ਬੰਦੇ ਅੰਦਰ ਸਭ ਕੁਝ ਹੁੰਦੈ, ਖ਼ੁਦ ਵੇਖਣ ਤੋਂ ਡਰ ਜਾਂਦਾ ਹੈ।
ਹੌਲ਼ੀ ਹੌਲ਼ੀ ਗੂੜ੍ਹ-ਹਨ੍ਹੇਰਾ ਰੂਹ ਦੇ ਅੰਦਰ ਭਰ ਜਾਂਦਾ ਹੈ।
ਜਿੰਨਾ ਚਿਰ ਹੈ ਤੁਰਦਾ ,ਤਰਦਾ ਮਨ ਹਿਰਨੋਟਾ ਚੁੰਗੀਆਂ ਭਰਦਾ,
ਬੇਬਸੀਆਂ ਵਿੱਚ ਡੁੱਬਿਆ ਬੰਦਾ ਲਾਸ਼ ਬਣਦਿਆਂ ਤਰ ਜਾਂਦਾ ਹੈ।
ਅਣੂੰਆਂ ਤੋਂ ਪਰਮਾਣੂੰ ਅੱਗੇ, ਅਗਨ-ਪਲੀਤੇ ਕਰਨ ਤਬਾਹੀ,
ਆਲਮ ਤੇ ਸਰਦਾਰੀ ਖ਼ਾਤਰ,
ਜ਼ਾਲਮ ਕੀ ਕੁਝ ਕਰ ਜਾਂਦਾ ਹੈ?
ਜਿਸਨੂੰ ਇਹ ਗੱਲ ਪੱਲੇ ਪੈ ਗਈ,
ਉਸ ਦੀ ਰੂਹ ਵਿਸਮਾਦ ਮਾਣਦੀ,
ਧਰਤੀ ਮਾਂ ਦੀ ਬੁੱਕਲ਼ ਵਿੱਚ ਜੋ,
ਬਿਰਖ-ਨਿਸ਼ਾਨੀ ਧਰ ਜਾਂਦਾ ਹੈ।
ਆਪਣੀ ਰਾਖੀ ਆਪ ਕਰਨ ਲਈ ਜੋ ਕੁਝ ਬੰਦਾ ਚੁੱਕੀ ਫਿਰਦੈ,
ਹਥਿਆਰਾਂ ਨੂੰ ਰਾਖਾ ਮੰਨ ਕੇ, ਉਨ੍ਹਾਂ ਹੱਥੋਂ ਮਰ ਜਾਂਦਾ ਹੈ।
ਜਦ ਤੱਕ ਖ਼ੂਨ ਰਗਾਂ ਵਿੱਚ ਦੌੜੇ, ਨਬਜ਼ ਰੁਕੇ ਨਾ, ਧੜਕਣ ਧੜਕੇ,
ਸਾਹਾਂ ਦੀ ਡੋਰੀ ਦੇ ਟੁੱਟਿਆਂ, ਸਾਰਾ ਕੁਝ ਹੀ ਠਰ ਜਾਂਦਾ ਹੈ।
ਜਿਸ ਵਿਸ਼ਵਾਸ ‘ਚ ਉਮਰ ਬਿਤਾਈ, ਹਰ ਰਿਸ਼ਤਾ ਸਿਰਤੋੜ ਨਿਭਾਉਣੈਂ,
ਪਿੱਛੇ ਮੁੜਦਿਆਂ ਕਹਿ ਗਏ ਏਦਾਂ ,ਤੇਰੇ ਬਿਨ ਵੀ ਸਰ ਜਾਂਦਾ ਹੈ।
▪️ਗੁਰਭਜਨ ਗਿੱਲ