ਫਰੀਦਕੋਟ/ਸਾਦਿਕ, 6 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਤਾਜ ਪਬਲਿਕ ਸਕੂਲ, ਜੰਡ ਸਾਹਿਬ, ਫਰੀਦਕੋਟ ਵੱਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਅਤੇ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ‘ਹੈਪੀਨੈੱਸ ਵੈੱਲਫੇਅਰ ਸੁਸਾਇਟੀ’ (ਕੈਂਸਰ ਐਨ.ਜੀ.ਓ) ਨੂੰ ਇੱਕ ਵਿਸ਼ੇਸ਼ ਅਤੇ ਵੱਡਾ ਯੋਗਦਾਨ ਦਿੱਤਾ ਗਿਆ। ਸਕੂਲ ਪ੍ਰਬੰਧਕ ਕਮੇਟੀ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਨਾਲ ਤਿਆਰ ਕੀਤੀ ਗਈ ਇਸ ਰਾਸ਼ੀ ਦੀ ਸਹਾਇਤਾ ਨਾਲ ਲੋੜਵੰਦ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਸੁਸਾਇਟੀ ਦੇ ਨੁਮਾਇੰਦਿਆਂ ਨੂੰ ਸੌਂਪਿਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਦਾ ਅਸਲ ਮਨੋਰਥ ਸਿਰਫ਼ ਕਿਤਾਬੀ ਗਿਆਨ ਦੇਣਾ ਨਹੀਂ, ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਵਿੱਚ ਬਚਪਨ ਤੋਂ ਹੀ ਹਮਦਰਦੀ, ਨੈਤਿਕ ਕਦਰਾਂ-ਕੀਮਤਾਂ, ਸੇਵਾ ਭਾਵਨਾ ਅਤੇ ਸਮਾਜ ਭਲਾਈ ਦੇ ਗੁਣ ਪੈਦਾ ਕਰਨਾ ਸਾਡਾ ਮੁੱਖ ਮਨੋਰਥ ਹੈ। ਹੈਪੀਨੈੱਸ ਵੈੱਲਫੇਅਰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਨੇਕ ਕਾਰਜਾਂ ਵਿੱਚ ਹਿੱਸਾ ਪਾ ਕੇ ਸਾਡੇ ਸਕੂਲ ਪਰਿਵਾਰ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਸਕੂਲ ਦੇ ਬੱਚਿਆਂ ਨੇ ਸਮਾਜ ਸੇਵਾ ਦੀ ਮਹੱਤਤਾ ਨੂੰ ਸਮਝਦਿਆਂ ਇਸ ਯੋਗਦਾਨ ਵਿੱਚ ਬੜੇ ਹੀ ਉਤਸ਼ਾਹ ਨਾਲ ਆਪਣੇ ਵੱਲੋਂ ਵੱਧ ਤੋਂ ਵੱਧ ਰਾਸ਼ੀ ਦੇਣ ਦੀ ਕੋਸ਼ਿਸ਼ ਕੀਤੀ। ਸਕੂਲ ਅਤੇ ਸੁਸਾਇਟੀ ਦੀ ਇਸ ਸਾਂਝੀ ਕੋਸ਼ਿਸ਼ ਨੇ ਸਮਾਜ ਦੇ ਹੋਰ ਅਦਾਰਿਆਂ ਲਈ ਵੀ ਇੱਕ ਪ੍ਰੇਰਨਾਦਾਇਕ ਮਿਸਾਲ ਕਾਇਮ ਕੀਤੀ ਹੈ। ਸੁਸਾਇਟੀ ਵੱਲੋਂ ਧੰਨਵਾਦ: ਹੈਪੀਨੈੱਸ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਸਕੂਲ ਮੈਨੇਜਮੈਂਟ ਅਤੇ ਬੱਚਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮਦਦ ਲੋੜਵੰਦਾਂ ਤੱਕ ਰਾਹਤ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਅੰਤ ਵਿੱਚ ਸੁਸਾਇਟੀ ਵੱਲੋਂ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਨੂੰ ਇਸ ਸ਼ਲਾਘਾਯੋਗ ਕਦਮ ਲਈ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਸੁਸਾਇਟੀ ਵੱਲੋਂ ਸਕੂਲ ਪ੍ਰਬੰਧਕਾਂ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਟਰਾਫੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਸਕੂਲ ਦੇ ਚੇਅਰਮੈਨ ਸ. ਹਰਪ੍ਰੀਤ ਸਿੰਘ ਸੰਧੂ, ਸ. ਜਗਮੀਤ ਸਿੰਘ ਸੰਧੂ, ਚੇਅਰਪਰਸਨ ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਸ਼ਮਨਪ੍ਰੀਤ ਕੌਰ ਸੰਧੂ, ਹੈਪੀਨੈੱਸ ਵੈੱਲਫੇਅਰ ਸੁਸਾਇਟੀ ਦੇ ਸਕੱਤਰ ਸ੍ਰੀ ਰਾਹੁਲ ਗੋਸਵਾਮੀ ਅਤੇ ਸਮੂਹ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ।

