ਕੋਟਕਪੂਰਾ, 2 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
1013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿੱਚ ਐੱਸ.ਸੀ. ਅਤੇ ਬੀ.ਸੀ. ਵਰਗ ਲਈ ਬਣਦਾ ਰਾਖਵਾਂ ਕੋਟਾ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ, ਜਿਸ ਤਹਿਤ ਫਰੀਦਕੋਟ ਦੇ ਡੀ.ਸੀ. ਦਫ਼ਤਰ ਅੱਗੇ ਭਲਾਈ ਮੰਤਰੀ, ਸਿੱਖਿਆ ਮੰਤਰੀ, ਭਲਾਈ ਸਕੱਤਰ ਅਤੇ ਸਿੱਖਿਆ ਸਕੱਤਰ ਦੇ ਪੁਤਲੇ ਫੂਕ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਟੇਕ ਸਿੰਘ ਨੇ ਕਿਹਾ ਕਿ 1013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿੱਚ ਐੱਸ.ਸੀ. ਅਤੇ ਬੀ.ਸੀ. ਵਰਗ ਨੂੰ ਉਨ੍ਹਾਂ ਦੇ ਬਣਦੇ ਰਾਖਵੇਂ ਹੱਕ ਅਨੁਸਾਰ ਮੌਕਾ ਨਹੀਂ ਦਿੱਤਾ ਗਿਆ। ਯੂਨੀਅਨ ਮੁਤਾਬਕ ਐੱਸ.ਸੀ. ਵਰਗ ਲਈ 25 ਫ਼ੀਸਦੀ ਅਤੇ ਬੀ.ਸੀ. ਵਰਗ ਲਈ 12 ਫ਼ੀਸਦੀ ਰਾਖਵਾਂ ਕੋਟਾ ਬਣਦਾ ਹੈ। ਯੂਨੀਅਨ ਆਗੂਆਂ ਨੇ ਕਿਹਾ ਇਸ ਮਾਮਲੇ ਨੂੰ ਲੈ ਕੇ ਭਲਾਈ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਗਈਆਂ ਸਨ। ਇਨ੍ਹਾਂ ਮੀਟਿੰਗਾਂ ਦੌਰਾਨ ਯੂਨੀਅਨ ਆਗੂਆਂ ਨੇ ਦਸਤਾਵੇਜ਼ਾਂ ਅਤੇ ਤੱਥਾਂ ਦੇ ਆਧਾਰ ’ਤੇ ਆਪਣਾ ਪੱਖ ਰੱਖਦਿਆਂ ਦਾਅਵਾ ਕੀਤਾ ਕਿ ਵੱਖ-ਵੱਖ ਵਿਸ਼ਿਆਂ ਵਿੱਚ ਮੈਰਿਟ ਦੇ ਆਧਾਰ ’ਤੇ ਭਰਤੀ ਹੋਏ ਐੱਸ.ਸੀ. ਅਤੇ ਬੀ.ਸੀ. ਉਮੀਦਵਾਰਾਂ ਨੂੰ ਹੀ ਰੋਸਟਰ ਪੁਆਇੰਟਾਂ ’ਤੇ ਦਰਸਾਇਆ ਗਿਆ ਹੈ। ਯੂਨੀਅਨ ਨੇ ਇਸ ਪ੍ਰਕਿਰਿਆ ਨੂੰ ਰਾਖਵਾਂਕਰਨ ਸਬੰਧੀ ਭਲਾਈ ਵਿਭਾਗ ਵੱਲੋਂ 10 ਜੁਲਾਈ 1995 ਨੂੰ ਜਾਰੀ ਹਦਾਇਤਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਆਗੂਆਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਰਾਖਵਾਂ ਕੋਟਾ ਲਾਗੂ ਕਰਨ ਨਾਲ ਐੱਸ.ਸੀ. ਅਤੇ ਬੀ.ਸੀ. ਵਰਗ ਦੇ ਉਮੀਦਵਾਰਾਂ ਦੇ ਹੱਕ ਪ੍ਰਭਾਵਿਤ ਹੋਏ ਹਨ। ਯੂਨੀਅਨ ਆਗੂਆਂ ਨੇ ਦਾਅਵਾ ਕੀਤਾ ਕਿ ਭਲਾਈ ਵਿਭਾਗ ਦੇ ਡਾਇਰੈਕਟਰ ਅਤੇ ਸਪੈਸ਼ਲ ਸਕੱਤਰ ਨਾਲ ਹੋਈ ਮੀਟਿੰਗ ਦੌਰਾਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਕਿਹਾ ਗਿਆ ਕਿ ਵਿਭਾਗ ਕੋਲ ਪੂਰਾ ਰਿਕਾਰਡ ਮੌਜੂਦ ਨਹੀਂ ਹੈ। ਯੂਨੀਅਨ ਨੇ ਸਵਾਲ ਉਠਾਇਆ ਕਿ ਜੇਕਰ ਰਿਕਾਰਡ ਹੀ ਪੂਰਾ ਨਹੀਂ ਸੀ ਤਾਂ ਫਿਰ ਅਧੂਰੇ ਰਿਕਾਰਡ ਦੇ ਆਧਾਰ ’ਤੇ ਰਾਖਵਾਂ ਕੋਟਾ ਜ਼ੀਰੋ ਕਿਵੇਂ ਲਾਗੂ ਕੀਤਾ ਗਿਆ। ਆਗੂਆਂ ਨੇ ਰੋਸਟਰ ਰਜਿਸਟਰ ਨੂੰ ਸਹੀ ਢੰਗ ਨਾਲ ਤਿਆਰ ਕਰਨ ਅਤੇ ਨਿਯਮਾਂ ਅਨੁਸਾਰ ਜਾਂਚ ਕਰਕੇ ਨਿਰੀਖਣ ਰਿਪੋਰਟ ਤਿਆਰ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ 1013 ਲੈਕਚਰਾਰਾਂ ਦੀ ਭਰਤੀ ਵਿੱਚ ਐੱਸ.ਸੀ. ਅਤੇ ਬੀ.ਸੀ. ਵਰਗ ਦਾ ਬਣਦਾ ਰਾਖਵਾਂ ਕੋਟਾ ਯਕੀਨੀ ਬਣਾਉਣ ਲਈ ਤੁਰੰਤ ਸੋਧ ਪੱਤਰ ਜਾਰੀ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੈਕਚਰਾਰ ਭਰਤੀ ਵਿੱਚ ਰਾਖਵਾਂਕਰਨ ਦੇ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਦਿਆਂ ਪ੍ਰਭਾਵਿਤ ਵਰਗਾਂ ਨੂੰ ਇਨਸਾਫ਼ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਮਾਮਲੇ ਦਾ ਜਲਦ ਹੱਲ ਨਹੀਂ ਕੀਤਾ ਜਾਂਦਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕ੍ਰਿਸ਼ਨ ਲਾਲ, ਬੋਹੜ ਸਿੰਘ ਘਾਰੂ ਹਰਵੀਰ ਕੌਰ ਪੀਐਸਯੂ, ਨੌਨਿਹਾਲ ਸਿੰਖ ਨੌਜਵਾਨ ਭਾਰਤ ਸਭਾ, ਜਸਵੰਤ ਸਿੰਘ ਐਕਸੀਅਨ, ਲਖਵੀਰ ਸਿੰਖ ਵਕੀਲ, ਹਰਦੇਵ ਸਿੰਘ ਬਿਜਲੀ ਬੋਰਡ, ਸੁਖਦਰਸ਼ਨ ਸਿੰਘ, ਧਰਮਿੰਦਰ ਸਿੰਘ ਮਾਸਟਰ ਕਾਡਰ ਯੂਨੀਅਨ, ਡਾ. ਜਤਿੰਦਰ ਕੁਮਾਰ, ਤਰਸੇਮ ਸਿੰਘ, ਗੁਰਮੀਤ ਸਿੰਘ ਲੈਕਚਰਾਰ, ਗੁਰਪਿਆਰ ਹਰੀਨੌ, ਗੁਰਨਾਮ ਸਿੰਘ, ਰਾਜ ਕੁਮਾਰ ਟੋਨੀ, ਰਵਿੰਦਰ ਸਿੰਘ, ਬੇਅੰਤ ਸਿੰਘ, ਦਰਸ਼ਨ ਸਿੰਘ, ਪਰਮਿੰਦਰ ਸਿੰਘ, ਗੁਰਮੇਲ ਸਿੰਘ, ਜਸਵੀਰ ਸਿੰਘ, ਹਰਜੀਤ ਸਿੰਘ ਲੈਕਚਰਾਰ, ਹਰਜੀਤ ਸਿੰਖ ਸੀਐਚਟੀ, ਜਤਿੰਦਰ ਸਿੰਘ, ਦਰਸ਼ਨ ਸਿੰਘ, ਮਨਿੰਦਰ ਸਿੰਘ, ਗੁਰਭੇਜ ਸਿੰਘ, ਕਾਂਤਾ ਰਾਣੀ, ਸੁਖਵਿੰਦਰ ਕੌਰ, ਅਰਸ਼ਦੀਪ ਸਿੰਘ, ਸਤੀਸ਼ ਕੁਮਾਰ, ਗੁਰਪ੍ਰੀਤ ਸਿੰਘ ਲੈਕਚਰਾਰ, ਪ੍ਰੇਮ ਕੁਮਾਰ ਲੈਕਚਰਾਰ, ਰਵਿੰਦਰ ਕੁਮਾਰ ਰਵੀ, ਹਰਭਜਨ ਸਿੰਘ, ਦਵਿੰਦਰ ਕੁਮਾਰ ਹਾਜਰ ਸਨ।

