— ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ —
ਫ਼ਰੀਦਕੋਟ 6 ਅਗਸਤ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼)
ਸਥਾਨਕ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿਖੇ ਮਨਜੀਤ ਸਿੰਘ ਬਰਾੜ ਆਈ.ਏ.ਐੱਸ. ਨੇ ਵਾਇਸ ਚਾਂਸਲਰ ਵਜੋਂ ਅਹੁਦਾ ਸੰਭਾਲ ਲਿਆ ਹੈ। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਤੇ ਫਰੀਦਕੋਟ ਦੇ ਡਿਵੀਜ਼ਨਲ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਚੁੱਕੇ ਸ੍ਰ. ਬਰਾੜ ਇਕ ਨੇਕ ਦਿਲ, ਨਿਰਪੱਖ ਅਤੇ ਇਮਾਨਦਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ। ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਆਗੂਆਂ ਨੇ ਅੱਜ ਵਾਇਸ ਚਾਂਸਲਰ ਸ੍ਰ. ਬਰਾੜ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ, ਜਿਲ੍ਹਾ ਪ੍ਰਧਾਨ ਡੀ.ਪੀ.ਐੱਸ. ਭੋਲਾ ਗਰੇਵਾਲ ਅਤੇ ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ ਆਦਿ ਮੌਜੂਦ ਸਨ। ਮੁਲਾਕਾਤ ਦੌਰਾਨ ਵਫ਼ਦ ਵੱਲੋਂ ਟਰੱਸਟ ਦੀ ਚੀਫ਼ ਪੈਟਰਨ ਹੀਰਾਵਤੀ, ਸੀਨੀਅਰ ਮੀਤ ਪ੍ਰਧਾਨ ਇੰਸ. ਰਮੇਸ਼ ਕੁਮਾਰ ਬਾਰੋਲੀਆ, ਸ੍ਰੀ ਕ੍ਰਿਸ਼ਨ ਆਰ.ਏ. ਅਤੇ ਮੀਤ ਪ੍ਰਧਾਨ ਨਿਰਮਲ ਸਿੰਘ ਸੰਧੂ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸ੍ਰ. ਬਰਾੜ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ ਗਈ ਅਤੇ ਸਮੁੱਚੇ ਟਰੱਸਟ ਵੱਲੋਂ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਦਰਦੀ ਨੇ ਦੱਸਿਆ ਹੈ ਕਿ ਵਫ਼ਦ ਵੱਲੋਂ ਪਿਛਲੇ ਕਰੀਬ ਤੀਹ ਸਾਲਾਂ ਤੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਸਰਸਰੀ ਜਾਣਕਾਰੀ ਸਾਂਝੀ ਕੀਤੀ ਗਈ। ਸੰਸਥਾਪਕ ਸ੍ਰੀ ਢੋਸੀਵਾਲ ਨੇ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ 157 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਜਾ ਚੁੱਕੀਆਂ ਹਨ। ਪੰਜ ਦਰਜਨ ਤੋਂ ਵੱਧ ਮੁਫ਼ਤ ਕਟਾਈ ਸਿਲਾਈ ਸੈਂਟਰ ਖੋਲ੍ਹ ਕੇ ਹਜ਼ਾਰਾਂ ਲੜਕੀਆਂ ਨੂੰ ਸਵੈ-ਰੁਜ਼ਗਾਰ ਬਣਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਕਰੀਬ ਵੀਹ ਸਾਲ ਪਹਿਲਾਂ ਸ਼ਹਿਰ ਦੀਆਂ ਇੰਦਰਾ ਕਲੋਨੀ ਅਤੇ ਕਪੂਰ ਬਸਤੀ ਦੇ ਉਜਾੜੇ ਗਏ ਸੈਂਕੜੇ ਪ੍ਰਵਾਸੀ ਪਰਿਵਾਰਾਂ ਨੂੰ ਇਥੋਂ ਨੇੜਲੇ ਪਿੰਡ ਟਹਿਣਾ ਵਿਖੇ ਦੋ-ਦੋ ਮਰਲੇ ਦੇ ਪਲਾਟ ਦਿਲਵਾਏ ਗਏ ਅਤੇ ਉਦੋਂ ਇਸ ਨਵੀਂ ਬਸਤੀ ਦਾ ਨਾਮ ਡਾ. ਅੰਬੇਡਕਰ ਨਗਰ ਰੱਖਿਆ ਗਿਆ ਸੀ। ਸ੍ਰੀ ਢੋਸੀਵਾਲ ਨੇ ਵਾਇਸ ਚਾਂਸਲਰ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦੇ ਉਪਰਾਲੇ ਸਦਕਾ ਯੂਨੀਵਰਸਿਟੀ ਬਣਨ ਦੇ ਇੱਕੀ ਸਾਲ ਬਾਅਦ ਪਹਿਲੀ ਵਾਰ 2019 ਵਿੱਚ ਨਰਸਿੰਗ ਲੈਕਚਰਾਰਾਂ ਦੀਆਂ ਪ੍ਰਮੋਸ਼ਨਾਂ ਸੰਭਵ ਹੋ ਸਕੀਆਂ ਸਨ। ਵਾਇਸ ਚਾਂਸਲਰ ਸ੍ਰ. ਬਰਾੜ ਨੇ ਟਰੱਸਟ ਵੱਲੋਂ ਕੀਤੀਆਂ ਜਾ ਰਹੀਆਂ ਵਧੀਆ ਸਮਾਜ ਸੇਵਾਵਾਂ ਬਾਰੇ ਸੁਣ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸ੍ਰ. ਬਰਾੜ ਨੇ ਯੂਨੀਵਰਸਿਟੀ ਅਧੀਨ ਸਾਰੇ ਅਦਾਰਿਆਂ ਦੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਲਗਨ, ਇਮਾਨਦਾਰੀ ਅਤੇ ਨੇਕ ਨੀਤੀ ਨਾਲ ਨਿਭਾਉਣ ਦੀ ਅਪੀਲ ਕੀਤੀ।

