ਅਜਮੇਰ ਗਿੱਲ ਪੰਜਾਬੀ ਜ਼ਬਾਨ ਦਾ ਸਮਰੱਥ ਸ਼ਾਇਰ ਸੀ। ਉਸ ਕਮਾਲ ਦੀ ਗ਼ਜ਼ਲ ਤੇ ਆਜ਼ਾਦ ਨਜ਼ਮ ਲਿਖੀ। ਕੁੱਲ ਚਾਰ ਕਿਤਾਬਾਂ ਨੇ ਅਜਮੇਰ ਦੀਆਂ। ਪਹਿਲੀ ਪੱਤਝੜ ਦੀ ਬੰਸਰੀ ਤੇ ਦੂਸਰੀ ਬਲ਼ਦੀਆਂ ਮਸ਼ਾਲਾਂ ਤੇ ਹਨ੍ਹੇਰੇ ਸੀ। ਤੀਸਰੀ ਵਕਤ ਦੇ ਸਫ਼ੇ ਤੇ ਸੀ। ਚੌਥੀ ਕਿਤਾਬ ਦਾ ਖਰੜਾ ਤਿਆਰ ਕਰਕੇ ਉਹ ਬੀਮਾਰ ਹੋ ਗਿਆ। ਲੋਕ ਸਾਹਿੱਤ ਅਕਾਡਮੀ ਦੇ ਸਮਾਗਮ ਤੇ ਮੋਗਾ ਚ ਮਿਲਿਆ। ਮਹਿੰਦਰ ਸਾਥੀ ਸਮੇਤ। ਕਿਤਾਬ ਦੇ ਪ੍ਰਕਾਸ਼ਨ ਸਬੰਧੀ ਬਲਦੇਵ ਸਿੰਘ ਸੜਕਨਾਮਾ ਨੇ ਮੰਚ ਤੋਂ ਅਪੀਲ ਕੀਤੀ ਕਿ ਸਾਡੇ ਦੋਹਾਂ ਬੁਲੰਦ ਸ਼ਾਇਰਾਂ ਦੀਆਂ ਕਿਤਾਬਾਂ ਤਿਆਰ ਨੇ ਪਰ ਛਾਪਣ ਵਾਲਾ ਕੋਈ ਨਹੀਂ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਹਿੰਮਤ ਕਰੇ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਉਦੋਂ ਮੈਂ ਪ੍ਰਧਾਨ ਸਾਂ ਤੇ ਡਾ: ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ। ਅਸਾਂ ਸਿਰ ਜੋੜਿਆ ਤੇ ਐਲਾਨ ਕਰ ਦਿੱਤਾ ਕਿ ਅਕਾਡਮੀ ਵੱਲੋਂ ਸਿਰਜਣਾਤਮਕ ਸਾਹਿੱਤ ਛਾਪਣ ਦੀ ਪਿਰਤ ਨਹੀਂ ਪਰ ਅਸੀਂ ਆਪਣੇ ਸੱਜਣ ਪਿਆਰਿਆਂ ਦੀ ਮਦਦ ਨਾਲ ਜ਼ਰੂਰ ਛਪਵਾ ਲਵਾਂਗੇ।
ਅਜਮੇਰ ਗਿੱਲ ਨੇ ਖਰੜਾ ਮੈਨੂੰ ਭੇਜ ਦਿੱਤਾ ਜੋ ਮੇਰੇ ਸੂਰਜਮੁਖੀ ਨਾਮ ਹੇਠ ਮੈਂ ਲੋਕ ਵਿਰਾਸਤ ਅਕਾਡਮੀ ਦੇ ਸਾਧਨਾਂ ਤੇ ਗੁਰਬਚਨ ਸਿੰਘ ਚਿੰਤਕ( ਟੋਰੰਟੋ)ਦੀ ਮਦਦ ਨਾਲ ਚੇਤਨਾ ਪ੍ਰਕਾਸ਼ਨ ਤੋਂ 2014 ਚ ਛਪਵਾ ਦਿੱਤਾ। ਉਹ 14 ਜਨਵਰੀ 2012 ਨੂੰ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ। ਇੱਕ ਧੀ ਤੇ ਪੁੱਤਰ ਦਾ ਬਾਬਲ ਬੱਚਿਆਂ ਨੂੰ ਮਾਂ ਸਹਾਰੇ ਛੱਡ ਅਨੰਤ ਦੇਸ ਨੂੰ ਤੁਰ ਗਿਆ। ਦੁਖਦਾਈ ਪੱਖ ਇਹ ਰਿਹਾ ਕਿ ਅਜਮੇਰ ਆਪਣੀ ਇਹ ਗ਼ਜ਼ਲ ਪੁਸਤਕ ਛਪੇ ਰੂਪ ‘ਚ ਨਾ ਵੇਖ ਸਕਿਆ। ਪਹਿਲਾਂ ਹੀ ਸਦੀਵੀ ਅਲਵਿਦਾ ਕਹਿ ਗਿਆ। ਇਸ ਪੁਸਤਕ ਵਿੱਚ ਅਮਰ ਸੂਫੀ ਨੇ ਅਜਮੇਰ ਨਾਲ ਲੰਮੀ ਮੁਲਾਕਾਤ ਕਰਕੇ ਦਿੱਤੀ।
ਅਜਮੇਰ ਗਿੱਲ ਦਾ ਜਨਮ 23ਅਪਰੈਲ 1942 ਦਾ ਹੈ ਪਰ ਕਾਗ਼ਜ਼ਾਂ ਚ 1937 ਲਿਖਿਆ ਹੋਇਆ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ਚ ਉਹ ਸ: ਧੰਨਾ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਪੈਦਾ ਹੋਇਆ। ਪੰਜ ਭਰਾ ਤੇ ਦੋ ਭੈਣਾਂ ਸਨ ਉਸ ਦੀਆਂ। ਉਸ ਨੇ ਦੋ ਅਣਛਪੀਆਂ ਕਿਤਾਬਾਂ ਦਾ ਜ਼ਿਕਰ ਵੀ ਅਮਰ ਸੂਫ਼ੀ ਨਾਲ ਮੁਲਾਕਾਤ ਵਿੱਚ ਕੀਤਾ ਹੈ। ਅਜਮੇਰ ਦੇ ਪਰਿਵਾਰ ਨਾਲ ਸੰਪਰਕ ਕਰਕੇ ਹੀ ਇਸ ਦਾ ਪੱਕ ਕੀਤਾ ਜਾ ਸਕਦਾ ਹੈ। ਅਜਮੇਰ ਗਿੱਲ ਦੀਆਂ ਗ਼ਜ਼ਲਾਂ ਵਿੱਚ ਇੱਕ ਰੰਗ ਦੇ ਨਹੀਂ, ਸੈਆਂ ਰੰਗਾਂ ਦੇ ਸੂਰਜਮੁਖੀ ਖਿੜਦੇ ਨੇ। ਮੇਰੀ ਉਸ ਦੇ ਕਲਾਮ ਨਾਲ ਸਾਂਝ ਲਗਪਗ ਪੰਜ ਦਹਾਕੇ ਪੁਰਾਣੀ ਹੈ। ਮੈਂ ਤੇ ਮੇਰੇ ਮਿੱਤਰ ਪਿਆਰੇ ਸ਼ਮਸ਼ੇਰ ਸਿੰਘ ਸੰਧੂ ਨੇ ਪਹਿਲੀ ਵਾਰ ਉਸ ਦੀ ਇੱਕ ਗ਼ਜ਼ਲ ਦੇ ਦੋ ਸ਼ਿਅਰ ਪੜ੍ਹੇ ਸਨ।
ਦੇਗਾਂ ‘ਚ ਗਏ ਉਬਾਲੇ, ਕੱਟੇ ਗਏ ਆਰਿਆਂ ਤੇ।
ਐਸੇ ਸਮੇਂ ਵੀ ਆਏ ਤੇਰੇ ਪਿਆਰਿਆਂ ਤੇ।
ਮੈਂ ਬਾਤ ਇਸ਼ਕ ਦੀ ਨੂੰ, ਅੱਗੇ ਤਾਂ ਤੋਰਦਾ ਪਰ,
ਇਹ ਤਾਂ ਸੀ ਮੁਨਹਸਰ ਤੇਰੇ ਹੁੰਗਾਰਿਆਂ ਤੇ।
ਇਸ ਤੋਂ ਬਾਅਦ ਅਸੀਂ ਉਸ ਦੀ ਰਚਨਾ ਦੇ ਮੁਰੀਦ ਹੋ ਗਏ। ਡਾ: ਜਗਤਾਰ ਵਰਗੀ ਪਰਪੱਕਤਾ ਹੈ ਅਜਮੇਰ ਦੇ ਕਲਾਮ ਵਿੱਚ। ਮੈਂ ਇਸ ਸ਼ਾਇਰ ਦੇ ਕਲਾਮ ਨੂੰ ਪੇਸ਼ ਕਰਦਿਆਂ ਖ਼ੁਦ ਨੂੰ ਵਡਭਾਗੀ ਮਹਿਸੂਸ ਕਰਦਾ ਹਾਂ। ਮੈਨੂੰ ਮਾਣ ਹੈ ਕਿ ਉਹ ਸਾਨੂੰ ਵੀ ਨਿੱਕੇ ਭਰਾ ਮੰਨਦਾ ਸੀ।
ਪੇਸ਼ ਹਨ ਅਜਮੇਰ ਗਿੱਲ ਦੀਆ
ਚਾਰ ਗ਼ਜ਼ਲਾਂ
1
ਨਿਕਲੀ ਨਦੀ ਪਹਾੜ ’ਚੋਂ
ਨਿਕਲੀ ਨਦੀ ਪਹਾੜ ’ਚੋਂ ਆਂਚਲ ਸੰਭਾਲ ਕੇ ।
ਸਾਗਰ ਉਡੀਕੇ ਉਸਨੂੰ ਬਾਹਾਂ ਉਠਾਲ ਕੇ ।
ਮੌਸਮ ਫ਼ਕੀਰ ਹੈ ਘਰੋਂ ਪਰਤੇ ਨਾ ਖਾਲੀ ਹੱਥ,
ਫੁੱਲਾਂ ਦੇ ਬੀਜਾਂ ਨੂੰ ਜ਼ਰਾ ਰੱਖੀਂ ਸੰਭਾਲ ਕੇ ।
ਕੋਮਲ ਹਵਾ ਦੇ ਖੰਭ ਨਾ ਸੜ ਜਾਣ ਮਿਲਣ ਸਾਰ,
ਅੱਖਾਂ ‘ਚ ਅੱਗ ਹੀ ਸਦਾ ਰੱਖੀਂ ਨਾ ਬਾਲਕੇ ।
ਭਾਵੇਂ ਕਿ ਮਿੱਟੀ ਦੇ ਸਿਵਾ ਕੁਝ ਵੀ ਨਹੀਂ ਬਦਨ,
ਡੋਰੀ ਸਜਾ ਦੇ ਇਸ ’ਚ ਤੂੰ ਕੁਝ ਮੋਮ ਢਾਲ ਕੇ ।
ਵਿਸ਼ ਦਾ ਪਿਆਲਾ ਹੈਂ ਜੇ ਤੂੰ, ਲੱਗ ਜਾ ਲਬਾਂ ਦੇ ਨਾਲ,
ਕਿੱਥੋਂ ਲਿਆਵਾਂ ਹੋਰ ਮੈਂ ਸੁਕਰਾਤ ਭਾਲਕੇ ।
ਬੱਚੇ ਦੇ ਵਾਂਗ ਫੇਰ ਵੀ ਹੱਸੇਗਾ ਰਾਤ-ਦਿਨ,
ਨੇਜ਼ੇ ਤੇ ਰੱਖੀਂ ਦਿਲ ਮਿਰਾ, ਰੱਖੀਂ ਉਛਾਲ ਕੇ ।
2
ਰਾਤ ਬਾਰੇ ਖ਼ਤ ਲਿਖੇ ਸੀ ਤੂੰ
ਰਾਤ ਬਾਰੇ ਖ਼ਤ ਲਿਖੇ ਸੀ ਤੂੰ ਜੋ, ਸਾਰੇ ਮਿਲ ਗਏ।
ਮਿਲ ਗਏ ਭੇਜੇ ਤਿਰੇ ਸਭ ਚੰਦ ਤਾਰੇ ਮਿਲ ਗਏ।
ਮਿਲ ਗਏ ਅਹਿਸਾਸ ਦੇ ਚੀਨੇ ਕਬੂਤਰ ਦੋਸਤਾ,
ਮਚਲਦੇ ਜਜ਼ਬੇ ਤਿਰੇ ਪ੍ਰਭਾਤ ਬਾਰੇ ਮਿਲ ਗਏ ।
ਮੇਰੀਆਂ ਅਣਛਪੀਆਂ ਗ਼ਜ਼ਲਾਂ ਜਦ ਕਦੇ ਪੜ੍ਹੀਆਂ ਨੇ ਤੂੰ,
ਡੁੱਬਦਿਆਂ ਸ਼ਬਦਾਂ ਨੂੰ ਸਾਹਿਲ ਤੇ ਕਿਨਾਰੇ ਮਿਲ ਗਏ।
ਫੁੱਲ ਤੋਂ ਹੌਲੀ ਸੀ ਰੂੰ ਦੇ ਫੰਬਿਆਂ ਤੋਂ ਵੀ ਕਿਤੇ,
ਜ਼ਿੰਦਗੀ ਨੂੰ ਗ਼ਮ ਨੇ ਪਰ ਪ੍ਰਬਤ ਤੋਂ ਭਾਰੇ ਮਿਲ ਗਏ।
ਅੱਜ ਤੱਕ ਤਨਹਾ ਨਜ਼ਰ ਸੀ ਭਟਕਦੀ ਆਕਾਸ਼ ਵਿਚ,
ਰੰਗ, ਖ਼ੁਸ਼ਬੂ, ਦਰਦ ਦੇ ਉਸਨੂੰ ਗੁਬਾਰੇ ਮਿਲ ਗਏ।
ਕੇਸੂਆਂ ਦੇ ਫੁੱਲ ਟਹਿਕੇ ਅਜਬ ਹੈ ਇਹ ਟਾਟਕਾ,
ਧੁੱਪ ਨੂੰ ਵਟਣਾ ਤੇ ਰੁੱਖਾਂ ਨੂੰ ਅੰਗਾਰੇ ਮਿਲ ਗਏ।
ਰੁਖ਼ ਮੈਂ ਦਰਿਆਵਾਂ ਦੇ ਮੋੜੇ ਝੱਖੜਾਂ ਨੂੰ ਠੱਲ੍ਹ ਕੇ,
ਤੇਰੀਆਂ ਬਾਹਾਂ ਦੇ ਜਦ ਤੋਂ ਹਨ ਸਹਾਰੇ ਮਿਲ ਗਏ।
3
ਫੁੱਲ ਖਿੜਦੇ ਨੇ ਰਹੇ
ਫੁੱਲ ਖਿੜਦੇ ਨੇ ਰਹੇ ਤੇ ਖਿੜ ਕੇ ਕੁਮਲਾਉਂਦੇ ਰਹੇ।
ਲੋਕ ਮੌਸਮ ਦੀ ਤਰ੍ਹਾਂ ਜਾਂਦੇ, ਰਹੇ ਆਉਂਦੇ ਰਹੇ।
ਹਰ ਤਰ੍ਹਾਂ ਦੀ ਕਰ ਤਬਾਹੀ ਮੁੜ ਗਏ ਤੂਫ਼ਾਨ ਜਦ,
ਟੁੱਟੇ ਪੁਲ਼ਾਂ ਦੇ ਹੇਠ ਪੰਛੀ ਆਲ੍ਹਣੇ ਪਾਉਂਦੇ ਰਹੇ।
ਤੂੰ ਕਦੀ ਤਾਕੀ ਝਰੋਖਾ ਖੋਲ੍ਹ ਨਾ ਤੱਕਿਆ ਕਿਵਾੜ,
ਪੌਣ ਬਣ ਕੇ ਘਰ ਤਿਰੇ ਦਾ ਦਰ ਹਾਂ ਖੜਕਾਉਂਦੇ ਰਹੇ।
ਕੀ ਉਨ੍ਹਾਂ ਦੁੱਖ ਧੁੱਪ ਦਾ, ਸੂਰਜ ਦਾ ਕੀ! ਹੈ ਸਮਝਣਾ,
ਲੋਕ ਜੋ ਹਨ ਰਾਤ ਦੀ ਤਕਦੀਰ ਬਣ ਜਾਂਦੇ ਰਹੇ।
ਹੇਠਲੇ ਫੁੱਟਪਾਥ ਤੇ ਠਰਕੇ ਮਰੀ ਦੁਨੀਆਂ ਮਿਰੀ,
ਦੂਸਰੀ ਮੰਜ਼ਲ ’ਚ ਤੇਰੇ ਫੁੱਲ ਮੁਸਕਰਾਉਂਦੇ ਰਹੇ।
ਸਾਫ਼ ਸੜਕਾਂ ਤੋਂ ਏਂ ਲੱਭਦਾ ਚਿੰਨ੍ਹ ਕਿਸਦੀ ਪੈੜ ਦੇ,
ਜਦ ਸੀ ਪੈੜਾਂ ਬਚਦੀਆਂ ਹੁਣ ਉਹ ਸਮੇਂ ਜਾਂਦੇ ਰਹੇ।
4
ਰੁਕਣਾ ਨਹੀਂ ਹੈ ਕਾਫ਼ਲਾ
ਰੁਕਣਾ ਨਹੀਂ ਹੈ ਕਾਫ਼ਲਾ ਮੇਰੇ ਰੁਕਣ ਦੇ ਨਾਲ।
ਝੱਖੜ ਨੇ ਥੰਮਣਾ ਨਹੀਂ ਰੁੱਖ ਦੇ ਲਿਫ਼ਣ ਦੇ ਨਾਲ।
ਇਕ ਚੰਨ ਚਮਕਦਾ ਰਹੂ ਤਾਰੇ ਵੀ ਖਿੜਨਗੇ,
ਚਾਨਣ ਨੇ ਮਿਟ ਜਾਣਾ ਨਹੀਂ ਸੂਰਜ ਛਿਪਣ ਦੇ ਨਾਲ।
ਜਾਂਦੇ ਨੇ ਦਿਲ ਬਦਲ ਜਦੋਂ ਮਿਲਦੀ ਨਹੀਂ ਨਜ਼ਰ,
ਮਿਟਦੇ ਕਦੇ ਨਾ ਫ਼ਾਸਲੇ ਵਾਟਾਂ ਘਟਣ ਦੇ ਨਾਲ।
ਲੋਕਾਂ ਨੇ ਪੜ੍ਹਕੇ ਜਿਸਨੂੰ ਹੈ ਸੀਨੇ ’ਚ ਸਾਂਭਿਆ,
ਮਿਲਦੀ ਨਹੀਂ ਹੈ ਸ਼ਾਇਰੀ ਅੱਖਰ ਮਿਟਣ ਦੇ ਨਾਲ।
ਤੇਰੇ ਖ਼ਿਲਾਫ਼ ਜੋ ਹਵਾ ਚੱਲਦੀ ਹੈ ਅੱਜ ਕੱਲ੍ਹ,
ਕੁਝ ਹੋਰ ਤਿੱਖੀ ਹੋਏਗੀ ਤੇਰੇ ਤੁਰਨ ਦੇ ਨਾਲ।
🟢
▪️ਗੁਰਭਜਨ ਗਿੱਲ

