ਗੁਰੂ ਸ਼ਿਸ਼ ਦੀ ਪ੍ਰੰਪਰਾ ਵੈਦਿਕ ਕਾਲ ਤੋਂ ਚਲੀ ਆ ਰਹੀ ਹੈ। ਗੁਰੂ ਬਿਨਾਂ ਗਿਆਨ ਹੋਣਾ ਅਸੰਭਵ ਹੈ। ਕੋਈ ਵੀ ਵਿਅਕਤੀ ਜ਼ੋ ਕੁੱਝ ਕਰਨਾ ਚਾਹੁੰਦਾ ਹੈ, ਸਿੱਖਣਾ ਚਾਹੁੰਦਾ ਹੈ ਉਸ ਨੂੰ ਗੁਰੂ ਧਾਰਨ ਕਰਨਾ ਹੀ ਪੈਂਦਾ ਹੈ ਕਿਉਂਕਿ ਗੁਰੂ ਬਿਨਾਂ ਗਤ ਹੋਣੀ ਮੁਸ਼ਿਕਲ ਹੈ। ਪੁਰਾਣੇ ਸਮੇਂ ਤੋਂ ਹੀ ਗੁਰੂ ਗਿਆਨ ਪ੍ਰਦਾਨ ਕਰਦਾ,ਗਿਆਨ ਪ੍ਰਦਾਨ ਕਰਨ ਲਈ ਗੁਰੂ ਨੂੰ ਪੈਸੇ ਬਹੁਤ ਘੱਟ ਜਾਂ ਨਾਬਰਾਬਰ ਦਿੱਤੇ ਜਾਂਦੇ ਸਨ। ਗੁਰੂ ਨੂੰ ਸਨਮਾਨ ਵਜੋਂ ਸ਼ਿਸ਼ ਵੱਲੋਂ ਗੁਰੂ ਦਕਸ਼ਨਾ ਦਿੱਤੀ ਜਾਂਦੀ ਸੀ।ਗੁਰੂ ਨੂੰ ਗੁਰੂ ਦਕਸ਼ਨਾ ਦੇ ਰੂਪ ਵਿੱਚ ਜ਼ੋ ਵੀ ਗੁਰੂ ਮੰਗੇ ਸ਼ਿਸ਼ ਵੱਲੋਂ ਭੇਟ ਕਰ ਦਿੱਤਾ ਜਾਂਦਾ ਸੀ। ਗੁਰੂ ਦਰੋਣਾਚਾਰੀਆ ਨੇ ਏਕਲਵਿਆ ਤੋਂ ਗੁਰੂ ਦਕਸ਼ਨਾ ਦੇ ਰੂਪ ਵਿੱਚ ਅੰਗੂਠਾ ਮੰਗਿਆ ਅਤੇ ਏਕਲਵਿਆ ਨੇ ਵੀ ਖੁਸ਼ ਹੋ ਕੇ ਗੁਰੂ ਨੂੰ ਭੇਂਟ ਕਰ ਦਿੱਤਾ।ਇਹ ਸ਼ਿਸ਼ ਵੱਲੋਂ ਗੁਰੂ ਦਾ ਸਨਮਾਨ ਵੀ ਹੁੰਦਾ ਸੀ।ਅਜੋਕਾ ਸਮਾਂ ਕਰਵਟ ਲੈ ਚੁੱਕਿਆ ਹੈ। ਗੁਰੂ ਅਧਿਆਪਕ ਵਜੋਂ ਅਤੇ ਸ਼ਿਸ਼ ਵਿਦਿਆਰਥੀ ਵਜੋਂ ਅੱਜ਼ ਵੀ ਮੌਜੂਦ ਹਨ ਪ੍ਰੰਤੂ ਦੋਵਾਂ ਦੇ ਰਿਸ਼ਤਿਆਂ ਵਿੱਚ ਅਪਣੱਤ ਅਤੇ ਪਿਆਰ ਪਹਿਲਾਂ ਵਾਲਾ ਨਹੀਂ ਰਿਹਾ।ਅਜੋਕਾ ਵਿਦਿਆਰਥੀ ਡਿਜੀਟਲ ਯੁੱਗ ਵਿੱਚ ਜੀਅ ਰਿਹਾ ਹੈ। ਸਿੱਖਿਆ ਦਾ ਦਿਨੋਂ ਦਿਨ ਹੋ ਰਿਹਾ ਨਿੱਜੀਕਰਨ ਅਤੇ ਡਿਜੀਟਾਈਲੇਸਨ ਅਧਿਆਪਕ ਵਿਦਿਆਰਥੀਆਂ ਵਿੱਚ ਮੋਹ ਦੀਆਂ ਤੰਦਾਂ ਨੂੰ ਕਮਜ਼ੋਰ ਕਰ ਰਿਹਾ ਹੈ। ਆਨਲਾਈਨ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਅਧਿਆਪਕ ਜਮਾਤ ਜਾਂ ਕਲਾਸਰੂਮ ਦੀ ਜਗ੍ਹਾ ਨਹੀਂ ਲੈ ਸਕਦਾ। ਵਿਦਿਆਰਥੀਆਂ ਦਾ ਅਧਿਆਪਕ ਤੋਂ ਸਵਾਲ ਪੁੱਛਣ ਦੀ ਬਜਾਏ ਗੂਗਲ ਬਾਬੇ ਦੀ ਸਹਾਇਤਾ ਲੈਣਾ ਅਧਿਆਪਕ ਦੀ ਹੋਂਦ ਨੂੰ ਖ਼ਤਮ ਕਰਦਾ ਹੈ।ਗੂਗਲ ਜ਼ਰੂਰੀ ਨਹੀਂ ਹਰ ਵਾਰ ਸਹੀ ਹੋਵੇ ਪਰੰਤੂ ਗੂਗਲ ਨੇ ਵਿਦਿਆਰਥੀ ਅਤੇ ਅਧਿਆਪਕ ਦੇ ਰਿਸ਼ਤੇ ਨੂੰ ਪ੍ਰਭਾਵਿਤ ਜ਼ਰੂਰ ਕੀਤਾ ਹੈ। ਅਜੋਕੇ ਮਹਿੰਗਾਈ ਦੇ ਸਮੇਂ ਵਿੱਚ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਨਿਗੁਣੀ ਤਨਖਾਹ ਤੇ ਜੀਵਨ ਬਸਰ ਕਰਨ ਵਾਲੇ ਅਧਿਆਪਕ ਕਿਹੜੇ ਮੂੰਹ ਨਾਲ ਅਧਿਆਪਕ ਦਿਵਸ ਮਨਾਉਣ ਇਹ ਸਵਾਲ ਹਰ ਅਧਿਆਪਕ ਸਮੇਂ ਦੇ ਹਾਕਮਾਂ ਤੋਂ ਪੁੱਛਣਾ ਚਾਹੁੰਦਾ ਹੈ। ਲੰਮੇ ਸਮੇਂ ਤੋਂ ਲਟਕੀਆਂ ਆ ਰਹੀਆਂ ਅਧਿਆਪਕਾਂ ਦੀਆਂ ਮੰਗਾਂ ਫਾਈਲਾਂ ਤੋਂ ਮਿੱਠੀ ਝਾੜਨ ਲਈ ਕਹਿ ਰਹੀਆਂ ਹਨ। ਮੀਂਹ ਹਨੇਰੀ, ਧੁੱਪ ਅਤੇ ਠੰਢ ਵਿੱਚ ਆਪਣੇ ਹੱਕ ਮੰਗਣ ਵਾਲੇ ਅਧਿਆਪਕਾਂ ਨੂੰ ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਜਦੋਂ ਅਧਿਆਪਕ ਸੜਕਾਂ ਤੇ ਰੁਲ ਰਿਹਾ ਹੋਵੇ ਉਦੋਂ ਕਿਵੇਂ ਦਿਲ ਨੂੰ ਸਮਝਾਈਏ ਕਿ ਸੜਕਾਂ ਤੇ ਰੁਲਣ ਵਾਲਾ ਦੇਸ਼ ਦਾ ਨਿਰਮਾਤਾ ਹੈ। ਜਦੋਂ ਦੇਸ਼ ਦਾ ਨਿਰਮਾਣ ਕਰਨ ਵਾਲਾ ਤਾਂ ਆਪ ਸੰਘਰਸ਼ ਦੇ ਰਾਹ ਤੁਰਨ ਲਈ ਮਜ਼ਬੂਰ ਹੋ ਚੁੱਕਿਆ ਹੈ ਤਾਂ ਫ਼ਿਰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕੌਣ ਪੜ੍ਹਾਏਗਾ,ਇਹ ਸੋਚਣ ਵਾਲੀ ਗੱਲ ਹੈ। ਅਧਿਆਪਕ ਇੱਕ ਪੇਸ਼ਾ ਨਹੀਂ ਇਹ ਉਹ ਪਦਵੀਂ ਹੈ ਜਿਸਦੀ ਤੁਲਨਾ ਕਿਸੇ ਹੋਰ ਪਦਵੀ ਨਾਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਿੰਨੀਆਂ ਨੌਕਰੀਆਂ ਜਾਂ ਕੰਮ ਬਾਕੀ ਹਨ ਉਹ ਸਾਰੇ ਅਧਿਆਪਕ ਤੋਂ ਹੀ ਹੋ ਕੇ ਜਾਂਦੇ ਹਨ।ਹਰ ਮੰਜ਼ਿਲ ਦੀ ਪ੍ਰਾਪਤੀ ਦਾ ਰਸਤਾ ਅਧਿਆਪਕ ਦੇ ਮਾਰਗਦਰਸ਼ਨ ਤੋਂ ਹੀ ਜਾਂਦਾ ਹੈ। ਅਧਿਆਪਕ ਇੱਕ ਦੀਵਾ ਹੈ ਜ਼ੋ ਵਿਦਿਆਰਥੀ ਦੀ ਹਨ੍ਹੇਰੀ ਜ਼ਿੰਦਗੀ ਨੂੰ ਰੋਸ਼ਨ ਕਰਕੇ ਚਾਨਣ ਵੱਲ ਭੇਜਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। 05 ਸਤੰਬਰ ਦਾ ਦਿਨ ਜਦੋਂ ਪੂਰਾ ਦੇਸ਼ ਭਾਰਤ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦਾ ਜਨਮ ਦਿਨ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ ਉਸ ਸਮੇਂ ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਅਧਿਆਪਕਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਅਧਿਆਪਕ ਦਿਵਸ ਦਾ ਤੋਹਫ਼ਾ ਦੇਣ, ਅਧਿਆਪਕ ਵਰਗ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਤੋਹਫ਼ਾ ਦੇਣਾ ਅਧਿਆਪਕ ਦਿਵਸ ਤੇ ਉਹਨਾਂ ਦਾ ਸੱਚਾ ਸਨਮਾਨ ਹੋਵੇਗਾ ਜਿਨ੍ਹਾਂ ਦੇ ਉਹ ਅਸਲ ਵਿੱਚ ਹੱਕਦਾਰ ਹਨ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜਿਲ੍ਹਾ ਬਠਿੰਡਾ
7087367969