ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਮਿਲੀ ਨਵੀਂ ਉਡਾਣ
ਕੋਟਕਪੂਰਾ, 2 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਹੇਠ ਬਾਬਾ ਫ਼ਰੀਦ ਧਾਰਮਿਕ ਤੇ ਚੈਰੀਟੇਬਲ ਸੁਸਾਇਟੀ, ਫ਼ਰੀਦਕੋਟ ਵੱਲੋਂ ਸਮਾਜ ਭਲਾਈ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਇਸ ਸਾਲ ਤਿੰਨ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਦੀ ਮੈਡੀਕਲ ਕੋਰਸ ਵਿੱਚ ਦਾਖ਼ਲੇ ਲਈ ਫੀਸ ਭਰਨ ਦਾ ਐਲਾਨ ਕਰਕੇ ਉਨ੍ਹਾਂ ਦੇ ਡਾਕਟਰ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਅਹਿਮ ਯੋਗਦਾਨ ਪਾਇਆ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਪ੍ਰਾਪਤ ਕਰਨ ਦੀ ਯੋਗਤਾ ਹਾਸਲ ਕੀਤੀ, ਪਰ ਪਰਿਵਾਰਾਂ ਦੀ ਕਮਜ਼ੋਰ ਆਰਥਿਕ ਸਥਿਤੀ ਕਾਰਨ ਦਾਖ਼ਲਾ ਫੀਸ ਭਰਨਾ ਉਨ੍ਹਾਂ ਲਈ ਮੁਸ਼ਕਲ ਹੋ ਰਿਹਾ ਸੀ। ਇਸ ਸਬੰਧੀ ਜਾਣਕਾਰੀ ਮਿਲਣ ’ਤੇ ਸੁਸਾਇਟੀ ਨੇ ਤੁਰੰਤ ਸਹਾਇਤਾ ਦਾ ਹੱਥ ਵਧਾਉਂਦਿਆਂ ਤਿੰਨਾਂ ਵਿਦਿਆਰਥੀਆਂ ਦੀ ਦਾਖ਼ਲਾ ਫੀਸ ਭਰਨ ਦਾ ਐਲਾਨ ਕੀਤਾ ਹੈ। ਸੁਸਾਇਟੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਆਰਥਿਕ ਤੰਗੀ ਕਿਸੇ ਵੀ ਪ੍ਰਤਿਭਾਸ਼ਾਲੀ ਵਿਦਿਆਰਥੀ ਦੀ ਸਿੱਖਿਆ ਅਤੇ ਸੁਨਹਿਰੇ ਭਵਿੱਖ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ। ਸਿੱਖਿਆ ਸਮਾਜ ਦੀ ਤਰੱਕੀ ਦਾ ਮੁੱਖ ਆਧਾਰ ਹੈ ਅਤੇ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਕਰਨਾ ਹੀ ਬਾਬਾ ਸ਼ੇਖ ਫ਼ਰੀਦ ਜੀ ਦੀਆਂ ਸਿੱਖਿਆਵਾਂ ਅਤੇ ਮਾਨਵਤਾ ਦੀ ਸੱਚੀ ਸੇਵਾ ਹੈ। ਜ਼ਿਕਰਯੋਗ ਹੈ ਕਿ ਬਾਬਾ ਫ਼ਰੀਦ ਧਾਰਮਿਕ ਤੇ ਚੈਰੀਟੇਬਲ ਸੁਸਾਇਟੀ ਸਮਾਜ ਦੀ ਭਲਾਈ ਲਈ ਹਮੇਸ਼ਾ ਅੱਗੇ ਹੋ ਕੇ ਯੋਗਦਾਨ ਪਾਉਂਦੀ ਆ ਰਹੀ ਹੈ। ਪਿਛਲੇ ਸਾਲ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਸੁਸਾਇਟੀ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਲਈ 51 ਲੱਖ ਰੁਪਏ ਅਤੇ ਰੈੱਡ ਕਰਾਸ ਸੁਸਾਇਟੀ ਰਾਹੀਂ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ 2 ਲੱਖ ਰੁਪਏ ਦਾਨ ਕੀਤੇ ਗਏ ਸਨ। ਇਸ ਸਾਲ ਤਿੰਨ ਹੋਣਹਾਰ ਵਿਦਿਆਰਥੀਆਂ ਦੀ ਮੈਡੀਕਲ ਦਾਖ਼ਲਾ ਫੀਸ ਭਰਨ ਦਾ ਐਲਾਨ ਕਰਕੇ ਸੁਸਾਇਟੀ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਸੱਚੀ ਸਮਾਜ ਸੇਵਾ ਸਿਰਫ਼ ਆਰਥਿਕ ਮਦਦ ਤੱਕ ਸੀਮਤ ਨਹੀਂ ਹੁੰਦੀ, ਸਗੋਂ ਕਿਸੇ ਲੋੜਵੰਦ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਸ ਦਾ ਸਹਾਰਾ ਬਣਨਾ ਵੀ ਹੈ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਇਸ ਵੱਡਮੁੱਲੀ ਸਹਾਇਤਾ ਲਈ ਬਾਬਾ ਫ਼ਰੀਦ ਧਾਰਮਿਕ ਤੇ ਚੈਰੀਟੇਬਲ ਸੁਸਾਇਟੀ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਦੀ ਮੱਦਦ ਨੇ ਉਨ੍ਹਾਂ ਦੇ ਜੀਵਨ ਨੂੰ ਨਵੀਂ ਆਸ ਅਤੇ ਦਿਸ਼ਾ ਪ੍ਰਦਾਨ ਕੀਤੀ ਹੈ। ਇਸ ਐਲਾਨ ਮੌਕੇ ਕਮੇਟੀ ਵੱਲੋਂ ਗੁਰਜਾਪ ਸਿੰਘ ਸੇਖੋਂ, ਸੁਰਿੰਦਰ ਸਿੰਘ ਰੋਮਾਣਾ, ਦੀਪਇੰਦਰ ਸਿੰਘ ਸੇਖੋਂ ਅਤੇ ਨਰਿੰਦਰਪਾਲ ਸਿੰਘ ਬਰਾੜ ਸ਼ਾਮਲ ਸਨ।

