ਮੇਰੇ ਬਾਬਾ ਨਾਨਕ ਜੀ
ਤੁਸੀਂ ਇਕ ਵਾਰ ਆ ਕੇ ਦੇਖੋ
ਮੇਰੀ ਰੂਹ ਪਈ ਪੁਕਾਰਦੀ ਹੈ
ਕਹਿੰਦੇ ਨੇ ਜੱਦ ਜ਼ੁਲਮ ਦੀ
ਅੱਤ ਹੋ ਜਾਂਦੀ ਹੈ ਤਾਂ ਕੋਈ
ਮਹਾਂਪੁਰਖ ਅਵਤਾਰ ਧਾਰਦੇ ਨੇ
ਤੁਸੀਂ ਇਕ ਵਾਰ ਆ ਕੇ
ਦੇਖੋ ਤੇ ਸਹੀ ਕਿਵੇਂ
ਜ਼ੁਲਮਾਂ ਦੀ ਹਨੇਰੀ
ਆਈ ਹੋਈ ਹੈ
ਤੇਰਾਂ ਤੇਰਾਂ ਤੋਲਣ ਦੀ ਜਗਹ
ਲੋਕ ਝੂਠ ਤੇ ਕੁਫ਼ਰ
ਪਏ ਤੋਲ ਰਹੇ ਨੇ
ਅੱਜ ਕੋਧਰੇ ਦੀ ਰੋਟੀ
ਕਿਤੇ ਨਜ਼ਰ ਨਹੀਂ ਆ ਰਹੀ
ਤੁਸੀਂ ਸਾਂਝੀਵਾਲਤਾ ਦਾ
ਉਪਦੇਸ਼ ਦਿੱਤਾ ਸੀ
ਅੱਜ ਭਾਈ ਭਾਈ ਵਿੱਚ
ਵੰਡੀਆਂ ਪਈਆਂ ਹੋਈਆਂ ਨੇ
ਤੁਸੀਂ ਔਰਤ ਨੂੰ
ਸੋ ਕਿਉਂ ਮੰਦਾ ਆਖੀਐ
ਜਿੱਤ ਜੰਮੈ ਰਾਜਾਨ
ਕਹਿ ਕੇ ਨਿਵਾਜਿਆ ਸੀ
ਅਜੇ ਵੀ ਮਰਦ ਵੱਲੋਂ
ਔਰਤ ਨੂੰ ਦੁਤਕਾਰਿਆ
ਜਾ ਰਿਹਾ ਹੈ
ਕੁੜੀਆਂ ਔਰਤਾਂ ਤੇ ਮਾਸੂਮ
ਬੱਚੀਆਂ ਦੀ ਪੱਤ ਲੁੱਟੀ ਜਾ ਰਹੀ ਹੈ
ਬਾਬਾ ਜੀ ਤੁਸੀਂ ਆਉ
ਇਕ ਵਾਰ ਆ ਕੇ ਦੇਖੋ ਤੇ ਸਹੀ
ਕਿਵੇਂ ਛੱਲ ਕਪਟ ਝੂਠ ਤੇ
ਹੋਰ ਜ਼ੁਲਮਾਂ ਦੀ ਹਨੇਰੀ
ਝੂਲ ਰਹੀ ਹੈ
ਨੌਜਵਾਨ ਨਸ਼ੇੜੀ ਹੋ ਰਹੇ ਨੇ
ਕਿਸਾਨ ਖੁਦਕਸ਼ੀਆਂ ਕਰਨ ਲਈ
ਮਜ਼ਬੂਰ ਹੋ ਰਹੇ ਨੇ
ਬਾਬਾ ਜੀ ਇਕ ਵਾਰ
ਆ ਕੇ ਦੇਖੋ ਤੇ ਸਹੀ
ਲੋਕ ਤੁਹਾਡੇ ਦਰਸਾਏ ਮਾਰਗ ਤੋਂ
ਭੱਟਕ ਗਏ ਨੇ
ਸਾਨੂੰ ਅੱਜ ਫ਼ਿਰ ਤੁਹਾਡੀ
ਬਹੁਤ ਲੋੜ ਹੈ
ਤੁਹਾਡੀ ਬੱਚੀ ਦਿਨੇ ਰਾਤ
ਬਿਹਬਲ ਹੋਈ ਵਿਰਲਾਪ ਕਰ ਰਹੀ ਹੈ
ਬਾਬਾ ਜੀ ਤੁਸੀਂ ਇਕ ਵਾਰ
ਆ ਕੇ ਦੇਖੋ ਤੇ ਸਹੀ
ਬਾਬਾ ਜੀ ਬੱਸ ਇਕ ਵਾਰ
ਫ਼ਿਰ ਬਹੁੜ ਪਵੋ ਤੇ
ਸੁੱਤੀ ਹੋਈ ਕੁਰਾਹੇ ਪਈ
ਭੱਟਕੀ ਹੋਈ ਜਨਤਾ ਨੂੰ
ਸਹੀ ਰਸਤਾ ਦਿਖਾ ਦਿਉ
ਮੇਰੇ ਬਾਬਾ ਜੀ ਇਕ ਵਾਰ
ਆ ਕੇ ਦਰਸ ਦਿਉ
ਤੁਹਾਡੀ ਇਹ ਨਿਮਾਣੀ ਬੱਚੀ
ਪੁਕਾਰ ਰਹੀ ਹੈ
ਮੇਰੇ ਬਾਬਾ ਜੀ ਤੁਸੀਂ
ਇਕ ਵਾਰ ਆ ਕੇ
ਦੇਖੋ ਤੇ ਸਹੀ ।
( ਗੁਰ ਬਿਨੁ ਘੋਰ ਅੰਧਾਰ )
ਰਮਿੰਦਰ ਰੰਮੀ

