ਰਾਮ ਦਾਸ ਗੁਰ ਮੋਹੜੀ ਗੱਡੀ, ਜਿਹੜੀ ਥਾਂ ਸਿਫ਼ਤੀ ਦਾ ਘਰ ਹੈ।
ਸਰਬ ਕਲਾ ਸੰਪੂਰਨ ਨਗਰੀ, ਗੁਰ ਕੇ ਕਾਰਨ ਅੰਮ੍ਰਿਤਸਰ ਹੈ।
ਧਰਮ ਕਰਮ ਲਈ ਹਰ ਮੰਦਰ ਹੈ, ਗੁਰ ਅਰਜੁਨ ਦੀ ਦੂਰ ਦ੍ਰਿਸ਼ਟੀ,
ਮੀਆਂ ਮੀਰ ਬਰਾਬਰ ਬੈਠਾ, ਸਰਬ ਕਾਲ਼ ਦਾ ਦੀਦਾਵਰ ਹੈ।
ਹਰਗੋਬਿੰਦ ਗੁਰੂ ਦੀ ਪੀਰੀ, ਨਾਲ਼ ਖੜੀ ਕਿਰਪਾਲੂ ਮੇਰੀ,
ਤਖ਼ਤ ਅਕਾਲ ਉਸਾਰਨ ਹਾਰਾ, ਨਿਰਭਉ ਤੇ ਨਿਰਵੈਰੀ ਦਰ ਹੈ।
ਇੱਕ ਮਾਰਗ ਦੇ ਪਾਂਧੀ ਖ਼ਾਤਿਰ, ਚਾਰੇ ਬੂਹੇ ਹਰ ਪਲ ਖੁੱਲ੍ਹੇ,
ਸੁਰਤ ਇਕਾਗਰ ਜੇਕਰ ਹੋਵੇ, ਸੱਖਣੀ ਝੋਲ਼ੀ ਦਿੰਦਾ ਭਰ ਹੈ।
ਬਿਪਰਨ ਵਾਦੀਆਂ ਭੇਸ ਬਦਲਿਆ, ਰਾਖੇ ਬਣ ਗਏ ਸਾਡੇ ਘਰ ਦੇ,
ਅਮਰ ਵੇਲ ਮੁੜ ਬੇਰੀ ਚੜ੍ਹ ਗਈ, ਚੱਟ ਨਾ ਜਾਵੇ ਇਹੀ ਡਰ ਹੈ।
ਸ਼ਬਦ ਗੁਰੂ ਸੰਦੇਸ਼ ਸੁਹਾਵਾ, ਸਾਡੀ ਰੂਹ ਤੇ ਪਰਚਮ ਝੂਲੇ,
ਘਰ ਘਰ ਉਸਰੇ ਧਰਮਸਾਲ ਦਾ, ਗੁਰ ਮੇਰੇ ਨੇ ਦਿੱਤਾ ਵਰ ਹੈ।
ਧਰਤ ਗਗਨ ਤੇ ਕੁੱਲ ਸ੍ਰਿਸ਼ਟੀ, ਪੱਤੇ ਪੱਤੇ ਗੋਬਿੰਦ ਬੈਠਾ,
ਆਦਿ -ਜੁਗਾਦੀ ਜੋਤ ਨਿਰੰਤਰ, ਨੂਰ ਨੂਰਾਨੀ ਦਾ ਸਰਵਰ ਹੈ।
🟩

◾️ਗੁਰਭਜਨ ਗਿੱਲ