ਦੇਸ਼ ਵੰਡ ਬਾਰੇ ਇਹ ਪੰਜ ਕਵਿਤਾਵਾਂ ਮੇਰੇ ਚੇਤਿਆਂ ਵਿੱਚ ਬਰਛੀ ਵਾਂਗ ਖੁਭੀਆਂ ਹੋਈਆਂ ਨੇ। ਅਹਿਮਦ ਰਾਹੀ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਡਾ. ਹਰਿਭਜਨ ਸਿੰਘ ਤੇ ਲੋਕ ਕਵੀ ਗੁਰਦਾਸ ਰਾਮ ਆਲਮ ਦੀਆਂ।
ਮੇਰੀ ਮਾਂ ਸਰਦਾਰਨੀ ਤੇਜ ਕੌਰ ਜਦ ਕਦੇ ਵੀ ਸੰਨ ਸੰਤਾਲੀ ਨੂੰ ਚੇਤੇ ਕਰਦੀ ਤਾਂ ਕੰਬ ਉੱਠਦੀ। ਮਰਦੇ ਦਮ ਤੀਕ ਮੈਂ ਉਸਦੇ ਮੂੰਹੋਂ ਆਜ਼ਾਦੀ ਸ਼ਬਦ ਨਹੀਂ ਸੀ ਸੁਣਿਆ। ਉਹ ਇਸ ਸਾਲ ਨੂੰ ਚੇਤੇ ਕਰਦਿਆਂ ਅਕਸਰ ਆਖਦੀ, ਜਦੋਂ ਭਾਜੜਾਂ ਪਈਆਂ ਸਨ। ਇਹ ਗੱਲ ਰੌਲ਼ਿਆਂ ਵੇਲੇ ਦੀ ਹੈ। ਹੱਲੇ ਗੁੱਲਿਆਂ ਵੇਲੇ ਬੰਦਾ ਬੰਦੇ ਨੂੰ ਖਾਣ ਤੀਕ ਜਾਂਦਾ ਸੀ।
ਉੱਜੜਨ ਮਗਰੋਂ ਏਧਰ ਪਿੰਡ ਬਸੰਤਕੋਟ ਚ ਵੱਸਣ ਦੇ ਬਾਦ ਵੀ ਸਾਡੀ ਪੱਤੀ ਦਾ ਨਾਮ ਪਨਾਹੀਆਂ ਦੀ ਪੱਤੀ ਹੈ।
ਇੱਕ ਵਾਰ ਕੋਈ ਸਥਾਨਕ ਵਾਸਣ ਮੇਰੀ ਮਾਂ ਨਾਲ ਲੜਦਿਆਂ ਮਿਹਣੇ ਮਾਰਨ ਲੱਗੀ ਬੋਲੀ, ਬਹੁਤੀ ਆਕੜ ਕੇ ਗੱਲ ਨਾ ਕਰ। ਹੈਂ ਤਾਂ ਓਹੀ ਓ ਨਾ, ਮੁਸਲਮਾਨਾਂ ਨਾਲ ਵਟਾਏ ਹੋਏ। ਮੈਂ ਨਿੱਕਾ ਜਿਹਾ ਸਾਂ ਉਦੋਂ। ਇਸ ਬੋਲ ਦੀ ਰੜਕ ਅਜੇ ਵੀ ਮੇਰੇ ਸੀਨੇ ਵਿੱਚ ਹੈ। ਇਹ ਕਵਿਤਾਵਾਂ ਉਸੇ ਦਰਦ ਦਾ ਦਰਦਨਾਮਾ ਹਨ।
ਇਸੇ ਕਤਲੋਗਾਰਤ ਦੇ ਮੌਸਮ ਨੂੰ ਹੀ ਕਹਾਣੀਕਾਰ ਮਹਿੰਦਰ ਸਿੰਘ ਸਰਨਾ ਨੇ ਛਵ੍ਹੀਆਂ ਦੀ ਰੁੱਤ ਕਿਹਾ ਸੀ।
ਅਹਿਮਦ ਰਾਹੀ ਦੇ ਲਿਖੇ ਬੋਲ ਤੇ ਬਚਪਨ ਵੇਲੇ ਤੋ ਬੁਲੰਦ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦੇ ਗਾਏ ਬੋਲ ਮੱਥੇ ਵਿੱਚ ਵੱਜਦੇ ਨੇ ਅੱਜ ਵੀ ਸੰਤਾਲੀ ਚੇਤੇ ਕੀਤਿਆਂ।
ਚੁੰਨੀ ਮੇਰੀ ਲੀਰਾਂ ਕਤੀਰਾਂ ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ
ਬੁਝੀਆਂ ਖਿੱਤੀਆਂ ਡੁੱਬ ਗਏ ਤਾਰੇ
ਰਾਤ ਹਨੇਰੀ ਖਿੱਲੀਆਂ ਮਾਰੇ
ਸਹਿਕ ਰਹੀਆਂ ਤਕਦੀਰਾਂ, ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ
ਟੁੱਟੀਆਂ ਸਾਰੀਆਂ ਹੱਦਾਂ ਬੰਨੇ
ਇਥੇ ਸਾਰੇ ਹੋ ਗਏ ਅੰਨ੍ਹੇ
ਭੈਣਾਂ ਲੁੱਟੀਆਂ ਵੀਰਾਂ, ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ
ਲੇਖਾਂ ਉਤੇ ਸ਼ਾਹੀਆਂ ਡੁਲ੍ਹੀਆਂ
ਸੇਜੋਂ ਡਿੱਗ ਕੇ ਪੈਰੀਂ ਰੁਲੀਆਂ
ਸੱਸੀਆਂ, ਸੋਹਣੀਆਂ, ਹੀਰਾਂ, ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ
ਭੈਣ ਕਿਸੇ ਦੀ ਪਈ ਕੁਰਲਾਵੇ
ਖੁੰਝਿਆ ਵੇਲਾ ਹੱਥ ਨਾ ਆਵੇ
ਕਰ ਲਉ ਕੁਝ ਤਦਬੀਰਾਂ,
ਵੇ ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ।
ਆਮ ਲੋਕਾਂ ਨੂੰ ਇਹ ਤਾਂ ਪਤਾ ਸੀ ਕਿ ਵੱਡੀਆਂ ਕੁਰਬਾਨੀਆਂ ਤੇ ਅੰਤਰ ਰਾਸ਼ਟਰੀ ਸੰਕਟ ਕਾਰਨ ਫਰੰਗੀ ਸਾਡਾ ਦੇਸ਼ ਛੱਡ ਜਾਵੇਗਾ , ਪਰ ਛੱਡਣ ਲੱਗਿਆਂ ਕਤਲੋਗਾਰਤ ਵਿੱਚ ਦਸ ਲੱਖ ਪੰਜਾਬੀਆਂ ਦੀ ਜਾਨ ਲੈ ਜਾਵੇਗਾ, ਇਹ ਖ਼੍ਵਾਬ ਖ਼ਿਆਲ ਵਿੱਚ ਵੀ ਨਹੀਂ ਸੀ। ਬੰਦੇ ਖਾਣੀ ਰੁੱਤ ਬੰਦੇ ਨੂੰ ਏਨਾ ਹੈਂਸਿਆਰਾ ਤੇ ਜ਼ਾਲਮ ਬਣਾ ਦੇਵੇਗੀ, ਕਦੇ ਨਹੀਂ ਸੀ ਸੋਚਿਆ। ਇਸੇ ਗੱਲ ਨੂੰ ਹੀ ਪ੍ਰੋਃ ਮੋਹਨ ਸਿੰਘ ਨੇ ਆਪਣੀ ਵਿਸ਼ਵ ਪ੍ਰਸਿੱਧ ਨਜ਼ਮ
ਆ ਬਾਬਾ ਤੇਰਾ ਵਤਨ ਮੁੜ ਵੀਰਾਨ ਹੋ ਗਿਆ।
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ ਵਿੱਚ ਪਰੋਇਆ।
ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ,
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ ।
‘ਕਲਯੁੱਗ ਹੈ ਰੱਥ ਅਗਨ ਦਾ’, ਤੂੰ ਆਪ ਆਖਿਆ,
ਮੁੜ ਕੂੜ ਓਸ ਰੱਥ ਦਾ, ਰਥਵਾਨ ਹੋ ਗਿਆ ।
ਜੋ ਖ਼ਾਬ ਸੀ ਤੂੰ ਦੇਖਿਆ, ਵਣ ਥੱਲੇ ਸੁੱਤਿਆਂ,
ਸੋਹਣਾ ਉਹ ਤੇਰਾ ਖ਼ਾਬ ਪਰੇਸ਼ਾਨ ਹੋ ਗਿਆ ।
ਉਹ ਮੱਚੇ ਤੇਰੇ ਦੇਸ਼ ਦੀ ਹਿੱਕ ਤੇ ਉਲੰਭੜੇ,
ਪੰਜ-ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ ।
ਉਹ ਝੁਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ,
ਉਡ ਕੇ ਅਸਾਡਾ ਆਹਲਣਾ ਕੱਖ ਕਾਨ ਹੋ ਗਿਆ ।
ਜੁੱਗਾਂ ਦੀ ਸਾਂਝੀ ਸੱਭਿਤਾ ਪੈਰੀਂ ਲਿਤੜ ਗਈ,
ਸਦੀਆਂ ਦੇ ਸਾਂਝੇ ਖੂਨ ਦਾ ਵੀ ਨਹਾਣ ਹੋ ਗਿਆ ।
ਵੰਡ ਬੈਠੇ ਤੇਰੇ ਪੁੱਤ ਨੇ ਸਾਂਝੇ ਸਵਰਗ ਨੂੰ,
ਵੰਡਿਆ ਸਵਰਗ ਨਰਕ ਦਾ ਸਮਿਆਨ ਹੋ ਗਿਆ ।
ਉਧਰ ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ,
ਏਧਰ ਮਸੀਤੋਂ ਬਾਹਰ ਹੈ ਕੁਰਆਨ ਹੋ ਗਿਆ ।
ਹਿੰਦਵਾਣੀਆਂ, ਤੁਰਕਾਣੀਆਂ ਦੋਹਾਂ ਦੀ ਪਤ ਗਈ
ਬੁਰਕੇ ਸੰਧੂਰ ਦੋਹਾਂ ਦਾ ਅਪਮਾਨ ਹੋ ਗਿਆ ।
ਇਕ ਪਾਸੇ ਪਾਕ, ਪਾਕੀ, ਪਾਕਿਸਤਾਨ ਹੋ ਗਿਆ,
ਇਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਹੋ ਗਿਆ ।
ਇੱਕ ਸੱਜੀ ਤੇਰੀ ਅੱਖ ਸੀ, ਇੱਕ ਖੱਬੀ ਤੇਰੀ ਅੱਖ,
ਦੋਹਾਂ ਅੱਖਾਂ ਦਾ ਹਾਲ ਤੇ ਨੁਕਸਾਨ ਹੋ ਗਿਆ ।
ਕੁਝ ਐਸਾ ਕੁਫ਼ਰ ਤੋਲਿਆ ਈਮਾਨ ਵਾਲਿਆਂ,
ਕਿ ਕੁਫ਼ਰ ਤੋਂ ਵੀ ਹੌਲਾ ਹੈ ਈਮਾਨ ਹੋ ਗਿਆ ।
ਮੁੜ ਮੈਦੇ ਬਾਸਮਤੀਆਂ ਦਾ ਆਦਰ ਹੈ ਵਧਿਆ,
ਮੁੜ ਕੋਧਰੇ ਦੀ ਰੋਟੀ ਦਾ ਅਪਮਾਨ ਹੋ ਗਿਆ ।
ਮੁੜ ਭਾਗੋਆਂ ਦੇ ਚਾਦਰੀਂ ਛਿੱਟੇ ਨੇ ਖ਼ੂਨ ਦੇ,
ਮੁੜ ਲਾਲੋਆਂ ਦੇ ਖ਼ੂਨ ਦਾ ਨੁਚੜਾਨ ਹੋ ਗਿਆ ।
ਫਿਰ ਉਚਿਆਂ ਦੇ ਮਹਿਲਾਂ ਤੇ ਸੋਨਾ ਮੜ੍ਹੀ ਰਿਹਾ,
ਫਿਰ ਨੀਵਿਆਂ ਦੀ ਕੁੱਲੀ ਦਾ ਵੀ ਵਾਹਣ ਹੋ ਗਿਆ ।
‘ਉਸ ਸੂਰ ਉਸ ਗਾਉਂ’ ਦਾ ਹੱਕ ਨਾਹਰਾ ਲਾਇਆ ਤੂੰ
ਇਹ ਹੱਕ ਪਰ ਨਿਹੱਕ ਤੋਂ ਕੁਰਬਾਨ ਹੋ ਗਿਆ ।
ਮੁੜ ਗਾਉਣੇ ਪਏ ਨੇ ਮੈਨੂੰ ਸੋਹਲੇ ਖ਼ੂਨ ਦੇ,
ਪਾ ਪਾ ਕੇ ਕੁੰਗੂ ਰੱਤ ਦਾ ਰਤਲਾਣ ਹੋ ਗਿਆ ।
ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾਂ ਮੈ:
“ਆਇਆ ਨਾ ਤੈਂ ਕੀ ਦਰਦ ਐਨਾ ਘਾਣ ਹੋ ਗਿਆ।
ਅੰਮ੍ਰਿਤਾ ਪ੍ਰੀਤਮ ਦੀ ਮਸ਼ਹੂਰ ਨਜ਼ਮ ਬਹੁਤ ਯਾਦ ਆਉਂਦੀ ਹੈ।
ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ:
ਉਠ ਦਰਦਮੰਦਾਂ ਦਿਆ ਦਰਦਦੀਆ ! ਉਠ ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ
ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ
ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁਟਿਆ ਜ਼ਹਿਰ
ਗਿਠ ਗਿਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ
ਵਿਹੁ ਵਲਿੱਸੀ ਵਾ ਫਿਰ ਵਣ ਵਣ ਵੱਗੀ ਜਾ
ਉਹਨੇ ਹਰ ਇਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ
ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗੁਆਚ
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ
ਲਾਗਾਂ ਕੀਲੇ ਲੋਕ ਮੂੰਹ ਬੱਸ ਫਿਰ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ
ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ
ਤ੍ਰਿੰਜਣੋ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ
ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ
ਜਿਥੇ ਵਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ
ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸਦੀ ਜਾਚ
ਧਰਤੀ ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ
ਅੱਜ ਸੱਭੇ ਕੈਦੋ ਬਣ ਗਏ, ਹੁਸਨ ਇਸ਼ਕ ਦੇ ਚੋਰ
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ
ਅੱਜ ਆਖਾਂ ਵਾਰਸ ਸ਼ਾਹ ਨੂੰ ਤੂੰਹੇਂ ਕਬਰਾਂ ਵਿਚੋਂ ਬੋਲ !
ਪੰਜਾਬੀ ਕਵੀ ਡਾ. ਹਰਿਭਜਨ ਸਿੰਘ ਨੇ ਵੀ ਦੇਸ਼ ਦੇ ਵੰਡਾਰੇ ਨੂੰ ਪੀੜ ਪਰੁੱਚੇ ਸ਼ਬਦਾਂ ਵਿੱਚ ਬਿਆਨਿਆ ਹੈ। ਉਸ ਦਾ ਆਪਣਾ ਸਰੋਦੀ ਅੰਦਾਜ਼ ਹੈ, ਅਸਲੋਂ ਨਿਵੇਕਲਾ।
ਸੌਂ ਜਾ ਮੇਰੇ ਮਾਲਕਾ ਵੀਰਾਨ ਹੋਈ ਰਾਤ ਨੂੰ ਮੈਂ ਆਪਣੀ ਨਜ਼ਰ ਵਿੱਚ ਬਹੁਤ ਉਚੇਰੀ ਥਾਂ ਤੇ ਰੱਖਦਾ ਹਾਂ। ਇਸ ਵਿੱਚ ਅੰਮ੍ਰਿਤਾ ਪ੍ਰੀਤਮ ਵਾਂਗ ਕਤਲੇਆਮ ਦਾ ਸਾਫ਼ ਸਪਸ਼ਟ ਜ਼ਿਕਰ ਨਹੀਂ ਪਰ ਪ੍ਰਭਾਵ ਚਿਤਰ ਪੂਰਾ ਦ੍ਰਿਸ਼ ਉਸਾਰਦੇ ਹਨ।
ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ
ਵੇ ਕਾਲਖਾਂ ਚ ਤਾਰਿਆਂ ਦੀ ਡੁੱਬ ਗਈ ਸਵੇਰ।
ਵੇ ਪੱਸਰੀ ਜਹਾਨ ਉੱਤੇ ਮੌਤ ਦੀ ਹਵਾੜ
ਵੇ ਖਿੰਡ ਗਈਆਂ ਮਹਿਫਲਾਂ ਤੇ ਛਾ ਗਈ ਉਜਾੜ।
ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜ੍ਹਾਂਦ
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ।
ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ,
ਵੇ ਸੀਨਿਆਂ ਵਿੱਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ।
ਵੇ ਜ਼ਿੰਦਗੀ ਬੇਹੋਸ਼ ਤੇ ਖ਼ਾਮੋਸ਼ ਕਾਇਨਾਤ
ਵਿਹਲਾ ਹੋਕੇ ਸੌਂ ਗਿਆ ਐ ਲੋਹਾ ਇਸਪਾਤ।
ਸੌਂ ਜਾ ਇੰਜ ਅੱਖੀਆਂ ਚੋਂ ਅੱਖੀਆਂ ਨਾ ਕੇਰ,
ਸਿਤਾਰਿਆਂ ਦੀ ਸਦਾ ਨਹੀਂ ਡੁੱਬਣੀ ਸਵੇਰ।
ਹਮੇਸ਼ ਨਹੀਂ ਮਨੁੱਖ ਤੇ ਕੁੱਦਣਾ ਜਨੂੰਨ
ਹਮੇਸ਼ ਨਹੀਂ ਡੁੱਲਣਾ ਜ਼ਮੀਨ ਉੱਤੇ ਖ਼ੂਨ।
ਹਮੇਸ਼ ਨਾ ਵੀਰਾਨ ਹੋਣੀ ਅੱਜ ਵਾਂਗ ਰਾਤ
ਸੌਂ ਜਾ ਮੇਰੇ ਮਾਲਕਾ ਵੀਰਾਨ ਹੋਈ ਰਾਤ।
ਮੇਰੇ ਬੀਬੀ ਜੀ ਮੈਨੂੰ ਹਰ ਵਾਰ ਇਹੀ ਕਹਿੰਦੇ ਸਨ ਕਿ ਤੈਨੂੰ ਦਿੱਲੀ ਜਾ ਕੇ ਕਵਿਤਾ ਪੜ੍ਹਨ ਦਾ ਚਾਅ ਚੜ੍ਹਿਆ ਏ, ਨਾ ਜਾਇਆ ਕਰ ਇਹੋ ਜਹੇ ਥਾਈਂ।
ਉਹ ਇਸ ਮਰਨ ਰੁੱਤ ਨੂੰ ਚੇਤੇ ਕਰਕੇ ਕੰਬ ਜਾਂਦੇ ਸਨ। ਇਹ ਕਵਿਤਾ ਉਸੇ ਕਾਂਬੇ ਦੀ ਦਰਦ ਬਿਆਨੀ ਹੈ। ਦੋ ਕਿ ਸਾਲ ਪਹਿਲਾਂ ਮੈਂ ਤੇ ਜਸਵਿੰਦਰ ਜਦੋਂ ਆਪਣੇ ਜੱਦੀ ਪਿੰਡ ਨਿੱਦੋ ਕੇ(ਨਾਰੋਵਾਲ ) ਗਏ ਤਾਂ ਪਿੰਡ ਦੇ ਬਾਹਰ ਲੱਗੀ ਤਖ਼ਤੀ ਨਾਲ ਅਸਾਂ ਇਹ ਯਾਦਗਾਰੀ ਫੋਟੋ ਖਿਚਵਾਈ। ਨਾਲ ਹੀ ਗੁਰਦਾਸ ਰਾਮ ਆਲਮ ਜੀ ਦੀ ਇਹ ਕਵਿਤਾ ਚੇਤੇ ਆਈ।
ਕਿਓਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ,
ਨਾ ਬਈ ਭਰਾਵਾ ਨਾ ਖਾਧੀ ਨਾ ਦੇਖੀ।
ਮੈਂ ਜੱਗੂ ਤੋਂ ਸੁਣਿਆ ਅੰਬਾਲੇ ਖੜ੍ਹੀ ਸੀ,
ਬੜੀ ਭੀੜ ਉਸਦੇ ਦੁਆਲੇ ਖੜ੍ਹੀ ਸੀ।
ਆਈ ਨੂੰ ਤਾਂ ਭਾਵੇਂ ਤੀਆ ਸਾਲ ਬੀਤਾ,
ਅਸੀਂ ਤਾਂ ਅਜੇ ਤੱਕ ਦਰਸ਼ਣ ਨਹੀਂ ਕੀਤਾ।
ਦਿੱਲੀ ’ਚ ਆਉਂਦੀ ਹੈ ਸਰਦੀ ਦੀ ਰੁੱਤੇ,
ਤੇ ਹਾੜਾਂ ’ਚ ਰਹਿੰਦੀ ਪਹਾੜਾਂ ਦੇ ਉੱਤੇ।
ਗ਼ਰੀਬਾਂ ਨਾਲ ਲਗਦੀ ਲੜੀ ਹੋਈ ਆ ਖ਼ਬਰੇ,
ਅਮੀਰਾਂ ਦੇ ਹੱਥੀਂ ਚੜ੍ਹੀ ਹੋਈ ਆ ਖ਼ਬਰੇ।
ਅਖ਼ਬਾਰਾਂ ’ਚ ਪੜ੍ਹਿਆ ਜਰਵਾਣੀ ਜਿਹੀ ਏ,
ਕੋਈ ਸੋਹਣੀ ਤਾਂ ਨਹੀਂ ਐਵੇਂ ਕਾਣੀ ਜਿਹੀ ਏ।
ਮੰਨੇ ਜੇ ਉਹ ਕਹਿਣਾ ਅਸੀਂ ਵੀ ਮੰਗਾਈਏ,
ਛੰਨਾਂ ਤੇ ਢਾਰਿਆਂ ’ਚ ਭੁੰਜੇ ਸਵਾਈਏ।
ਪਰ ਏਨਾ ਪਤਾ ਨਹੀਂ ਕੀ ਖਾਂਦੀ ਹੁੰਦੀ ਏ,
ਕਿਹੜੀ ਚੀਜ਼ ਤੋਂ ਦਿਲ ਚੁਰਾਂਦੀ ਹੁੰਦੀ ਏ।
ਸ਼ਿਮਲੇ ਤਾਂ ਓਸ ਅੱਗੇ ਆਂਡੇ ਹੁੰਦੇ ਨੇ,
ਬਈ ਸਾਡੀ ਤਾਂ ਖੁਰਲੀ ’ਚ ਟਾਂਡੇ ਹੁੰਦੇ ਨੇ।
🔴ਗੁਰਭਜਨ ਗਿੱਲ

