ਅਗਲੇ ਸਾਲ ਪੰਜਾਬ ਨੂੰ ਨਵੀਂ ਵਿਧਾਨ ਸਭਾ ਮਿਲੇਗੀ। ਵਿਧਾਨਕਾਰ ਬਣਨ ਦੇ ਚਾਹਵਾਨ ਜਿਵੇਂ ਸਹਿਜ ਦੀ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਝੱਗੇ ਝੱਗ, ਅੱਗੋ ਅੱਗ ਹੋਏ ਉਹ ਉਦਾਸ ਕਰਨ ਵਾਲਾ ਸੀ ਸਭ ਕੁਝ।
ਧੜਿਆਂ ਦੀ ਸਰਦਾਰੀ ਲਈ ਰਾਜ ਧਰਮ ਗੁਆਚ ਰਿਹਾ ਸੀ।
ਪੰਜਾਬ ਕਿੱਥੇ ਸੀ, ਕਿੱਥੇ ਹੈ, ਕਿੱਥੇ ਲੈ ਕੇ ਜਾਣਾ ਹੈ, ਇਹ ਚਿੰਤਾ ਤੇ ਚਿੰਤਨ ਦਾ ਵਿਸ਼ਾ ਨਹੀ ਸੀ।
ਲਾਰੇ ,ਨਾਅਰੇ ਤੇ ਗੈਸੀ ਗੁਬਾਰੇ ਹਵਾ ਵਿੱਚ ਛੱਡੇ ਜਾ ਰਹੇ ਸਨ, ਲੋਕ ਵਿਚਾਰੇ ਬਣੇ ਬੈਠੇ ਲਲਕਾਰੇ ਸੁਣ ਰਹੇ ਸਨ।
ਪੰਜਾਬ ਸਹਿਮ ਦੇ ਪਰਛਾਵੇਂ ਹੇਠ ਹੈ।
ਡਰ ਹੈ ਕਿ ਪਾਟੋਧਾੜ ਵਿੱਚ ਇਤਿਹਾਸ ਪਿੱਛੇ ਨੂੰ ਗੇੜਾ ਨਾ ਖਾ ਜਾਵੇ।
ਉਨ੍ਹਾਂ ਦਿਨਾਂ ਬਾਰੇ ਮੈਂ ਕੀ ਲਿਖਿਆ ਸੀ ਉਹ ਪੜ੍ਹੋ।
ਇਹ ਕੇਹੀ ਰੁੱਤ ਆਈ ਨੀ ਮਾਂ
ਇਹ ਕੇਹੀ ਰੁੱਤ ਆਈ ਨੀ ਮਾਂ।
ਇਹ ਕੇਹੀ ਰੁੱਤ ਆਈ।
ਰੁੱਖਾਂ ਦੇ ਪੱਤਰਾਂ ਦੀ ਥਾਵੇਂ,
ਪੁੱਤਰਾਂ ਪੁੱਤਝੜ ਲਾਈ ਨੀ ਮਾਂ।
ਧਰਤ ਪਿਆਸੀ ਸਹਿਕਣ ਬੂਟੇ।
ਮੌਤ ਕੁਲਹਿਣੀ ਪੀਂਘਾਂ ਝੂਟੇ।
ਕੁੜੀਆਂ ਚਿੜੀਆਂ ਸਾਉਣ ਮਹੀਨੇ,
ਕਿਉਂ ਨਹੀਂ ਪੀਂਘ ਚੜ੍ਹਾਈ ਨੀ ਮਾਂ।
ਮਨ ਹਿਰਨੋਟਾ ਰਹਿੰਦਾ ਡਰਦਾ।
ਜਿਹੜਾ ਸੀ ਕਦੇ ਚੁੰਗੀਆਂ ਭਰਦਾ।
ਜ਼ਿੰਦਗੀ-ਮੌਤ ਵਿਚਾਲੇ ਜੀਕਣ,
ਹੋਵੇ ਲੁਕਣ-ਮਚਾਈ ਨੀ ਮਾਂ।
ਘਰ ਨੂੰ ਬਾਹਰੋਂ ਲਾ ਕੇ ਜੰਦਰੇ।
ਖ਼ਲਕਤ ਸੁੱਤੀ ਸੌਂ ਗਈ ਅੰਦਰੇ।
ਕੰਧਾਂ ‘ਚੋਂ ਹਟਕੋਰੇ ਡੁਸਕਣ,
ਫ਼ੈਲੀ ਹਾਲ ਦੁਹਾਈ ਨੀ ਮਾਂ।
ਅੱਧੀ ਰਾਤੀਂ ਬੂਹਾ ਖੜਕੇ।
ਕੰਬਦੀ ਜਾਨ ਕਲੇਜਾ ਧੜਕੇ।
ਜਾਪਣ ਸਾਡੀ ਜਾਨ ਦੇ ਵੈਰੀ,
ਦੋਵੇਂ, ਚੋਰ-ਸਿਪਾਹੀ ਨੀ ਮਾਂ।
ਗੁਰਭਜਨ ਗਿੱਲ

