ਲੁਧਿਆਣਾ 18 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਮੁੱਖ ਸੂਖਮ ਕੀਟ ਵਿਗਿਆਨੀ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਆਪਣੇ ਸਵਰਗੀ ਪਿਤਾ ਇੰਜ: ਸਰਬਜੀਤ ਸਿੰਘ ਬਰਾੜ ਦੀ ਯਾਦ ਵਿਚ ਵਿਭਾਗ ਦੀ ਅਕਾਦਮਿਕ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਪੀ.ਏ.ਯੂ. ਦੇ ਰਾਸ਼ਟਰੀ ਕੀਟ ਮਿਊਜ਼ੀਅਮ ਵਿੱਚ ਸੋਧ ਅਤੇ ਵਿਕਾਸ ਲਈ 25 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ| ਪੀ.ਏ.ਯੂ. ਦੇ ਕੀਟ ਮਿਊਜ਼ੀਅਮ ਦੇ ਵਿਕਾਸ ਨਾਲ ਕੀਟਾਂ ਦੀ ਸੰਭਾਲ, ਉਹਨਾਂ ਦੇ ਪ੍ਰਦਰਸ਼ਨ ਅਤੇ ਕੀਟ ਵਿਭਿੰਨਤਾ ਦੀ ਸਿੱਖਿਆ ਆਦਿ ਬਾਰੇ ਵਿਦਿਆਰਥੀਆਂ, ਖੋਜੀਆਂ ਅਤੇ ਅਧਿਆਪਕਾਂ ਨੂੰ ਭਰਪੂਰ ਜਾਣਕਾਰੀ ਹਾਸਲ ਹੋ ਸਕੇਗੀ| ਇਸ ਤਰ੍ਹਾਂ ਕੀਟਾਂ ਦੀ ਰੋਕਥਾਮ, ਉਹਨਾਂ ਦੀ ਪਛਾਣ ਅਤੇ ਇਸ ਸੰਬੰਧੀ ਕਿਸਾਨਾਂ ਨੂੰ ਵਿਗਿਆਨਕ ਸਿਫ਼ਾਰਸ਼ਾਂ ਕਰਨ ਦੀ ਪਲਾਂਟ ਕਲੀਨਿਕ ਦੀ ਸਮਰੱਥਾ ਵਿਚ ਵੀ ਵਾਧਾ ਹੋਵੇਗਾ|
ਪਲਾਂਟ ਕਲੀਨਿਕ ਨੂੰ ਪੀ.ਏ.ਯੂ. ਦੇ ਸੇਵਾਮੁਕਤ ਪ੍ਰੋਫੈਸਰ ਡਾ. ਅਮਰੀਕ ਸਿੰਘ ਸੋਹੀ ਨੂੰ ਸਮਰਪਿਤ ਹੋਵੇਗਾ| ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਮਨਮੀਤ ਬਰਾੜ ਭੁੱਲਰ ਵੱਲੋਂ ਆਏ ਇਸ ਯੋਗਦਾਨ ਨੂੰ ਬੇਹੱਦ ਮੁੱਲਵਾਨ ਅਤੇ ਨੇਕ ਕਾਰਜ ਕਿਹਾ| ਉਹਨਾਂ ਕਿਹਾ ਕਿ ਇਸ ਨਾਲ ਭਵਿੱਖ ਦੇ ਖੋਜੀਆਂ ਨੂੰ ਵਧੇਰੇ ਖੋਜ ਸਰੋਤ ਹਾਸਲ ਹੋਣਗੇ ਅਤੇ ਕੀਟਾਂ ਦੀ ਖੋਜ ਬਾਰੇ ਦ੍ਰਿਸ਼ਟੀਕੋਣ ਵਿਚ ਵਾਧਾ ਹੋਵੇਗਾ ਜਿਸਦਾ ਲਾਭ ਸਿੱਧੇ ਤੌਰ ਤੇ ਖੇਤੀ ਅਤੇ ਕਿਸਾਨੀ ਨੂੰ ਮਿਲ ਸਕੇਗਾ| ਉਹਨਾਂ ਕਿਹਾ ਕਿ ਇਸ ਯੋਗਦਾਨ ਨੂੰ ਆਪਣੀ ਸੰਸਥਾ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਦੇ ਆਦਰਸ਼ ਵਜੋਂ ਦੇਖਿਆ ਜਾਣਾ ਚਾਹੀਦਾ ਹੈ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਕੀਟ ਮਿਊਜ਼ੀਅਮ ਪੀ.ਏ.ਯੂ. ਦੇ ਕੀਟ ਵਿਗਿਆਨੀਆਂ ਦੀ ਖੋਜ ਲਈ ਬੇਹੱਦ ਮਹੱਤਵਪੂਰਨ ਕੇਂਦਰ ਹੈ ਅਤੇ ਇਸ ਵਿਚ ਸੁਧਾਰ ਅਤੇ ਵਿਕਾਸ ਲਈ ਡਾ. ਭੁੱਲਰ ਦਾ ਯੋਗਦਾਨ ਭਵਿੱਖ ਨੂੰ ਸੰਵਾਰਨ ਦੀ ਦਿਸ਼ਾ ਵਿਚ ਬੇਹੱਦ ਮੁੱਲਵਾਨ ਹੈ|
ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਵੀ ਡਾ. ਭੁੱਲਰ ਵੱਲੋਂ ਪਾਏ ਇਸ ਯੋਗਦਾਨ ਦੀ ਸ਼ਲਾਘਾ ਕੀਤੀ|

