ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਲਿਆਂਦੇ ਗਏ 90 ਦੁੱਧ ਦੇ ਸੈਂਪਲਾਂ ਦੀ ਕੀਤ ਜਾਂਚ*
ਜਾਂਚ ਦੌਰਾਨ 51 ਸੈਂਪਲ ਮਿਆਰ ਅਨੁਸਾਰ ਸਹੀ ਪਾਏ ਗਏ*

ਲੁਧਿਆਣਾ, 19 ਅਗਸਤ (ਵਰਲਡ ਪੰਜਾਬੀ ਟਾਈਮਜ਼)
ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਲੁਧਿਆਣਾ ਦੀ ਅਗਵਾਈ ਹੇਠ ਸਕੂਲ ਆਫ ਐਮੀਨੈਂਸ (ਐਸ ਓ ਈ), ਖੰਨਾ ਵਿਖੇ ਦੁੱਧ ਖਪਤਕਾਰ ਜਾਗਰੂਕਤਾ (ਸਕੂਲ) ਕੈਂਪ ਲਗਾਇਆ ਗਿਆ।
ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਦੁੱਧ ਦੀ ਮਹੱਤਤਾ, ਦੁੱਧ ਅਤੇ ਦੁੱਧ ਪਦਾਰਥਾਂ ਦੀ ਵਰਤੋਂ, ਜੰਕ ਫੂਡ ਅਤੇ ਕੋਲਡ ਡਰਿੰਕਸ ਤੋਂ ਪਰਹੇਜ਼ ਕਰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਸਬੰਧੀ ਵੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ।
ਕੈਂਪ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਲਿਆਂਦੇ ਗਏ ਕੁੱਲ 90 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ 51 ਸੈਂਪਲ ਮਿਆਰਾਂ ਅਨੁਸਾਰ ਪਾਏ ਗਏ, ਜਦਕਿ 39 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ। ਹਾਲਾਂਕਿ, ਜਾਂਚ ਕੀਤੇ ਗਏ ਕਿਸੇ ਵੀ ਦੁੱਧ ਦੇ ਸੈਂਪਲ ਵਿੱਚ ਕੋਈ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ।
ਕੈਂਪ ਦੌਰਾਨ ਮਿਸ ਅੰਕਿਤ ਕਪੂਰ, ਡੇਅਰੀ ਵਿਕਾਸ ਇੰਸਪੈਕਟਰ ਸੁਖਵਿੰਦਰ ਸਿੰਘ, ਅਗਮਪ੍ਰੀਤ ਕੌਰ ਅਤੇ ਅਨੁਰਾਗਪ੍ਰੀਤ ਕੌਰ ਵੱਲੋਂ ਆਪੋ-ਆਪਣੇ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਕੂਲ ਦੀ ਇੰਚਾਰਜ ਸੰਧਿਆ ਕਪੂਰ ਨੇ ਵਿਭਾਗ ਵੱਲੋਂ ਲਗਾਏ ਗਏ ਜਾਗਰੂਕਤਾ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਨਿਰੰਤਰ ਲਗਾਏ ਜਾਣੇ ਚਾਹੀਦੇ ਹਨ, ਤਾਂ ਜੋ ਵਿਦਿਆਰਥੀਆਂ ਵਿੱਚ ਖਾਣ-ਪੀਣ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਹੋ ਸਕੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਦਿੱਤੀ ਗਈ ਕੈਰੀਅਰ ਗਾਈਡੈਂਸ ਸਬੰਧੀ ਜਾਣਕਾਰੀ ਵੀ ਬਹੁਤ ਮਹੱਤਵਪੂਰਨ ਅਤੇ ਲਾਹੇਵੰਦ ਰਹੀ।
ਇਸ ਮੌਕੇ ਸਕੂਲ ਇੰਚਾਰਜ ਸੰਧਿਆ ਕਪੂਰ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਮਿਲਕ ਪੀਓ ਅਤੇ ਮਿਲਕ ਕੇਕ ਦੀ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਵਿਭਾਗ ਵੱਲੋਂ ਕਰਵਾਏ ਗਏ ਕੁਇਜ਼ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਅਤੇ ਜੇਤੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਵੀ ਪ੍ਰਦਾਨ ਕੀਤੇ ਗਏ।
ਡੇਅਰੀ ਵਿਕਾਸ ਵਿਭਾਗ ਵੱਲੋਂ ਕਰਵਾਇਆ ਗਿਆ ਇਹ ਜਾਗਰੂਕਤਾ ਕੈਂਪ ਵਿਦਿਆਰਥੀਆਂ ਨੂੰ ਦੁੱਧ ਅਤੇ ਦੁੱਧ ਪਦਾਰਥਾਂ ਦੀ ਮਹੱਤਤਾ, ਸਿਹਤਮੰਦ ਖੁਰਾਕ ਅਤੇ ਭਵਿੱਖ ਵਿੱਚ ਸਹੀ ਕੈਰੀਅਰ ਦੀ ਚੋਣ ਸਬੰਧੀ ਜਾਗਰੂਕ ਕਰਨ ਲਈ ਇੱਕ ਮਹੱਤਵਪੂਰਨ ਉਪਰਾਲਾ ਸਾਬਤ ਹੋਇਆ।
