ਫਰੀਦਕੋਟ, 4 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਊਂਟ ਲਰਨਿੰਗ ਜੂਨੀਅਰ ਸਕੂਲ ਫਰੀਦਕੋਟ ਵਿੱਚ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ। ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੀ ਮਨਮੋਹਕ ਵੇਸ਼ਭੂਸ਼ਾ ਧਾਰਨ ਕਰਕੇ ਸਭ ਦਾ ਮਨ ਮੋਹ ਲਿਆ। ਬੰਸਰੀ ਫੜੀ ਕਾਨ੍ਹ ਦੇ ਰੂਪ ਵਿੱਚ ਸਜੇ ਛੋਟੇ ਮੁੰਡਿਆਂ ਅਤੇ ਰਾਧਾ ਦੇ ਰੂਪ ਵਿੱਚ ਸਜੀਆ ਕੁੜੀਆਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਬੱਚਿਆਂ ਦੀ ਮੌਜੂਦਗੀ ਨੇ ਸਕੂਲ ਦੇ ਮਾਹੌਲ ਨੂੰ ਬਦਲ ਦਿੱਤਾ ਅਤੇ ਉੱਥੇ ਬਿਲਕੁਲ ਬ੍ਰਿੰਦਾਵਨ ਵਰਗਾ ਮਾਹੌਲ ਸਿਰਜ ਦਿੱਤਾ। ਸਾਰਾ ਕੈਂਪਸ ਰਾਧੇ-ਰਾਧੇ ਅਤੇ ਜੈ ਸ਼੍ਰੀ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਤ ਸੁੰਦਰ ਪੇਸ਼ਕਾਰੀਆਂ, ਭਜਨ ਅਤੇ ਨਾਚ ਪੇਸ਼ ਕੀਤੇ। ਬੱਚਿਆਂ ਨੇ ਮਟਕੀ ਫੋੜ ਗਤੀਵਿਧੀ ਵਿੱਚ ਵੀ ਬੜੇ ਉਤਸ਼ਾਹ ਨਾਲ ਭਾਗ ਲਿਆ। ਪੂਰਾ ਸਕੂਲ ਪਰਿਸਰ ਭਗਤੀਮਈ ਮਾਹੌਲ ਨਾਲ ਰੰਗਿਆ ਹੋਇਆ ਨਜ਼ਰ ਆਇਆ। ਸਕੂਲ ਦੀ ਪ੍ਰਿੰਸੀਪਲ ਸ਼੍ਰੀ ਮਤੀ ਸੀਮਾ ਗੁਲਾਟੀ ਅਤੇ ਅਧਿਆਪਕਾਂ ਨੇ ਬੱਚਿਆਂ ਨੂੰ ਸ੍ਰੀ ਕ੍ਰਿਸ਼ਨ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸੱਚਾਈ, ਪਿਆਰ ਅਤੇ ਸਦਭਾਵਨਾ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਮਾਗਮ ਦਾ ਸਮਾਪਨ ਸਾਰਿਆਂ ਨੂੰ ਜਨਮਾਸ਼ਟਮੀ ਦੀਆਂ ਸ਼ੁਭਕਾਮਨਾਵਾਂ ਦੇਣ ਨਾਲ ਹੋਇਆ।

