8 ਸਤੰਬਰ ਨੂੰ ਮਨਿਸਟੀਰੀਅਲ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਦੀ ਹਮਾਇਤ ਵਿੱਚ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰ ਸਾਹਮਣੇ ਕੀਤੀ ਜਾਵੇਗ਼ੀ ਰੋਸ ਰੈਲੀ
ਫਰੀਦਕੋਟ, 4 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਗਵੰਤ ਮਾਨ ਸਰਕਾਰ ਵੱਲੋਂ ਮੁਲਾਜ਼ਮ ਵਰਗ ਨੂੰ ਬਦਨਾਮ ਕਰਨ ਲਈ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਦਾ ਢੁੱਕਵਾਂ ਜਵਾਬ ਦੇਣ ਲਈ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸਾਂਝੀ ਤਾਲਮੇਲ ਕਮੇਟੀ ਵੱਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮਾਂ ਨੂੰ ਲਾਗੂ ਕਰਦੇ ਹੋਏ ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮੋਗਾ
ਅਤੇ ਸ੍ਰੀ ਮੁਕਤਸਰ ਸਾਹਿਬ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ 12 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ ਠੀਕ 10:00 ਵਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪਿੰਡ ਸੰਧਵਾਂ ਵਿਖੇ ਰਿਹਾਇਸ਼ ਸਾਹਮਣੇ ਰੋਸ ਰੈਲੀ ਕਰਨ ਤੋਂ ਬਾਅਦ ਕੋਠੀ ਦਾ ਘਿਰਾਓ ਕਰਨ ਦਾ ਐਕਸ਼ਨ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਐਕਸ਼ਨ ਦੀ ਤਿਆਰੀ ਲਈ ਅੱਜ ਸਥਾਨਕ ਪੈਨਸ਼ਨਰ ਭਵਨ ਵਿਖੇ ਸਾਂਝੀ ਤਾਲਮੇਲ ਕਮੇਟੀ, ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ, ਸਾਂਝਾ ਮੁਲਾਜ਼ਮ ਮੰਚ ਜ਼ਿਲ੍ਹਾ ਫਰੀਦਕੋਟ ਦੇ ਆਗੂਆਂ ਦੀ ਇੱਕ ਮੀਟਿੰਗ ਅਧਿਆਪਕ ਆਗੂ ਸੁਖਵਿੰਦਰ ਸਿੰਘ ਸੁੱਖੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਆਗੂ ਪ੍ਰੇਮ ਚਾਵਲਾ, ਜਤਿੰਦਰ ਕੁਮਾਰ,
ਵਿਕਰਮਜੀਤ ਸਿੰਘ ਢਿੱਲੋਂ, ਰਵਿੰਦਰ ਪਾਲ ਸਿੰਘ ਘਾਲੀ , ਨਰਿੰਦਰਜੀਤ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਲਖਵਿੰਦਰ ਕੌਰ, ਇੰਦਰਜੀਤ ਸਿੰਘ ਖੀਵਾ, ਚਿਤਰੰਜਨ ਗਾਭਾ, ਬਲਵਿੰਦਰ ਰਾਮ ਸ਼ਰਮਾ, ਕੁਲਵੰਤ ਸਿੰਘ ਚਾਨੀ, ਪ੍ਰਿੰਸੀਪਲ ਕ੍ਰਿਸ਼ਨ ਲਾਲ, ਜਗਸੀਰ ਸਿੰਘ ਖਾਰਾ, ਇੰਦਰਜੀਤ ਸਿੰਘ ਗਿੱਲ, ਸਿਮਰਜੀਤ ਸਿੰਘ ਬਰਾੜ, ਨਰਿੰਦਰ ਕੁਮਾਰ, ਵੀਰਇੰਦਰਜੀਤ ਸਿੰਘ ਪੁਰੀ ਅਤੇ ਬਖਸ਼ਿੰਦਰ ਜੀਤ ਸਿੰਘ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਮੁਲਾਜ਼ਮ ਵਿਰੋਧੀ ਝੂਠੇ ਅੰਕੜੇ ਪੇਸ਼ ਕਰਨ, ਆਮ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਸਮੂਹ ਮੁਲਾਜ਼ਮਾਂ ਨੂੰ ਬਦਨਾਮ ਕਰਨ ਲਈ ਕੀਤੀ ਗਈ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਪੰਜਾਬ ਸਕੱਤਰੇਤ, ਡਾਇਰੈਕਟੋਰੇਟ, ਜ਼ਿਲ੍ਹਿਆਂ, ਤਹਿਸੀਲਾਂ, ਬਲਾਕਾਂ ਦੇ ਵੱਖ ਵੱਖ ਵਿਭਾਗਾਂ ਦੇ ਦਫ਼ਤਰੀ ਮੁਲਾਜ਼ਮਾਂ ਵੱਲੋਂ 8 ਸਤੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਦੀ ਹਮਾਇਤ ਵਿੱਚ 8 ਸਤੰਬਰ ਨੂੰ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰ ਸਾਹਮਣੇ ਸਵੇਰੇ 11:00 ਵਜੇ ਰੋਸ ਰੈਲੀ ਕੀਤੀ ਜਾਵੇਗੀ। ਇਸ ਤੋਂ ਬਾਅਦ ਫਰੀਦਕੋਟ,ਫਿਰੋਜ਼ਪੁਰ, ਫਾਜਲਿਕਾ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਅਧਿਆਪਕ, ਮੁਲਾਜ਼ਮ ਅਤੇ ਪੈਨਸ਼ਨਰ 12 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ ਠੀਕ 10:00 ਵਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਪਿੰਡ ਸੰਧਵਾਂ ਵਿਖੇ ਰਿਹਾਇਸ਼ ਸਾਹਮਣੇ ਵਿਸ਼ਾਲ ਰੋਸ ਰੈਲੀ ਕਰਕੇ ਕੋਠੀ ਦਾ ਘਿਰਾਓ ਕਰਨਗੇ। ਮੀਟਿੰਗ ਦੌਰਾਨ ਇਹਨਾਂ ਐਕਸ਼ਨਾਂ ਨੂੰ ਸਫਲ ਬਣਾਉਣ ਲਈ ਵੱਖ ਵੱਖ ਜਥੇਬੰਦੀਆਂ ਨੂੰ ਕੋਟੇ ਲਗਾਏ ਗਏ ਅਤੇ ਸਾਰੇ ਪ੍ਰਬੰਧ ਮੁਕੰਮਲ ਕਰਦੇ ਹੋਏ ਵੱਖ ਵੱਖ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਜਨਤਕ ਤੌਰ ‘ਤੇ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਦੇਸ਼ ਅਤੇ ਭਾਰਤ ਦੇ ਬਹੁਤ ਸਾਰੇ ਰਾਜ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 60 ਫੀਸਦੀ ਡੀ.ਏ ਦੇ ਰਹੇ ਹਨ ਤੇ ਪੰਜਾਬ ਸਰਕਾਰ ਵੱਲੋਂ ਸਿਰਫ 42 ਫੀਸਦੀ ਡੀ ਏ ਦਿੱਤਾ ਜਾ ਰਿਹਾ ਹੈ। ਜਦਕਿ ਪੰਜਾਬ ਦੀ ਸਾਰੀ ਉੱਚ ਅਫ਼ਸਰਸ਼ਾਹੀ ਨੂੰ 60, ਫੀਸਦੀ ਡੀ.ਏ ਦੇ ਕੇ ਆਮ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਿਰਫ 42 ਫੀਸਦੀ ਡੀ.ਏ ਦਿੱਤਾ ਜਾ ਰਿਹਾ ਹੈ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਲ 2022 ਦੌਰਾਨ ਲਗਭਗ 4 ਸਾਲ ਪਹਿਲਾਂ ਮੰਤਰੀ ਮੰਡਲ ਦੀ ਮੀਟਿੰਗ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਫੈਸਲਾ ਕਰਕੇ ਵੀ ਪੁਰਾਣੀ ਪੈਨਸ਼ਨ ਸਕੀਮ ਅਜੇ ਤੱਕ ਬਹਾਲ ਨਹੀਂ ਕੀਤੀ, ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਦੀਆਂ ਉਜਰਤਾਂ ਵਿੱਚ ਕੀਤਾ ਜਾਣ ਵਾਲਾ ਦੁੱਗਣਾ ਵਾਧਾ ਵੀ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਪਿਕਟਸ ਅਧੀਨ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਆਪਣੇ ਚੋਣ ਮੈਨੀਫੈਸਟੋ ਅਨੁਸਾਰ ਅਜੇ ਤੱਕ ਸਿੱਖਿਆ ਵਿਭਾਗ ਵਿੱਚ ਮਰਜ ਨਹੀਂ ਕੀਤਾ ਗਿਆ ਆਦਿ ਸਾਰੀਆਂ ਗੱਲਾਂ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕਰਕੇ ਭਗਵੰਤ ਮਾਨ ਸਰਕਾਰ ਦਾ ਅਸਲੀ ਚਿਹਰਾ ਮੋਹਰਾ ਨੰਗਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਵਾਲੀਆ, ਸੁਖਮੰਦਰ ਸਿੰਘ ਗਿੱਲ, ਗੁਰਦੀਪ ਸਿੰਘ ਰਾਮੇਆਣਾ, ਗੁਰਮੀਤ ਸਿੰਘ ਜੈਤੋ, ਜਗਸੀਰ ਸਿੰਘ ਖਾਰਾ, ਬਿਸ਼ਨ ਕੁਮਾਰ ਅਰੋੜਾ, ਇੰਜੀਨੀਅਰ ਜੀਤ ਸਿੰਘ, ਪ੍ਰਿੰਸੀਪਲ ਜੁਗਿੰਦਰ ਸਿੰਘ, ਅਜੀਤ ਸਿੰਘ ਖਾਲਸਾ, ਹਰਦੀਪ ਸਿੰਘ ਕਟਾਰੀਆ, ਪ੍ਰਤਾਪ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

