ਕੀ ਕਰਨਾ ਹੈ ਅਤੇ ਭਾਵ ਕੀ ਸਮਝਣਾ ਹੈ. ਪਰ ਬਾਣੀ ਸੁਣਨ ਵਾਲੇ ਸਰੋਤੇ ਨੇ ਬਾਣੀ ਦੀ ਪੰਕਤੀ ਦੇ ਜੋ ਅਰਥ ਗ੍ਰਹਿਣ ਕਰਨੇ ਹਨ ਉਹ ਪਾਠੀ ਦੇ ਉਚਾਰਨ ਕੀਤੇ ਸ਼ਬਦਾਂ ਤੋ ਹੀ ਕਰਨੇ ਹਨ। ਸਰੋਤਾ ਕਿਸੇ ਵੀ ਛੱਡੀ ਜਾ ਰਹੀ, ਲਾਈ ਜਾ ਰਹੀ ਜਾਂ ਬਦਲਵੇ ਰੂਪ ਵਿੱਚ ਬੋਲੀ ਜਾ ਰਹੀ ਮਾਤਰਾ ਨੂੰ ਦੇਖ ਨਹੀਂ ਰਿਹਾ। ਇਸ ਲਈ ਜਰੂਰੀ ਹੈ ਕਿ ਪਾਠੀ ਬਾਣੀ ਦਾ ਉਹ ਪਾਠ ਉਚਾਰਨ ਕਰੇ ਜੋ ਸਰੋਤੇ ਲਈ ਵੱਧ ਤੋਂ ਵੱਧ ਅਰਥ ਸਪਸ਼ਟ ਕਰ ਰਿਹਾ ਹੋਵੇ.
ਇੱਥੇ ਇੱਕ ਅਹਿਮ ਨੁਕਤਾ ਇਹ ਵੀ ਲੱਭਦਾ ਹੈ ਕਿ ਗੁਰਬਾਣੀ ਲਿਖਣ ਵੇਲੇ ਰਾਗ ਜਾ ਕਾਵਿ ਰੂਪ ਦੀ ਮੰਗ ਨੂੰ ਲੈ ਕੇ ਜਦੋਂ ਸ਼ਬਦਾਂ ਅਤੇ ਲਗ ਮਾਤਰਾਵਾਂ ਦੀ ਵਰਤੋਂ ਹੋਈ ਹੈ ਤਾਂ ਇਸ ਅਮਲ ਵਿੱਚ ਕਈ ਥਾਈ ਵਰਤੀਆਂ ਗਈਆਂ ਮੂਲ ਸਵਰ ਧੁਨੀਆਂ ਹਟੀਆਂ ਵੀ ਹਨ ਅਤੇ ਕਿਤੇ ਵਾਧੂ ਮਾਤਰਾਵਾਂ ਲੱਗੀਆਂ ਵੀ ਹਨ. ਇਸ ਤਰਾਂ ਬਾਣੀ ਦੇ ਪਾਠੀ ਦੀ ਜਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉਸਨੇ ਆਪਣੇ ਪਾਠ ਦੁਆਰਾ ਬਾਣੀ ਦੇ ਸਰੋਤਿਆਂ ਤੱਕ ਬਾਣੀ ਦੀ ਅੰਤਰੀਵ ਸ਼ੁੱਧਤਾ ਨੂੰ ਕਿਵੇਂ ਲੈ ਕੇ ਜਾਣਾ ਹੈ.
ਰਾਗ ਅਤੇ ਕਾਵਿ ਰੂਪ ਦੀ ਮੰਗ ਨੂੰ ਲੈ ਕੇ ਵਰਤੀ ਗਈ ਅਤੇ ਛੱਡੀ ਗਈ ਨਾਸਕੀ ਧੁਨੀ ਟਿੱਪੀ ਵੀ ਬਹੁਤਾਤ ਵਿੱਚ ਮਿਲਦੀ ਹੈ। ਬੇਸ਼ਕ ਇਸ ਅਮਲ ਲਈ ਹੋਰ ਮਾਤਰਾਵਾਂ ਵੀ ਵਰਤੀਆਂ ਗਈਆਂ ਹਨ। ਜਿਵੇਂ ” ਇਹ ਜਗੋ ਦੁਤਰੁ ਮਨਮੁਖ ਪਾਰਿ ਨ ਪਾਈ ਰਾਮ
ਅੰਤਰੇ ਹਊਮੈ ਮਮਤਾ ਕਾਮੁ ਕ੍ਰੋਧ ਚਤੁਰਾਈ ਰਾਮ” ਅੰਕ 775 -76
ਸ਼ਬਦ ਜਗੋ ਦਾ ਹੋੜਾ ਅਤੇ ਅੰਤਰੇ ਦੀ ਲਾਂਵ ਇਸੇ ਅਮਲ ਤਹਿਤ ਵਰਤੀ ਲੱਗ ਰਹੀ ਹੈ. ਇਸੇ ਤਰ੍ਹਾਂ ਕੁਝ ਗੁਰਬਾਣੀ ਸ਼ਬਦਾਂ ਵਿੱਚ ਸਮਾਨ ਅਰਥ ਰੱਖਦੇ ਇਹ ਸ਼ਬਦ ਅਨੰਦ – ਅਨਦ, ਮੰਨ – ਮਨ ਤੂ – ਤੂੰ ਆਦਿ. ਪਾਠ ਦੌਰਾਨ ਮੂਲ ਸ਼ਬਦ ਤੇ ਧਿਆਨ ਰਹੇਗਾ ਮੂਲ ਸ਼ਬਦ ਅਨੰਦ ਟਿੱਪੀ ਯੁਕਤ ਹੈ. ਫਿਰ ਇਹ ਟਿੱਪੀ ਹੋਣ ਜਾਂ ਨਾ ਹੋਣ ਦੋਨਾਂ ਸੂਰਤਾਂ ਵਿੱਚ ਹੀ ਟਿੱਪੀ ਸਹਿਤ ਪੜ੍ਹਿਆ ਜਾਏਗਾ. ਇਸੇ ਤਰ੍ਹਾਂ ਜੇ ਮੂਲ ਸ਼ਬਦ ਮਨ ਅੰਤਹਕਰਨ ਦੇ ਅਰਥਾਂ ਵਿੱਚ ਆਇਆ ਹੈ ਤਾਂ ਟਿੱਪੀ ਮੁਕਤ ਜਾਂ ਟਿੱਪੀ ਯੁਕਤ ਹੋਣ ਤੇ ਟਿੱਪੀ ਮੁਕਤ ਹੀ ਪੜ੍ਹਿਆ ਜਾਏਗਾ:
” ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ
ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਨਾ” ਅਤੇ ਅੱਗੇ ਇਸੇ ਪਉੜੀ ਵਿੱਚ ਫਿਰ
” ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ” ਇਹਨਾਂ ਪੰਕਤੀਆਂ ਵਿੱਚ ਮਨ ਸ਼ਬਦ ਦੀ ਲਿਖਾਵਟ ਵੱਖਰੀ ਹੈ, ਪਰ ਇਹ ਮਨ ਅੰਤਹਿਕਰਨ ਲਈ ਹੀ ਆਇਆ ਹੈ ਜੋ ਟਿੱਪੀ ਰਹਿਤ ਹੀ ਉਚਾਰਨ ਹੋਵੇਗਾ.
ਇੱਥੇ ਹੁਣ ਇਹ ਗੱਲ ਵੀ ਸਮਝ ਪੈਂਦੀ ਹੈ ਕਿ ਗੁਰਬਾਣੀ ਦੇ ਸ਼ੁੱਧ ਉਚਾਰਨ ਲਈ ਗੁਰਬਾਣੀ ਰਚਨਾ ਵਿੱਚ ਸ਼ਬਦਾਂ ਦੇ ਅਰਥ ਬੋਧ ਅਤੇ ਵਰਤੋਂ ਦੀ ਸਹੀ ਜਾਣਕਾਰੀ ਹੋਣੀ ਕਿੰਨੀ ਜਰੂਰੀ ਹੈ ਅਤੇ ਪਾਠੀ ਨੂੰ ਇਹ ਜਾਣਕਾਰੀ ਹੋਣੀ ਕਿੰਨੀ ਜਰੂਰੀ ਹੈ ਕਿ ਕਿਵੇਂ ਸ਼ਬਦਾਂ ਦੇ ਅਲੱਗ ਅਲੱਗ ਸੰਦਰਭ ਵਿੱਚ ਅਰਥ ਹੋਰ ਵੀ ਹੋ ਸਕਦੇ ਹਨ. ਜਿਵੇੰ :
” ਕਲਿ ਤਾਤੀ ਠਾਂਢਾ ਹਰਿ ਨਾਉ ਸਿਮਰਿ ਸਿਮਰਿ ਸਦਾ ਸੁਖੁ ਪਾਉ” ਅੰਕ 289
” ਸਿਰ ਊਪਰਿ ਠਾਢਾ ਗੁਰੁ ਸੂਰਾ ” ਅਤੇ
” ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ” ਪ੍ਰਭਾਤੀ ਕਬੀਰ ਜੀ
ਉਪਰੋਕਤ ਵਿੱਚੋਂ ਪਹਿਲੀਆਂ ਪੰਕਤੀਆਂ ਵਿੱਚ ਤਾਤੀ ਨਾਲ ਆਇਆ ਠਾਂਢਾ ਸਭ ਸ਼ਬਦ ਠੰਡੇ ਦੇ, ਸ਼ੀਤਲ ਦੇ ਅਰਥਾਂ ਵਿੱਚ ਹੈ ਜੋ ਕਿ ਠਾਂਢਾ ਹੀ ਉਚਾਰਨ ਕਰਨਾ ਸ਼ੁੱਧ ਹੈ। ਪਰ ਹੁੰਦਾ ਕੀ ਹੈ ਕਿ ਹੇਠਲੀਆਂ ਪੰਕਤੀਆਂ ਜਿਨ੍ਹਾਂ ਵਿੱਚ ਠਾਢਾ ਸ਼ਬਦ ਖੜ੍ਹਾ ਹੋਣ ਦੇ ਅਰਥ ਵਿੱਚ ਆਇਆ ਹੈ ਉਸ ਦਾ ਉਚਾਰਨ ਵੀ ਠਾਂਢਾ ਹੀ ਕਰ ਦਿੱਤਾ ਜਾਂਦਾ ਹੈ. ਜਦੋਂ ਕਿ ਇਹ ਨਿਖੇੜ ਬਹੁਤ ਜਰੂਰੀ ਹੈ. ਇੱਥੇ ਉਚਾਰਨ ਬਿਨਾਂ ਬਿੰਦੀ ਤੋਂ ਸਹੀ ਹੋਵੇਗਾ. ਇਸ ਤਰ੍ਹਾਂ ਵਰਤੇ ਹੋਏ ਬਹੁਤ ਸਾਰੇ ਸ਼ਬਦਾਂ ਦਾ ਉਚਾਰਨ ਕਰਦਿਆਂ ਇਹ ਉਕਾਈਆਂ ਹੁੰਦੀਆਂ ਆਮ ਹੀ ਵੇਖਦੇ ਹਾਂ. ਜੋ ਸਿਰਫ ਤੇ ਸਿਰਫ ਅਰਥ ਬੋਧ ਸਮਝ ਕੇ ਹੀ ਠੀਕ ਹੋ ਸਕਦੀਆਂ ਹਨ.
ਹੁਣ ਆਪਾਂ ਇੱਕ ਅਜਿਹੇ ਚਿੰਨ੍ਹ ਦੀ ਗੱਲ ਕਰਦੇ ਹਾਂ ਜੋ ਹੁਣ ਵਾਲੀ ਗੁਰਮੁਖੀ ਲਿੱਪੀ ਵਿੱਚ ਹੈ ਅਤੇ ਗੁਰੂ ਕਾਲ ਦੌਰਾਨ ਭਾਈ ਗੁਰਦਾਸ ਜੀ ਨੇ ਵੀ ਇਸ ਨੂੰ ਵਰਤਿਆ ਹੈ. ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਦੀ ਦੀਆਂ ਰਚਨਾਵਾਂ ਵਿੱਚ ਵੀ ਇਸਦੀ ਵਰਤੋਂ ਹੋਈ ਹੈ। ਉਹ ਹੈ ਅਧਕ. ਦੇਵਨਾਗਰੀ ਲਿੱਪੀ ਵਿੱਚ ਕਿਸੇ ਸ਼ਬਦ ਵਿਚਕਾਰ ਜ਼ੋਰ ਦੇਣ ਵਾਸਤੇ ਦੁੱਤ ਅੱਖਰ ਦਾ ਪ੍ਰਯੋਗ ਹੁੰਦਾ ਹੈ ਜਿਵੇਂ ਕਿ ਸੱਚ ਸਿੱਖ ਮੱਕਾ ਗੰਨਾ ਆਦਿ. ਧਿਆਨ ਨਾਲ ਵੇਖਣਾ ਇਹਨਾਂ ਸ਼ਬਦਾਂ ਵਿੱਚ ਚੱਚਾ ਖੱਖਾ ਕੱਕਾ ਨੱਨਾ ਦੇਵਨਾਗਰੀ ਵਾਲੇ ਦੋਹਰੇ ਵਰਤੇ ਹੋਏ ਹਨ। ਪਰ ਜਦੋਂ ਇਹ ਸ਼ਬਦ ਜਾਂ ਇਹਨਾਂ ਵਰਗੇ ਹੋਰ ਸ਼ਬਦ ਗੁਰਬਾਣੀ ਵਾਲੀ ਗੁਰਮੁਖੀ ਲਿੱਪੀ ਵਿੱਚ ਲਿਖੇ ਗਏ ਤਾਂ ਦੁੱਤ ਅੱਖਰ ਵੀ ਹਟ ਗਿਆ ਅਤੇ ਕੋਈ ਚਿੰਨ੍ਹ ਵੀ ਨਾ ਆਇਆ. ਇਹ ਗੱਲ ਸਿਧਾਂਤਕ ਤੌਰ ਤੇ ਕਹੀ ਜਾ ਸਕਦੀ ਹੈ ਕਿ ਜੇ ਕਿਸੇ ਬੋਲੀ ਦੇ ਸ਼ਬਦਾਂ ਨੂੰ ਅਪਣਾਇਆ ਜਾ ਰਿਹਾ ਹੈ ਅਤੇ ਉਹ ਬੋਲਚਾਲ ਵਿੱਚ ਪ੍ਰਚਲਤ ਹਨ, ਪਰ ਉਹਨਾਂ ਦਾ ਚਿੰਨ੍ਹ ਅਜੇ ਸਾਡੇ ਇਜਾਦ ਨਹੀਂ ਹੋਇਆ ਤਾਂ ਇਸਦਾ ਭਾਵ ਇਹ ਨਹੀਂ ਕਿ ਉਹ ਗਲਤ ਉਚਾਰਨ ਕੀਤੇ ਜਾਣਗੇ. ਉਹਨਾਂ ਦਾ ਉਚਾਰਨ ਮੂਲ ਰੂਪ ਵਿੱਚ ਹੀ ਹੋਵੇਗਾ। ਇਹ ਨੁਕਤਾ ਇਸ ਦਲੀਲ ਨਾਲ ਹੋਰ ਸਪਸ਼ਟ ਹੋ ਜਾਂਦਾ ਹੈ ਕਿ ਬਾਅਦ ਵਿੱਚ ਇਹ ਚਿੰਨ੍ਹ ਆ ਵੀ ਗਏ ਹਨ. ਦੁੱਤ ਅੱਖਰ ਦੀ ਜਗ੍ਹਾ ਅਧਕ ਜਿੱਥੇ ਵੀ ਲੱਗਦਾ ਹੈ, ਲਾ ਕੇ ਹੀ ਸ਼ੁੱਧ ਉਚਾਰਨ ਹੋ ਸਕਦਾ ਹੈ ਅਤੇ ਸੁਣਨ ਵਾਲੇ ਲਈ ਭਾਵਬੋਧ ਦਾ ਸਹੀ ਸੰਚਾਰ ਹੋ ਸਕਦਾ ਹੈ। ਇੱਥੇ ਮੇਰਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਦੇਵਨਾਗਰੀ ਲਿੱਪੀ ਵਾਲਿਆਂ ਨੂੰ ਵੀ ਖੁੱਲ੍ਹ ਦਿਲੀ ਦਿਖਾਉਣੀ ਚਾਹੀਦੀ ਹੈ ਅਤੇ ਦੁੱਤ ਅੱਖਰ ਦੀ ਜਗ੍ਹਾ ਅਧਕ ਅਪਣਾ ਲੈਣਾ ਚਾਹੀਦਾ ਹੈ. ਅਧਕ ਵਾਲਾ ਮਾਮਲਾ ਕਦੇ ਕਦੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਜਿਵੇਂ ਇਹ ਆਪਣੇ ਸਿੱਖਾਂ ਦੀ ਬੌਧਿਕ ਪਰਖ ਲਈ ਛੱਡ ਦਿੱਤਾ ਹੋਵੇ!
ਇਸੇ ਤਰ੍ਹਾਂ ਪਾਠ ਕਰਦਿਆਂ ਅਰਥ ਬੋਧ ਦੀ ਸਪਸ਼ਟਤਾ ਲਈ ਅਲਪ ਵਿਰਾਮ ਅਰਧ ਵਿਰਾਮ ਦਾ ਵੀ ਧਿਆਨ ਰੱਖਣਾ ਹੋਵੇਗਾ. ਲੋੜੀਦਾ ਵਿਰਾਮ ਨਾ ਦੇਣ ਤੇ ਵੀ ਜਾਂ ਗਲਤ ਥਾਂ ਦੇਣ ਤੇ ਵੀ ਅਨਰਥ ਹੋ ਜਾਂਦਾ ਹੈ। ਜਿਵੇਂ
” ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰ ਸਾ ਕੁਸੁਧ ਸਾ ਕੁਲਖਣੀ, ਨਾਨਕ, ਨਾਰੀ ਵਿਚ ਕੁਨਾਰ ” ਅੰਕ 651 -52 ਇਸ ਪਾਵਨ ਪੰਕਤੀ ਵਿੱਚ ਬਾਣੀ ਦੇ ਵਾਹਕ ਸਿਰਜਕ ਵੱਲੋਂ ਆਉਂਦਾ ਨਾਮ ਨਾਨਕ ਕੁਝ ਪਾਠੀ ਪੰਕਤੀ ਦੇ ਪਹਿਲੇ ਹਿੱਸੇ ਨਾਲ ਕੁਝ ਦੂਜੇ ਹਿੱਸੇ ਨਾਲ ਜੋੜ ਕੇ ਉਚਾਰਦੇ ਹਨ, ਜਦੋਂ ਕਿ ਨਾਨਕ ਸ਼ਬਦ ਪੰਕਤੀ ਦੇ ਦੂਸਰੇ ਹਿੱਸੇ ਵਜੋਂ ਸੁਤੰਤਰ ਉਚਾਰਿਆ ਗਿਆ ਹੈ। ਇਹੋ ਔਕੜ ਅਗਲੀਆਂ ਪਾਵਨ ਪੰਕਤੀਆਂ ਦੇ ਉਚਾਰਨ ਵਿੱਚ ਵੀ ਵੇਖਣ ਨੂੰ ਮਿਲਦੀ ਹੈ।
” ਗਿਆਨੁ ਧਿਆਨੁ ਕਿਛੁ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ.
ਸਭ ਤੇ ਵਡਾ ਸਤਿਗੁਰ,ਨਾਨਕ,ਜਿਨਿ ਕਲ ਰਾਖੀ ਮੇਰੀ” ਅੰਕ 750
” ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ.
ਨਾਨਕ, ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ. ” ਅੰਕ 707
ਉਪਰੋਕਤ ਪਾਵਨ ਪੰਕਤੀਆਂ ਵਿੱਚ ਕੌਮੇ ਅਰਧ ਵਿਸ਼ਰਾਮ ਸਮਝਣ ਲਈ ਲਾਏ ਹਨ. ਇਸੇ ਤਰ੍ਹਾਂ ਮਿਲਦੇ ਜੁਲਦੇ ਸ਼ਬਦਾਂ ਦੇ ਉਚਾਰਨ ਵਿੱਚ ਵੀ ਸਮੱਸਿਆ ਪਾਈ ਜਾਂਦੀ ਹੈ। ਮੁਕੰਮਲ ਪੰਕਤੀ ਅਤੇ ਸ਼ਬਦ ਅੰਦਰ ਸ਼ਬਦ ਦੇ ਭਾਵ ਅਤੇ ਸੰਦਰਭ ਨੂੰ ਸਮਝੇ ਬਿਨਾਂ ਮਿਲਦਾ ਜੁਲਦਾ ਦੂਸਰਾ ਸ਼ਬਦ ਉਚਾਰ ਦਿੱਤਾ ਜਾਂਦਾ ਹੈ,ਜਿਸ ਨਾਲ ਫਿਰ ਅਨਰਥ ਹੁੰਦਾ ਹੈ.ਜਿਵੇਂ ਸੋਹਿਲਾ, ਸੁਹੇਲਾ, ਸਹਿਲਾ ਮਿਲਦੇ ਜੁਲਦੇ ਪਰ ਵੱਖਰੇ ਅਰਥ ਰੱਖਦੇ ਸ਼ਬਦ ਹਨ.ਹੁੰਦਾ ਇਹ ਹੈ ਕਿ ਪਾਠੀ ਅਤੇ ਰਾਗੀ ਦੋਵੇਂ ਹੀ ਇੱਕ ਦੀ ਥਾਵੇਂ ਦੂਸਰਾ ਵਰਤ ਜਾਂਦੇ ਹਨ.ਇਸੇ ਤਰ੍ਹਾਂ ਸ਼ਬਦ ਧੀਰੀਜੈ ਨੂੰ ਧਰੀਜੈ ਹੋਮੈ,ਹੋਮੇ ਨੂੰ ਹਉਮੈ ਹੀ ਉਚਾਰ ਦਿੱਤਾ ਜਾਂਦਾ ਹੈ.ਇਸ ਤਰ੍ਹਾਂ ਦੀਆਂ ਬਹੁਤ ਉਕਾਈਆਂ ਵੇਖਣ ਨੂੰ ਮਿਲਦੀਆਂ ਹਨ. ਯਾਦ ਰੱਖੀਏ ਕਿ ਸ਼ਬਦ ਤੱਕ ਪਹੁੰਚ ਰਸਾਈ ਸ਼ਬਦ ਦੀ ਸੰਪੂਰਨ, ਸਹੀ ਜਾਣਕਾਰੀ ਨਾਲ ਹੀ ਹੋ ਸਕਦੀ ਹੈ।ਇੰਜ ਆਪਾਂ ਵੇਖਦੇ ਹਾਂ ਕਿ ਗੁਰਬਾਣੀ ਵਿੱਚ ਵਰਤੀਆਂ ਮਾਤਰਾਵਾਂ ਕੇਵਲ ਮੂਲ ਸਵਰ ਧੁਨੀਆਂ ਦੇ ਚਿੰਨ੍ਹ ਦੇ ਤੌਰ ਤੇ ਹੀ ਨਹੀਂ ਵਰਤੀਆਂ ਗਈਆਂ ਬਲਕਿ ਉਹਨਾਂ ਦੇ ਵਰਤਣ ਦੇ ਹੋਰ ਕਾਰਨ ਵੀ ਮਿਲਦੇ ਹਨ. ਗੁਰਬਾਣੀ ਨੂੰ ਅਜੋਕੀ ਭਾਸ਼ਾ ਦੇ ਮਾਪਦੰਡਾਂ ਤੇ ਹੀ ਨਹੀਂ ਸਮਝਿਆ ਜਾ ਸਕਦਾ ਸਗੋਂ ਅੱਗੇ ਹੋਰ ਵਿਸ਼ੇਸ਼ ਅਗਵਾਈ ਦੀ, ਅਧਿਐਨ ਦੀ ਲੋੜ ਹੈ.
ਅਮਰਜੀਤ ਸਿੰਘ ਕਸਕ
ਸੰਪਰਕ ਲੇਖਕ : 9549895275
