
ਲੁਧਿਆਣਾ 31 ਅਗਸਤ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਮਹਾਨ ਭਾਰਤੀ ਹਾਕੀ ਖਿਡਾਰੀ ਅਤੇ “ਹਾਕੀ ਦੇ ਜਾਦੂਗਰ” ਮੇਜਰ ਧਿਆਨ ਚੰਦ ਜੀ ਦੀ ਜਨਮ ਜਯੰਤੀ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਖੇਡਾਂ, ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਮਾਣਯੋਗ ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਡਾ. ਰਿਸ਼ੀ ਪਾਲ ਸਿੰਘ, ਆਈ. ਏ. ਐੱਸ., ਜੀ ਨੇ ਭੇਜੇ ਆਪਣੇ ਸ਼ੁਭ ਸੰਦੇਸ਼ ਰਾਹੀਂ ਇਸ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਸਭ ਨੂੰ ਰਾਸ਼ਟਰੀ ਖੇਡ ਦਿਵਸ ਦੀ ਵਧਾਈ ਦਿੱਤੀ ਅਤੇ ਮੇਜਰ ਧਿਆਨ ਚੰਦ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਅਤੇ ਖੇਡ ਪ੍ਰਤੀ ਸਮਰਪਣ ਅੱਜ ਵੀ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਦੇਸ਼ ਪ੍ਰਤੀ ਨਿਸ਼ਠਾ ਨੇ ਭਾਰਤ ਨੂੰ ਵਿਸ਼ਵ ਖੇਡ ਮੰਚ ‘ਤੇ ਵਿਲੱਖਣ ਪਛਾਣ ਦਿਵਾਈ।
ਸਮਾਗਮ ਵਿੱਚ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਸ਼੍ਰੀ. ਹਰਦੀਪ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਅਤੇ ਡਾ. ਵਿਸ਼ਵਜੀਤ ਸਿੰਘ ਹੰਸ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਵੀ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ. ਹਰਦੀਪ ਸਿੰਘ ਗਰੇਵਾਲ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਖੇਡਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਤਮਗੇ ਜਿੱਤਣ ਜਾਂ ਮੁਕਾਬਲੇ ਜਿੱਤਣ ਦਾ ਸਾਧਨ ਨਹੀਂ ਹਨ, ਬਲਕਿ ਇਹ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਟੀਮ ਦੀ ਭਾਵਨਾ, ਨੇਤ੍ਰਿਤਵ, ਆਤਮ-ਵਿਸ਼ਵਾਸ, ਸਬਰ ਅਤੇ ਸਕਾਰਾਤਮਕ ਸੋਚ ਪੈਦਾ ਕਰਨ ਦਾ ਮਹੱਤਵਪੂਰਨ ਮਾਧਿਅਮ ਹਨ। ਸ਼੍ਰੀ ਹਰਦੀਪ ਸਿੰਘ ਗਰੇਵਾਲ ਨੇ ਆਪਣੀ ਖੇਡ ਜੀਵਨ ਦੇ ਤਜਰਬੇ ਵੀ ਸਾਂਝੇ ਕੀਤੇ।
ਡਾ. ਕਮਲਜੀਤ ਸਿੰਘ ਸੂਰੀ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਮੇਜਰ ਧਿਆਨ ਚੰਦ ਨੂੰ ਆਪਣੇ ਸ਼ਬਦਾਂ ਵਿੱਚ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਦੇਸ਼ ਪ੍ਰਤੀ ਲਗਨ ਅਤੇ ਮਿਹਨਤ ਸਾਡੇ ਸਾਰਿਆਂ ਲਈ ਹਮੇਸ਼ਾ ਇੱਕ ਪ੍ਰੇਰਨਾ ਸਰੋਤ ਹੈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਸੂਰੀ ਨੇ ਕਿਹਾ ਕਿ “ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ” ਅਤੇ ਵਿਦਿਆਰਥੀਆਂ ਨੂੰ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਵਧਦੇ ਪ੍ਰਭਾਵ ਅਤੇ ਬਦਲ ਰਹੀ ਜੀਵਨ-ਸ਼ੈਲੀ ਦੇ ਮੱਦੇਨਜ਼ਰ ਸਰੀਰਕ ਸਰਗਰਮੀ ਅਤੇ ਫਿਟਨੈੱਸ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਡਾ. ਸੂਰੀ ਨੇ ਯੂਨੀਵਰਸਿਟੀ ਕੈਂਪਸ ਨੂੰ ਇੱਕ “ਫਿੱਟ ਕੈਂਪਸ” ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਘੱਟੋ-ਘੱਟ ਇੱਕ ਖੇਡ ਜਾਂ ਨਿਯਮਤ ਸਰੀਰਕ ਗਤੀਵਿਧੀ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਆਦਤਾਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਸਿਹਤਮੰਦ ਤੇ ਅਨੁਸ਼ਾਸਿਤ ਜੀਵਨ ਵੱਲ ਲਿਜਾਣ ਦਾ ਪ੍ਰਭਾਵਸ਼ਾਲੀ ਸਾਧਨ ਹਨ।
ਇਸ ਮੌਕੇ ਡਾ. ਵਿਸ਼ਵਜੀਤ ਸਿੰਘ ਹੰਸ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਵਿਦਿਆਰਥੀਆਂ ਨੂੰ ਖੇਡਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਹਾਕੀ ਓਲੰਪਿਕਸ ਵਿੱਚ PAU ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਨੇ ਦੇਸ਼ ਨੂੰ 3 ਓਲੰਪਿਕ ਹਾਕੀ ਖਿਡਾਰੀ ਦਿੱਤੇ ਹਨ, ਜੋ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ।
ਇਸ ਮੌਕੇ ਸ਼੍ਰੀਮਤੀ ਕਮਲਜੀਤ ਕੌਰ, ਉਪ ਨਿਰਦੇਸ਼ਕ ਸਰੀਰਕ ਸਿੱਖਿਆ, ਡਾ. ਹਰਮੀਤ ਸਿੰਘ ਕਿੰਗਰਾ, ਪ੍ਰਧਾਨ (PAUTA), ਡਾ. ਧਰਮਿੰਦਰ ਸਿੰਘ, ਚੀਫ ਵਾਰਡਨ (ਲੜਕੇ), ਡਾ. ਗਗਨਦੀਪ ਕੌਰ ਚੀਫ ਵਾਰਡਨ (ਲੜਕੀਆਂ), ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ (ਕਲਚਰ), ਡਾ. ਪਰਮਵੀਰ ਸਿੰਘ, ਸਹਾਇਕ ਨਿਰਦੇਸ਼ਕ ਸਰੀਰਕ ਸਿੱਖਿਆ, hor AiDAwpk swihbwn, ਅਤੇ ਅਜੈ ਕੁਮਾਰ, ਸਵੀਮਿੰਗ ਕੋਚ, ਸ਼੍ਰੀ ਗੁਰਤੇਗ ਸਿੰਘ, ਹਾਕੀ ਕੋਚ ਅਤੇ ਸ਼੍ਰੀ ਗੁਰਮੀਤ ਸਿੰਘ, ਅਥਲੈਟਿਕ ਕੋਚ ਹਾਜ਼ਰ ਸਨ।
ਮੰਚ ਸੰਚਾਲਕ ਦੀ ਭੂਮਿਕਾ ਡਾ. ਸੁਖਬੀਰ ਸਿੰਘ, ਸਹਾਇਕ ਨਿਰਦੇਸ਼ਕ ਸਰੀਰਕ ਸਿੱਖਿਆ ਵੱਲੋਂ ਨਿਭਾਈ ਗਈ ਅਤੇ ਸਮਾਗਮ ਦੇ ਅੰਤ ਵਿੱਚ ਉਨ੍ਹਾਂ ਨੇ ਸਭ ਦਾ ਧੰਨਵਾਦ ਕਰਦਿਆਂ ਵੋਟ ਆੱਫ ਥੈਂਕਸ ਪੇਸ਼ ਕੀਤਾ।
