ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਸੰਵਿਧਾਨ ਅਤੇ ਨਿਆਂ ਪ੍ਰਣਾਲੀ ‘ਚ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ : ਗੁਰਮੀਤ ਸਿੰਘ ਆਰੇਵਾਲਾ
ਕੋਟਕਪੂਰਾ, 4 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ ਜੀ ਨੂੰ ਮਿਲੀ ਜ਼ਮਾਨਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਆਖਿਆ ਹੈ ਕਿ ਸੱਚ ਨੂੰ ਕੁਝ ਸਮੇਂ ਲਈ ਪਰੇਸ਼ਾਨ ਤਾਂ ਕੀਤਾ ਜਾ ਸਕਦਾ ਹੈ, ਪਰ ਉਸ ਨੂੰ ਕਦੇ ਵੀ ਪਰਾਜਿਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਦੇ ਇਸ ਅਹਿਮ ਫੈਸਲੇ ਨਾਲ ਦੇਸ਼ ਦੇ ਸੰਵਿਧਾਨ, ਲੋਕਤੰਤਰ ਅਤੇ ਨਿਆਂ ਪ੍ਰਣਾਲੀ ਵਿੱਚ ਦੇਸ਼ ਦੇ ਆਮ ਨਾਗਰਿਕਾਂ ਦਾ ਵਿਸ਼ਵਾਸ ਹੋਰ ਵੀ ਮਜ਼ਬੂਤ ਹੋਇਆ ਹੈ।
ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਇੱਥੋਂ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਆਖਿਆ ਕਿ ਮੌਜੂਦਾ ਸਮੇਂ ਵਿੱਚ ਕੇਂਦਰੀ ਸਰਕਾਰੀ ਏਜੰਸੀਆਂ ਦੀ ਕਥਿਤ ਤੌਰ ‘ਤੇ ਦੁਰਵਰਤੋਂ ਕਰਕੇ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਦਬਾਉਣ ਦੀ ਜੋ ਰਾਜਨੀਤੀ ਕੀਤੀ ਜਾ ਰਹੀ ਹੈ, ਉਹ ਬਹੁਤ ਅਫ਼ਸੋਸਜਨਕ ਹੈ। ਅਜਿਹੀ ਤਾਨਾਸ਼ਾਹੀ ਅਤੇ ਬਦਲੇ ਦੀ ਰਾਜਨੀਤੀ ਜ਼ਿਆਦਾ ਦੇਰ ਨਹੀਂ ਚੱਲ ਸਕਦੀ, ਕਿਉਂਕਿ ਲੋਕਤੰਤਰ ਵਿੱਚ ਜਨਤਾ ਸਭ ਕੁਝ ਦੇਖ ਰਹੀ ਹੈ ਅਤੇ ਅਦਾਲਤਾਂ ਦਾ ਇਨਸਾਫ਼ ਹਮੇਸ਼ਾ ਸੱਚ ਦੇ ਨਾਲ ਖੜ੍ਹਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਅਤੇ ਜਿਊਂਦਾ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਦੇਸ਼ ਦੇ ਸੰਵਿਧਾਨਕ ਅਤੇ ਸੁਤੰਤਰ ਅਦਾਰਿਆਂ ਦੀ ਗਰਿਮਾ, ਸ਼ਾਨ ਅਤੇ ਨਿਰਪੱਖਤਾ ਨੂੰ ਹਰ ਹਾਲਤ ਵਿੱਚ ਕਾਇਮ ਰੱਖਿਆ ਜਾਵੇ। ਕਿਸੇ ਵੀ ਚੁਣੀ ਹੋਈ ਸਰਕਾਰ ਦਾ ਇਹ ਪ੍ਰਮੁੱਖ ਫ਼ਰਜ਼ ਬਣਦਾ ਹੈ ਕਿ ਉਹ ਰਾਜਨੀਤਿਕ ਹਿੱਤਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਸੰਵਿਧਾਨ ਦੇ ਮੂਲ ਢਾਂਚੇ ਦੀ ਰੱਖਿਆ ਕਰੇ। ਗੁਰਮੀਤ ਸਿੰਘ ਆਰੇਵਾਲਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਝੂਠ ਅਤੇ ਸਾਜ਼ਿਸ਼ਾਂ ਦੇ ਬੱਦਲ ਚਾਹੇ ਜਿੰਨੇ ਵੀ ਗੂੜ੍ਹੇ ਹੋਣ, ਪਰ ਸੱਚ ਦਾ ਸੂਰਜ ਜ਼ਰੂਰ ਚੜ੍ਹਦਾ ਹੈ। ਅੱਜ ਦੇ ਇਹ ਫੈਸਲੇ ਸਾਬਤ ਕਰਦੇ ਹਨ ਕਿ ਅੰਤ ਵਿੱਚ ਹਮੇਸ਼ਾ ਨਿਆਂ, ਸੱਚ ਅਤੇ ਦੇਸ਼ ਦੇ ਸੰਵਿਧਾਨ ਦੀ ਹੀ ਜਿੱਤ ਹੁੰਦੀ ਹੈ।

