
ਲੁਧਿਆਣਾ 19 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਵਾਈਸ ਚਾਂਸਲਰ ਵਜੋਂ ਚਾਰ ਸਾਲਾਂ ਦਾ ਕਾਰਜਕਾਲ ਸਮਾਪਤ ਹੋਣ ਤੇ ਅੱਜ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੇ ਡਾ. ਸਤਿਬੀਰ ਸਿੰਘ ਗੋਸਲ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ। ਇਸ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਉਹਨਾਂ ਵੱਲੋਂ ਯੂਨੀਵਰਸਿਟੀ ਦੀ ਕੀਤੀ ਗਈ ਅਗਵਾਈ ਅਤੇ ਕਾਰਜਕਾਲ ਦੌਰਾਨ ਦਿੱਤੀਆਂ ਸੇਧਾਂ ਦੇ ਨਾਲ-ਨਾਲ ਇਸ ਅਰਸੇ ਵਿਚ ਯੂਨੀਵਰਸਿਟੀ ਵੱਲੋਂ ਸਫਲਤਾ ਦੇ ਛੂਹੇ ਗਏ ਮਰਹਲਿਆਂ ਉੱਪਰ ਮਾਣ ਮਹਿਸੂਸ ਕੀਤਾ ਗਿਆ।
ਇਸ ਸੰਬੰਧੀ ਯੂਨੀਵਰਸਿਟੀ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਇਕ ਹੋਰ ਮੀਟਿੰਗ ਯੂਨੀਵਰਸਿਟੀ ਦੇ ਅਧਿਆਪਨ, ਗੈਰ ਅਧਿਆਪਨ ਅਤੇ ਦਰਜਾ ਚਾਰ ਕਰਮਚਾਰੀਆਂ ਦੀਆਂ ਯੂਨੀਅਨਾਂ ਦੇ ਨੁਮਾਇੰਦਿਆ ਨਾਲ ਵਾਈਸ ਚਾਂਸਲਰ ਨਾਲ ਹੋਈ। ਤੀਸਰੀ ਮੀਟਿੰਗ ਉਹਨਾਂ ਦੇ ਨਿੱਜੀ ਦਫ਼ਤਰ ਦੇ ਸਟਾਫ ਨਾਲ ਆਯੋਜਿਤ ਕੀਤੀ ਗਈ।
ਡਾ. ਗੋਸਲ ਨੇ ਇਸ ਦੌਰਾਨ ਹਰ ਤਰ੍ਹਾਂ ਦੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਆਪਣੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਨੂੰ ਅਗਾਂਹ ਵਧਾਉਣ ਅਤੇ ਇਸਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਯੂਨੀਵਰਸਿਟੀ ਅਧਿਕਾਰੀਆਂ, ਅਧਿਆਪਕਾਂ, ਵਿਗਿਆਨੀਆਂ, ਗੈਰ ਅਧਿਆਪਨ ਅਮਲੇ, ਸਹਿਯੋਗੀ ਅਮਲੇ ਅਤੇ ਉਹਨਾਂ ਦੇ ਨਿੱਜੀ ਦਫਤਰ ਦੇ ਕਰਮਚਾਰੀਆਂ ਦੇ ਸਹਿਯੋਗ ਬਿਨਾਂ ਇਨ੍ਹਾਂ ਕਾਰਜਾਂ ਨੂੰ ਬੇਹੱਦ ਔਖਾ ਦਸਦਿਆਂ ਡਾ. ਗੋਸਲ ਨੇ ਕਿਹਾ ਕਿ ਇਹ ਚਾਰ ਸਾਲ ਇਕ ਯਾਤਰਾ ਵਾਂਗ ਸਮੂਹਿਕ ਯਤਨਾਂ ਦੇ ਰੂਪ ਵਿਚ ਗੁਜਰੇ ਹਨ। ਉਹਨਾਂ ਕਿਹਾ ਕਿ ਇਹ ਅਰਸਾ ਉਹਨਾਂ ਦੀਆਂ ਯਾਦਾਂ ਵਿਚ ਹਮੇਸ਼ਾਂ ਲਈ ਸੁਰੱਖਿਅਤ ਰਹੇਗਾ। ਜ਼ਿਕਰਯੋਗ ਹੈ ਕਿ ਡਾ. ਗੋਸਲ ਨੇ 19 ਅਗਸਤ 2022 ਨੂੰ ਵਾਈਸ ਚਾਂਸਲਰ ਦਾ ਕਾਰਜਭਾਰ ਸੰਭਾਲਿਆ ਸੀ। ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਬੀ ਐੱਸ ਸੀ ਅਤੇ ਪੀ.ਏ.ਯੂ. ਤੋਂ ਐੱਮ ਐੱਸ ਸੀ ਅਤੇ ਪਲਾਂਟ ਬਰੀਡਿੰਗ ਵਿਚ ਪੀ ਐੱਚ ਡੀ ਕਰਨ ਵਾਲੇ ਡਾ. ਗੋਸਲ ਨੇ ਪੋਸਟ ਡਾਕਟਰਲ ਖੋਜ ਬਰਤਾਨੀਆਂ ਦੀ ਨੌਟਿੰਘਮ ਯੂਨੀਵਰਸਿਟੀ ਅਤੇ ਜੌਨ ਇੰਨਜ਼ ਕੇਂਦਰ ਨੌਰਵਿਚ ਤੋਂ ਕੀਤੀ। ਉਹਨਾਂ ਨੇ ਅਮਰੀਕਾ ਤੋਂ ਵਿਸ਼ੇ ਵਿਚ ਹੋਰ ਸਿਖਲਾਈ ਹਾਸਲ ਕੀਤੀ। ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਡਾ. ਗੋਸਲ ਨੇ ਯੂਨੀਵਰਸਿਟੀ ਵਿਚ ਨਿਰਦੇਸ਼ਕ ਖੋਜ, ਵਧੀਕ ਨਿਰਦੇਸ਼ਕ ਖੋਜ, ਖੇਤੀ ਬਾਇਓਤਕਨਾਲੋਜੀ ਸਕੂਲ ਦੇ ਮੋਢੀ ਅਤੇ ਬਾਇਓਤਕਨਾਲੋਜੀ ਵਿਭਾਗ ਦੇ ਮੁਖੀ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਸਨ।
ਉਹਨਾਂ ਵੱਲੋਂ ਕੀਤੇ ਕਾਰਜਾਂ ਲਈ ਬੜੇ ਵੱਕਾਰੀ ਇਨਾਮ ਹਾਸਲ ਹੋਏ। ਲੰਡਨ ਦੀ ਰਾਇਲ ਸੁਸਾਇਟੀ ਦਾ ਸਨਮਾਨ, ਰੌਕਫੋਲਰ ਫਾਊਂਡੇਸ਼ਨ ਦੀ ਫੈਲਸ਼ਿਪ, ਪੰਜਾਬ ਵਿਗਿਆਨ ਅਕਾਦਮੀ ਵੱਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨ ਆਦਿ ਦਾ ਜ਼ਿਕਰ ਇਸ ਪ੍ਰਸੰਗ ਵਿਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ਦੀਆਂ ਅਨੇਕ ਵੱਕਾਰੀ ਅਕਾਦਮੀਆਂ ਦੀ ਮਾਣਮੱਤੀ ਮੈਂਬਰਸ਼ਿਪ ਉਹਨਾਂ ਨੂੰ ਹਾਸਲ ਹੋਈ। 20 ਖੋਜ ਪ੍ਰੋਜੈਕਟਾਂ, 207 ਖੋਜ ਪੇਪਰਾਂ, 12 ਕਿਤਾਬਾਂ ਅਤੇ 77 ਵਿਦਿਆਰਥੀਆਂ ਦੀ ਅਗਵਾਈ ਉਹਨਾਂ ਨੂੰ ਬਿਹਤਰੀਨ ਖੋਜੀ ਅਤੇ ਅਕਾਦਮਿਕ ਮਾਹਿਰ ਸਾਬਿਤ ਕਰਨ ਲਈ ਕਾਫੀ ਹੈ।
ਡਾ. ਗੋਸਲ ਦੀ ਅਗਵਾਈ ਵਿਚ ਪੀ.ਏ.ਯੂ. ਨੇ 2023 ਤੋਂ 2025 ਤੱਕ ਲਗਾਤਾਰ ਤਿੰਨ ਸਾਲ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਹਾਸਲ ਕੀਤੀ। ਨਾਲ ਹੀ ਯੂਨੀਵਰਸਿਟੀ ਦੁਨੀਆਂ ਦੀਆਂ ਪਹਿਲੀਆਂ 100 ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋਈ ਅਤੇ ਅਕਾਦਮਿਕ ਲੀਡਰਸ਼ਿਪ ਐਵਾਰਡ 2026 ਪੀ.ਏ.ਯੂ. ਦੀ ਝੋਲੀ ਪਿਆ। ਆਈ ਸੀ ਏ ਆਰ ਨੇ ਆਪਣੀ ਦਰਜਾਬੰਦੀ ਵਿਚ ਯੂਨੀਵਰਸਿਟੀ ਨੂੰ ਏ+ ਦਾ ਗਰੇਡ ਪ੍ਰਦਾਨ ਕੀਤਾ। ਉਹਨਾਂ ਦੇ ਕਾਰਜਕਾਲ ਦੌਰਾਨ ਲਗਭਗ 442 ਪੱਕੇ ਕਰਮਚਾਰੀਆਂ ਨੂੰ ਨੌਕਰੀ ਮਿਲੀ ਅਤੇ 23 ਆਨਰੇਰੀ ਵਿਜ਼ਟਿੰਗ ਪ੍ਰੋਫੈਸਰ ਦੇਸ਼-ਵਿਦੇਸ਼ ਤੋਂ ਯੂਨੀਵਰਸਿਟੀ ਨਾਲ ਜੋੜੇ ਗਏ।
ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਅਤੇ ਸਮਰਥਾ ਦੇ ਵਿਕਾਸ ਲਈ ਡਾ. ਗੋਸਲ ਦਾ ਕਾਰਜਕਾਲ ਜ਼ਿਕਰਯੋਗ ਰਿਹਾ। ਪੰਜਾਬ ਸਰਕਾਰ ਨੇ ਖੋਜ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 30 ਕਰੋੜ ਦੀ ਵਿਸ਼ੇਸ਼ ਇਮਦਾਦ ਇਸੇ ਦੌਰਾਨ ਦਿੱਤੀ। ਵਿਦਿਆਰਥੀਆਂ ਲਈ ਸਹੂਲਤਾਂ ਤੋਂ ਇਲਾਵਾ ਪ੍ਰਯੋਗਸ਼ਲਾਵਾਂ, ਹੋਸਟਲਾਂ ਅਤੇ ਲਾਇਬ੍ਰੇਰੀ ਦੇ ਨਾਲ-ਨਾਲ ਖੇਤੀ ਮਸ਼ੀਨਰੀ, ਬੀਜ ਫਾਰਮ, ਜੀਨ ਬੈਂਕ ਅਤੇ ਹੋਰ ਅਕਾਦਮਿਕ ਅਤੇ ਖੋਜ ਸਹੂਲਤਾਂ ਡਾ. ਗੋਸਲ ਦੀ ਪਹਿਲ ਰਹੀਆਂ। ਯੂਨੀਵਰਸਿਟੀ ਨੇ 50 ਨਵੇਂ ਟਰੈਕਟਰ ਖਰੀਦੇ ਅਤੇ ਪੀ.ਏ.ਯੂ. ਵਿਚ ਕਲੀਨ ਅਤੇ ਗਰੀਨ ਮੁਹਿੰਮ ਚਲਾਈ ਜਿਸ ਨਾਲ ਕੈਂਪਸ ਦਾ ਮਾਹੌਲ ਉਸਾਰੂ ਅਤੇ ਸਾਰਥਕ ਬਣਿਆ।
ਡਾ. ਗੋਸਲ ਦੇ ਕਾਰਜਕਾਲ ਵਿਚ ਹੀ ਪੀ.ਏ.ਯੂ. ਵਿਚ ਸਪੀਡ ਬਰੀਡਿੰਗ ਸਹੂਲਤਾਂ ਦਾ ਵਿਕਾਸ ਹੋਇਆ। ਇਸ ਤੋਂ ਇਲਾਵਾ ਤਕਨਾਲੋਜੀ ਪਾਰਕ ਅਤੇ ਡਰੋਨ ਲਈ ਸਿਖਲਾਈ ਕੇਂਦਰ ਵਿਕਸਿਤ ਕੀਤੇ ਗਏ। ਸਵੈ ਸੰਚਾਲਿਤ ਟਰੈਕਟਰਾਂ, ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਝੋਨਾ ਲਾਉਣ ਵਾਲੀ ਮਸ਼ੀਨ ਅਤੇ ਸੈਂਸਰ ਅਧਾਰਿਤ ਸਿੰਚਾਈ ਬਾਰੇ ਖੋਜ ਉਹਨਾਂ ਦੀ ਅਗਵਾਈ ਵਿਚ ਸ਼ੁਰੂ ਹੋਈ। ਇਸੇ ਅਰਸੇ ਦੌਰਾਨ ਯੂਨੀਵਰਸਿਟੀ ਨੇ 65 ਨਵੀਆਂ ਕਿਸਮਾਂ ਅਤੇ ਹਾਈਬਿ੍ਰਡ ਜਾਰੀ ਕੀਤੇ। ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 826 ਅਤੇ ਪੀ ਬੀ ਡਬਲਯੂ 872 ਆਈ ਸੀ ਏ ਆਰ ਵੱਲੋਂ ਦੇਸ਼ ਦੀਆਂ ਸਰਵੋਤਮ ਕਿਸਮਾਂ ਐਲਾਨੀਆਂ ਗਈਆਂ। ਵਿਕਸਿਤ ਕਿਸਮਾਂ ਦਾ ਬੀਜ ਉਤਪਾਦਨ ਜੋ 2022-23 ਵਿਚ 45 ਹਜ਼ਾਰ ਕੁਇੰਟਲ ਸੀ ਉਹ 2024-25 ਦੌਰਾਨ 72 ਹਜ਼ਾਰ ਕੁਇੰਟਲ ਤੱਕ ਪਹੁੰਚ ਗਿਆ। ਇਸ ਦੌਰਾਨ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਅਨੇਕ ਸੰਸਥਾਵਾਂ ਨਾਲ ਪੀ.ਏ.ਯੂ. ਨੇ ਸਾਂਝਦਾਰੀ ਲਈ ਸਮਝੌਤੇ ਕੀਤੇ। ਸਰਕਾਰ ਕਿਸਾਨ ਮਿਲਣੀਆਂ ਆਯੋਜਿਤ ਕਰਕੇ ਯੂਨੀਵਰਸਿਟੀ ਵੱਲੋਂ ਇਕ ਪੁਲ ਬਨਾਉਣ ਦਾ ਕਾਰਜ ਕੀਤਾ ਗਿਆ। ਇਸ ਤੋਂ ਇਲਾਵਾ ਵਿਦੇਸ਼ ਵਿਚ ਸਫਲ ਹੋਏ ਪੰਜਾਬੀ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਦੇ ਸਨਮੁੱਖ ਪੇਸ਼ ਕਰਨ ਲਈ ਮਹਾਂ ਸੰਮੇਲਨ ਆਯੋਜਿਤ ਹੋਇਆ। ਯੂਨੀਵਰਸਿਟੀ ਦੀਆਂ ਪਸਾਰ ਸੇਵਾਵਾਂ ਨੂੰ ਰਵਾਇਤੀ ਢੰਗਾਂ ਦੇ ਨਾਲ-ਨਾਲ ਡਿਜ਼ੀਟਲ ਮਾਧਿਅਮਾਂ ਰਾਹੀਂ ਫੈਲਾਉਣ ਲਈ ਸ਼ੋਸ਼ਲ ਮੀਡੀਆ ਵਿਧੀਆਂ ਦੀ ਵਰਤੋਂ ਕੀਤੀ ਗਈ। ਨਵਾਂ ਐਲੂਮਨੀ ਕੇਂਦਰ ਅਤੇ ਮੀਡੀਆ ਕੇਂਦਰ ਸਥਾਪਿਤ ਕਰਨ ਦੇ ਨਾਲ-ਨਾਲ ਪੀ.ਏ.ਯੂ. ਵਿਚ ਆਲ ਇੰਡੀਆ ਰੇਡੀਓ ਦਾ ਕੇਂਦਰ ਇਸੇ ਅਰਸੇ ਦੌਰਾਨ ਸਥਾਪਿਤ ਹੋਇਆ।
ਵਾਈਸ ਚਾਂਸਲਰ ਦੇ ਤੌਰ ਤੇ ਡਾ. ਗੋਸਲ ਦੀ ਕਾਰਜ ਸਮਾਪਤੀ ਪੀ.ਏ.ਯੂ. ਲਈ ਅਨੇਕ ਮਿੱਠੀਆਂ ਯਾਦਾਂ ਦੀ ਮੁੜ ਯਾਤਰਾ ਹੈ। ਉਹਨਾਂ ਨੇ ਸਮੁੱਚੇ ਕਰਮਚਾਰੀਆਂ ਨਾਲ ਭਾਈਚਾਰਕ ਸੰਬੰਧ ਬਣਾਏ। ਕਿਸਾਨਾਂ ਦੀਆਂ ਮੀਟਿੰਗਾਂ ਅਤੇ ਮੁਸ਼ਕਿਲਾਂ ਵਿਚ ਵਾਈਸ ਚਾਂਸਲਰ ਆਪ ਸ਼ਾਮਿਲ ਹੁੰਦੇ ਰਹੇ। ਵਿਸ਼ੇਸ਼ ਤੌਰ ਤੇ ਹੜ੍ਹਾਂ ਦੌਰਾਨ ਪਹਿਲੀ ਵਾਰ ਕਿਸੇ ਵਾਈਸ ਚਾਂਸਲਰ ਨੂੰ ਪ੍ਰਭਾਵਿਤ ਖੇਤਰਾਂ ਵਿਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖਲੋਤਾ ਦੇਖਿਆ ਗਿਆ। ਪੀ.ਏ.ਯੂ. ਉਹਨਾਂ ਨੂੰ ਨਿਮਰ ਸੁਭਾਅ ਵਾਲੇ, ਸਦਭਾਵੀ, ਮਿਲਾਪੜੇ ਅਤੇ ਸਹਿਯੋਗੀ ਵਾਈਸ ਚਾਂਸਲਰ ਦੇ ਤੌਰ ਤੇ ਯਾਦ ਰੱਖੇਗੀ।

