ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰਸਮੀ ਤੋਰ *ਤੇ ਕੀਤੀ ਸ਼ੁਰੂਆਤ
ਕੋਟਕਪੂਰਾ, 29 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਨਵੀਂ ਅਨਾਜ ਮੰਡੀ ਕੋਟਕਪੂਰਾ ਵਿੱਚ ਬਾਸਮਤੀ ਦੀ ਫ਼ਸਲ ਦੀ ਰਸਮੀ ਆਮਦ ਦੀ ਸ਼ੁਰੂਆਤ ਅੱਜ ਸਰਦਾਰ ਕੁਲਤਾਰ ਸਿੰਘ ਸੰਧਵਾਂ, ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਕਰਵਾਈ ਗਈ। ਇਸ ਮੌਕੇ ਬਾਸਮਤੀ ਦੀ ਪਹਿਲੀ ਫ਼ਸਲ ਦੀ ਬੋਲੀ ਕਰਵਾਈ ਗਈ, ਜਿਸ ਦੌਰਾਨ ਬਾਸਮਤੀ 1509 ਕਿਸਮ ਦਾ ਰੇਟ 3860 ਰੁਪਏ ਪ੍ਰਤੀ ਕੁਇੰਟਲ ਰਿਹਾ।ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਆਰੇਵਲਾ, ਮਾਰਕਿਟ ਕਮੇਟੀ ਕੋਟਕਪੂਰਾ, ਉਮੇਸ਼ ਗਰਗ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਮਹਿੰਦਰਪਾਲ ਸਿੰਘ ਲੱਕੀ ਜਨਰਲ ਸਕੱਤਰ, ਪ੍ਰਵੀਨ ਗਰਗ ਨਿਰਮਲ ਕੁਮਾਰ ਅਤੇ ਭੁਪਿੰਦਰ ਸਿੰਘ ਭੂਪਾ ਸਮੇਤ ਹੋਰ ਆੜ੍ਹਤੀ ਅਤੇ ਮੰਡੀ ਅਧਿਕਾਰੀ ਹਾਜ਼ਰ ਸਨ। ਬਾਸਮਤੀ ਦੀ ਪਹਿਲੀ ਫ਼ਸਲ ਲੈ ਕੇ ਪਿੰਡ ਹਰੀਨੌ ਦੇ ਕਿਸਾਨ ਚਰਨਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਮੰਡੀ ਪਹੁੰਚੇ। ਉਹਨਾਂ ਦੀ ਬਾਸਮਤੀ 1509 ਫ਼ਸਲ ਦੀ ਬੋਲੀ 3860 ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਹੋਈ। ਪਹਿਲੀ ਫ਼ਸਲ ਨੂੰ ਵਧੀਆ ਭਾਅ ਮਿਲਣ ’ਤੇ ਮੰਡੀ ਵਿੱਚ ਮੌਜੂਦ ਕਿਸਾਨਾਂ ਅਤੇ ਆੜ੍ਹਤੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਮਾਰਕਿਟ ਕਮੇਟੀ ਦੇ ਸਕੱਤਰ ਯੁਗਵੀਰ ਕੁਮਾਰ, ਮੰਡੀ ਸੁਪਰਵਾਈਜ਼ਰ ਸਿਮਰਨਜੀਤ ਸਿੰਘ ਮੱਕੜ, ਬੋਲੀ ਕਲਰਕ ਜਗਸੀਰ ਸਿੰਘ ਅਤੇ ਕਲਰਕ ਮਨਿੰਦਰ ਜੰਜੂਆ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।ਬਾਸਮਤੀ ਦੀ ਆਮਦ ਸ਼ੁਰੂ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਕੋਟਕਪੂਰਾ ਮੰਡੀ ਵਿੱਚ ਫ਼ਸਲ ਦੀ ਆਮਦ ਵਧਣ ਦੀ ਉਮੀਦ ਹੈ। ਕਿਸਾਨਾਂ ਨੂੰ ਬਾਸਮਤੀ ਦੀ ਫ਼ਸਲ ਦੇ ਵਧੀਆ ਭਾਅ ਮਿਲਣ ਦੀ ਆਸ ਹੈ।

