ਕੋਟਕਪੂਰਾ, 26 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜੀਵਨ ਵਾਲਾ-ਘਣੀਏਵਾਲਾ ਦੀ 11ਵੀਂ ਜਮਾਤ ਦੀ ਵਿਦਿਆਰਥਣ ਮਨਜੋਤ ਕੌਰ ਪੁੱਤਰੀ ਸ. ਮਨਜਿੰਦਰ ਸਿੰਘ ਨੇ 80ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਕਰਦਿਆਂ ‘ਮਾਈ ਵੀਜ਼ਾ ਗਾਈਡ’, ਫ਼ਰੀਦਕੋਟ ਰੋਡ, ਕੋਟਕਪੂਰਾ ਵੱਲੋਂ 9ਵੀਂ ਜਮਾਤ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਮੇਰਾ ਭਾਰਤ, ਮੇਰਾ ਗੌਰਵ’ ਵਿਸ਼ੇ ‘ਤੇ ਕਰਵਾਈ ਗਈ ਆਨਲਾਈਨ ਭਾਸ਼ਣ ਪ੍ਰਤੀਯੋਗਤਾ ਵਿੱਚ ਉਤਸ਼ਾਹਿਤ ਪੁਰਸਕਾਰ (ਟਰਾਫ਼ੀ, ਮੈਡਲ ਅਤੇ ਸਰਟੀਫ਼ਿਕੇਟ) ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ‘ਤੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸਕੂਲ ਪ੍ਰਬੰਧਕਾਂ ਨੇ ਇਸ ਪ੍ਰਤੀਯੋਗਤਾ ਨੂੰ ਵਿਦਿਆਰਥੀਆਂ ਅਤੇ ਸਿੱਖਿਆ ਸੰਸਥਾਵਾਂ ਨੂੰ ਇੱਕ ਸਾਂਝੇ ਮੰਚ ‘ਤੇ ਜੋੜਨ ਵਾਲਾ ਵਧੀਆ ਉਪਰਾਲਾ ਦੱਸਿਆ। ਮੁੱਖ ਮਹਿਮਾਨ ਸ੍ਰੀਮਤੀ ਅੰਜਨਾ ਕੌਸ਼ਲ ਜੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਫਰੀਦਕੋਟ, ਦੀ ਸ਼ਮੂਲੀਅਤ ਨੇ ਸਮਾਗਮ ਨੂੰ ਵਿਸ਼ੇਸ਼ ਬਣਾਇਆ ਅਤੇ ਵਿਦਿਆਰਥੀਆਂ ਦਾ ਮਨੋਬਲ ਵਧਾਇਆ। ਸਕੂਲ ਵੱਲੋਂ ‘ਮਾਈ ਵੀਜ਼ਾ ਗਾਈਡ’ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਸੋਮਨਾਥ ਕੌੜਾ ਅਤੇ ਸਮੁੱਚੀ ਟੀਮ ਦਾ ਇਸ ਉਪਰਾਲੇ ਲਈ ਦਿਲੋਂ ਧੰਨਵਾਦ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਹੋਣਹਾਰ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

