*ਮਾਰਗਦਰਸ਼ਨ ਤੇ ਕਾਉਂਸਲਿੰਗ ਨੂੰ ਮਜ਼ਬੂਤ ਕਰਨ ਲਈ ‘ਸਾਰਥੀ 3.0’ ਦੀ ਕੀਤੀ ਸ਼ੁਰੂਆਤ : ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ*

ਲੁਧਿਆਣਾ, 2 ਸਤੰਬਰ:(ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸਕੂਲਾਂ, ਕਾਲਜਾਂ ਅਤੇ ਆਈ.ਟੀ.ਆਈਜ਼ ਵਿੱਚ ਵਿਦਿਆਰਥੀਆਂ ਨੂੰ ਬਿਹਤਰ ਮਾਰਗਦਰਸ਼ਨ ਅਤੇ ਸਲਾਹ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮਾਰਗਦਰਸ਼ਨ ਸਲਾਹਕਾਰਾਂ ਲਈ ਦੋ ਦਿਨਾਂ ਸਿਖਲਾਈ ਪ੍ਰੋਗਰਾਮ ‘ਸਾਰਥੀ—ਦੂਜਿਆਂ ਨੂੰ ਮਾਰਗਦਰਸ਼ਨ ਕਰਨ ਵਾਲਿਆਂ ਨੂੰ ਮਾਰਗਦਰਸ਼ਨ ਕਰਨਾ’ ਦੇ ਤੀਜੇ ਪੜਾਅ ਸਾਰਥੀ 3.0 ਦੀ ਅੱਜ ਕਾਲਜ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ, ਗਡਵਾਸੂ, ਲੁਧਿਆਣਾ ਵਿਖੇ ਸ਼ੁਰੂਆਤ ਹੋਈ। ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ ਵੱਲੋਂ ਐਕਟ ਹਿਊਮਨ ਸੋਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਨੇ ਸਾਰਥੀ ਪੋਰਟਲ ਦੀ ਰਸਮੀ ਸ਼ੁਰੂਆਤ ਕੀਤੀ। ਇਹ ਪੋਰਟਲ ਮਾਰਗਦਰਸ਼ਨ ਸਲਾਹਕਾਰਾਂ ਦੀ ਸਿਖਲਾਈ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਨਿਰੰਤਰ ਸਮਰੱਥਾ ਨਿਰਮਾਣ, ਗਿਆਨ ਸਾਂਝਾ ਕਰਨ ਅਤੇ ਪੇਸ਼ੇਵਰ ਸਹਾਇਤਾ ਲਈ ਇੱਕ ਢਾਂਚਾਗਤ ਮੰਚ ਵਜੋਂ ਕੰਮ ਕਰੇਗਾ।
ਸ੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਮਾਰਗਦਰਸ਼ਨ ਅਤੇ ਕਾਉਂਸਲਿੰਗ ਦੀ ਅਹਿਮ ਭੂਮਿਕਾ ਹੈ। ਸਿਖਲਾਈ ਪ੍ਰਾਪਤ ਅਤੇ ਸਮਰੱਥ ਸਲਾਹਕਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੁਚੀਆਂ, ਯੋਗਤਾਵਾਂ ਅਤੇ ਭਵਿੱਖੀ ਕਰੀਅਰ ਨਾਲ ਸਬੰਧਤ ਸਹੀ ਫੈਸਲੇ ਲੈਣ ਵਿੱਚ ਪ੍ਰਭਾਵਸ਼ਾਲੀ ਸਹਾਇਤਾ ਪ੍ਰਦਾਨ ਕਰ ਸਕਦੇ ਹਨ।
ਸਮਾਗਮ ਵਿੱਚ ਗਡਵਾਸੂ ਦੇ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ, ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਡਿੰਪਲ ਮਦਾਨ, ਐਕਟ ਹਿਊਮਨ ਸੋਸਾਇਟੀ ਦੀ ਸੰਸਥਾਪਕ ਸ੍ਰੀਮਤੀ ਹਰਲੀਨ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਸਾਰਥੀ 3.0 ਜ਼ਿਲ੍ਹਾ ਪ੍ਰਸ਼ਾਸਨ ਦੇ ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ ਮਾਰਗਦਰਸ਼ਨ ਅਤੇ ਕਾਉਂਸਲਿੰਗ ਦੇ ਮਜ਼ਬੂਤ ਈਕੋਸਿਸਟਮ ਨੂੰ ਵਿਕਸਤ ਕਰਨ ਦੇ ਯਤਨਾਂ ਨੂੰ ਅੱਗੇ ਵਧਾਉਂਦਾ ਹੈ। ਦੋ ਦਿਨਾਂ ਇਹ ਸਿਖਲਾਈ ਪ੍ਰੋਗਰਾਮ ਭਲਕੇ ਸਮਾਪਤ ਹੋਵੇਗਾ।

