ਜਾਣ ਵਾਲਿਆ ਵੇ,
ਕਦੇ ਏਸਰਾਂ ਨਹੀਂ ਕਰੀਦਾ ।
ਨਿਭਣਾ ਨਾ ਹੋਵੇ ਤਾਂ,
ਹੁੰਗਾਰਾ ਵੀ ਨਹੀਂ ਭਰੀਦਾ ।
ਚੁੱਪ ਦੇ ਸਮੁੰਦਰਾਂ ਦਾ
ਹੁੰਦਾ ਕਿਤੇ ਥੱਲਾ ਨਹੀਂ ।
ਦਿਲ ਦੀ ਸੁਣਾਉਣ ਵਾਲਾ,
ਹੁੰਦਾ ਕਦੇ ਕੱਲ੍ਹਾ ਨਹੀਂ ।
ਛੱਡ ਕੇ ਪਿਆਰਿਆਂ ਨੂੰ,
ਕੱਲ੍ਹਿਆਂ ਨਹੀਂ ਕਰੀਦਾ ।
ਨਿਭਣਾ ਨਾ ਹੋਵੇ ਤਾਂ,
ਹੁੰਗਾਰਾ ਵੀ ਨਹੀਂ ਭਰੀਦਾ ।
ਵਣ ਹਰਿਆਵਲੇ ਨੂੰ,
ਛੱਡ ਤੋੜ ਯਾਰੀਆਂ ।
ਉਨ੍ਹਾਂ ਕੋਲ ਬੈਠੈਂ,
ਜਿੰਨ੍ਹਾਂ ਹੱਥ ਸਦਾ ਆਰੀਆਂ ।
ਏਹੋ ਜੇਹੇ ਲੋਕਾਂ ਦਾ
ਵਿਸਾਹ ਨਹੀਂਉਂ ਕਰੀਦਾ ।
ਨਿਭਣਾ ਨਾ ਹੋਵੇ ਤਾਂ,
ਹੁੰਗਾਰਾ ਵੀ ਨਹੀਂ ਭਰੀਦਾ ।
ਨਿਰਾ ਪੁਰਾ ਇਹ ਵੀ ਨਹੀਂ
ਕਿ ਤੂੰਹੀਉਂ ਸਾਨੂੰ ਛੱਡਿਆ ।
ਅਸਾਂ ਵੀ ਚਿਰੋਕਣਾ ਹੈ
ਦਿਲ ਵਿਚੋਂ ਕੱਢਿਆ ।
ਮੱਖਣ ਦਾ ਪੇੜਾ ਕਦੇ
ਅੱਗ ਤੇ ਨਹੀਂ ਧਰੀਦਾ ।
ਨਿਭਣਾ ਨਾ ਹੋਵੇ ਤਾਂ,
ਹੁੰਗਾਰਾ ਵੀ ਨਹੀਂ ਭਰੀਦਾ ।
ਜਾਣ ਵਾਲਿਆ ਵੇ,
ਕਦੇ ਏਸਰਾਂ ਨਹੀਂ ਕਰੀਦਾ ।
ਨਿਭਣਾ ਨਾ ਹੋਵੇ ਤਾਂ,
ਹੁੰਗਾਰਾ ਵੀ ਨਹੀਂ ਭਰੀਦਾ ।
▪️ਗੁਰਭਜਨ ਗਿੱਲ
