ਸ਼ਾਮਾਂ ਵੇਲੇ ਚੀਸ ਪ੍ਰਾਹੁਣੀ,
ਮੇਰੇ ਮਨ ਦਾ ਦਰ ਖੜਕਾਵੇ।
ਜਾਗੀ ਪੀੜ ਇਕੱਲੀ ਜਿੰਦੜੀ।
ਦਿਲ ਵੀ ਜੀਕਣ ਬੁਝਿਆ ਬੁਝਿਆ,
ਕਿਸੇ ਮਜ਼ਾਰ ‘ਤੇ
ਮੂਧਾ ਜਿਵੇਂ ਤਰੇੜਿਆ ਦੀਵਾ।
ਦੂਰ ਕਿਤੇ ਸਾਗਰ ਦੇ
ਸਿਰ ‘ਤੇ ਬੱਦਲ ਚੜ੍ਹਿਆ।
ਕਾਲੀ ਘਟ ਨੇ ਨ੍ਹੇਰ ਮਚਾਇਆ,
ਮੇਰੇ ਪਿੰਡ ਦੇ ਸਿਰ ‘ਤੇ
ਪਰ ਔੜਾਂ ਦਾ ਸਾਇਆ।
ਹਰ ਜੀਅ ਜੀਕਣ ਹੌਕਾ ਤੁਰਦਾ।
ਧੂੰਏ ਵਿਚ ਰਾਹ ਦਿਸੇ ਨਾ ਕੋਈ,
ਸ਼ਾਮਾਂ ਵੇਲੇ ਇਹ ਕੈਸੀ ਅਨਹੋਣੀ ਹੋਈ।
ਮੇਰੇ ਸਨਮੁਖ ਟੁੱਟਿਆ ਸ਼ੀਸ਼ਾ।
ਕੰਕਰ ਕੰਕਰ ਅਕਸ ਖਿੱਲਰਿਆ।
ਇਸ ਤੋਂ ਆਪਣੇ ਬਾਰੇ
ਹੁਣ ਮੈਂ ਕੀਹ ਜਾਣਾਂਗਾ?
ਇਹ ਤਾਂ ਆਪ ਗੁਆਚੀ ਕਾਇਆ।
ਤਿੜਕਿਆ ਅਕਸ ਨਿਹਾਰ ਰਿਹਾ ਹਾਂ।
ਹੁਣ ਮੈਂ ਕਿਹੜੇ ਮੋਢੇ
ਆਪਣਾ ਸੀਸ ਟਿਕਾਵਾਂ?
ਰੋਂਦਾ ਰੋਂਦਾ ਥੱਕ ਜਾਵਾਂ,
ਹੌਲਾ ਹੋ ਜਾਵਾਂ।
ਅੱਖਾਂ ਵਿਚ ਦਰਿਆ ਤੇ ਨਦੀਆਂ।
ਦਿਲ ਵਿਚ ਉੱਛਲੇ ਤਲਖ਼ ਸਮੁੰਦਰ।
ਮੈਥੋਂ ਆਪਣਾ ਰਾਹ ਪੁੱਛਦਾ ਹੈ,
ਕਿੱਧਰ ਜਾਵਾਂ?
ਮੇਰੇ ਕੋਲ ਰੁਮਾਲ ਨਾ ਕੋਈ,
ਕਿਸੇ ਮੁਹੱਬਤੀ ਰੂਹ ਦਾ ਦਿੱਤਾ,
ਜਿਸਨੂੰ ਅੱਖੀਆਂ ਉੱਤੇ ਧਰਕੇ
ਅੱਥਰੂ ਵਹਿੰਦੇ ਰੁਕ ਜਾਂਦੇ ਨੇ,
ਜਿਸ ਵਿਚ ਨਦੀਆਂ, ਦਰਿਆ,
ਸਾਗਰ ਸੁੱਕ ਜਾਂਦੇ ਨੇ।
ਏਸ ਪਰਾਈ ਧਰਤੀ ਉੱਤੇ,
ਮੇਰੀ ਆਪਣੀ ਪੈੜ ਨਹੀਂ ਹੈ।
ਨਾ ਮੇਰਾ ਪਰਛਾਵਾਂ ਏਥੇ,
ਨਾ ਮੇਰਾ ਪਰਛਾਵਾਂ ਓਥੇ।
ਬਰਫ਼ਾਨੀ ਟੀਸੀ ਤੇ ਚੰਨ ਹੈ।
ਰਾਤ ਚੌਧਵੀਂ
ਦੂਰ ਪਿਆ ਲਿਸ਼ਕੋਰਾਂ ਮਾਰੇ।
ਬਿਟ ਬਿਟ ਝਾਕ ਰਹੇ ਨੇ ਤਾਰੇ।
ਇਹ ਵੀ ਮੇਰੇ ਵਰਗੇ ਸਾਰੇ।
ਨਾ ਜਾਗੇ, ਨਾ ਸੁੱਤੇ ਲੱਗਣ
ਥੱਕੇ ਹਾਰੇ।
ਹਰੇ ਕਚੂਰ ਦਰਖ਼ਤਾਂ ਉੱਤੇ
ਪੱਤ ਹਰਿਆਲੇ।
ਸੂਰਜ ਦੀ ਲਿਸ਼ਕੋਰ ‘ਚ ਲਿਸ਼ਕਣ,
ਪਰ ਹੋਠਾਂ ‘ਤੇ ਚੁੱਪ ਦੇ ਤਾਲੇ।
ਜੀਭਾ ਕਿਤੇ ਗੁਆਚ ਗਈ ਹੈ।
ਕੰਨਾਂ ਦੇ ਵਿਚ ਸਿੱਕਾ ਢਲਿਆ,
ਕੁੱਲ ਧਰਤੀ ਦਾ ਸਾਂਝਾ ਦੀਵਾ,
ਕਿੱਥੇ ਚੜ੍ਹ ਕੇ ਸੂਰਜ ਬਲਿਆ।
ਬਾਲ ਅਲੂੰਏਂ
ਧਰਤੀ ਦੀ ਹਿੱਕੜੀ ‘ਤੇ ਠਰਦੇ।
ਪੈਰੋਂ ਤੇੜੋਂ ਨੰਗ ਮੁਨੰਗੇ ਹਰ ਹਰ ਕਰਦੇ।
ਜੰਮਣ ਸਾਰ ਹੀ
ਜ਼ਿੰਦਗੀ ਕਿਤੇ ਗੁਆਚ ਗਈ ਹੈ,
ਰਹਿਣ ਮੌਤ ਦਾ ਲੇਖਾ ਕਰਦੇ।
ਪਰ ਨਾ ਡਾਢੇ ਰੱਬ ਤੋਂ ਡਰਦੇ।
ਹਾੜ੍ਹ ਸਿਆਲੇ,
ਪੱਤਝੜ ਅਤੇ ਪੁੰਗਾਰੇ ਰੁੱਤੇ।
ਖੜ ਖੜ ਖੜ ਖੜ ਡੱਬੇ
ਰੇਲ ਪਟੜੀਆਂ ਉੱਤੇ।
ਵਕਤ ਦੇ ਹੇਠਾਂ ਅੱਥਰਾ ਘੋੜਾ,
ਇਹ ਨਾ ਮੈਨੂੰ ਦੇਵੇ ਦਾਈ।
ਖੇਡੀ ਜਾਵੇ ਲੁਕਣ ਮਚਾਈ।
ਮੈਂ ਇਹਦੇ ਸੰਗ ਦੌੜ ਰਿਹਾਂ
ਸਿਰਤੋੜ ਨਿਰੰਤਰ।
ਆਦਮ ਜੂਨ ਗੁਆਚੀ
ਬਣ ਬੈਠਾ ਹਾਂ ਯੰਤਰ।
ਜਿਉਂਦੇ ਜੀਅ ਨਹੀਂ ਹੋ ਸਕਣਾ,
ਮੈਂ ਕਦੇ ਸੁਤੰਤਰ।
ਉੱਚੇ ਭਵਨ, ਪਹਾੜਾਂ,
ਮਹਿਲ ਅਟਾਰੀਆਂ ਉੱਤੇ।
ਚੰਨ ਤੇ ਸੂਰਜ ਪੁੱਠੇ ਹੋ ਕੇ
ਵੰਡਦੇ ਚਾਨਣ।
ਧਰਤੀ ‘ਤੇ ਵੀ ਵੱਸਦੇ ਲੋਕੀਂ,
ਜੋ ਨਾ ਸ਼ਿਕਵਾ, ਰੋਸ ਸ਼ਿਕਾਇਤ,
ਆਪਣੀ ਜੀਭਾ ਉੱਤੇ ਧਰਦੇ।
ਸ਼ਾਮ, ਸਵੇਰੇ, ਰਾਤਾਂ ਤੇ ਪ੍ਰਭਾਤਾਂ ਵੇਲੇ,
ਖ਼ੌਰੇ ਕਿੰਨੇ ਤਰਲੇ ਪਾਉਂਦੇ।
ਰਹਿੰਦੇ ਦੇਵੀ ਦੇਵ ਧਿਆਉਂਦੇ।
ਨੇਰ੍ਹੇ ਦੀ ਲੋਈ ਨਾ ਪਾਟੇ,
ਰਾਹਾਂ ਦੇ ਵਿਚ ਜਿੰਦ ਮੁਕਾਉਂਦੇ।
ਮੇਰਾ ਅੰਬਰ ਵੀ ਕਿਉਂ
ਅੱਜ ਤੱਕ ਕਾਲ ਕਲੂਟਾ।
ਪੁੰਗਰਦਾ ਨਾ ਆਸ ਦਾ ਬੂਟਾ।
ਫੁੱਲਾਂ ‘ਚੋਂ ਖੁਸ਼ਬੋਈ ਮੋਈ,
ਪ੍ਰਕ੍ਰਿਤੀ ਦੀ ਨਬਜ਼ ਖਲੋਈ।
ਸੂਰਜ ਮੇਰੇ ਨਾਲ ਜਿਵੇਂ
ਹੈ ਰੁੱਸਿਆ ਰੁੱਸਿਆ।
ਚੰਦਰਮਾ ‘ਚੋਂ ਚਾਨਣ ਜਾਪੇ
ਖੁੱਸਿਆ ਖੁੱਸਿਆ।
ਬਿਰਖ਼ ਨਿਪੱਤਰੇ ਵਾਂਗੂੰ ਗੁੰਮ ਗੁੰਮ,
ਦਲਦਲ ਅੰਦਰ
ਇਕੋ ਲੱਤ ਦੇ ਭਾਰ ਖੜ੍ਹਾ ਹਾਂ।
ਕਦੇ ਕਦੇ ਤਾਂ ਇਉਂ ਲੱਗਦਾ ਹੈ,
ਮੈਂ ਉਹ ਪੰਛੀ,
ਜਿਸ ਦੇ ਪੈਰੀਂ ਝਾਂਜਰ ਹੋਏ।
ਖੰਭ ਧਾਗੇ ਵਿਚ ਉਲਝੇ,
ਉਸ ਤੋਂ ਉੱਡ ਨਾ ਹੋਏ।
ਸੁਪਨੇ ਦੇ ਵਿਚ ਹੇਕ ਅਧੂਰੀ
ਸੰਘ ਵਿਚ ਅਟਕੇ।
ਜਾਂ ਖੂਹੀ ਵਿਚ ਡਿੱਗਦੇ ਡਿੱਗਦੇ,
ਮੌਣ ਕਿਨਾਰੇ ਹੱਥ ਪੈ ਜਾਵੇ।
ਕੱਲ੍ਹ-ਮੁ-ਕੱਲ੍ਹਾ ਰੋਵਾਂ
ਤੇ ਕੋਈ ਨੇੜ ਨਾ ਆਵੇ।
ਨਾ ਉੱਪਰ ਨਾ ਹੇਠਾਂ,
ਦੱਸੋ ਕਿੱਧਰ ਜਾਵੇ।
ਸ਼ਾਮਾਂ ਵੇਲੇ ਕਈ ਵਾਰੀ
ਇਉਂ ਸਾਹ ਰੁਕਦਾ ਹੈ।
ਹੇ ਮੇਰੇ ਜੀਵਨ ਦੀ
ਜਗਮਗ ਜਗਦੀਏ ਬੱਤੀਏ।
ਆ ਜਾ ਰਲ ਕੇ ਸੁਪਨੇ ਕੱਤੀਏ।
ਸੁਪਨੇ ਵਿਚ ਪਰੁੱਚੀਏ
ਨੀ ਸਾਹਾਂ ਦੀਏ ਲੜੀਏ।
ਆ ਜਾ ਏਸ ਇਬਾਰਤ ਨੂੰ
ਅੱਜ ਰਲ਼ ਕੇ ਪੜ੍ਹੀਏ।
ਸੂਰਜ ਸਾਡੇ ਸਾਹੀਂ ਕਿਉਂ ਨਹੀਂ
ਨਿੱਘ ਵਰਤਾਉਂਦਾ।
ਚੰਦਰਮਾ ਵੀ ਕਿਉਂ ਨਹੀਂ
ਸਾਡੇ ਮਨ ਰੁਸ਼ਨਾਉਂਦਾ।
ਆ ਜਾ ਮਨ ਦੇ ਮੈਲੇ ਸ਼ੀਸ਼ੇ
ਮੁੜ ਲਿਸ਼ਕਾਈਏ।
ਸ਼ਾਮਾਂ ਵੇਲੇ ਇੱਕ ਦੂਜੇ ਦਾ
ਚਾਨਣ ਬਣੀਏ।
ਆਪਣੇ ਅਤੇ ਬੇਗਾਨੇ ਰਾਹ ‘ਚੋਂ
ਨੇਰ੍ਹ ਮਿਟਾਈਏ।
ਸਾਹਾਂ ਵਿਚ ਕਸਤੂਰੀ ਮੱਥੇ
ਕੇਸਰ ਟਿੱਕਾ,
ਇਸ ਧਰਤੀ ਨੂੰ ਜਿਉਣ ਜੋਗੜੀ
ਆਪ ਬਣਾਈਏ।
🟢
ਕਾਵਿ ਪੁਸਤਕ “ਧਰਤੀ ਨਾਦ” ਵਿੱਚੋਂ
▪️ਗੁਰਭਜਨ ਗਿੱਲ
