ਕੁਝ ਚਿਰ ਹੋਰ ਖਲੋ ਨੀ ਜਿੰਦੇ
ਕੁਝ ਚਿਰ ਹੋਰ ਖਲੋ
ਇਸ ਦੁਨੀਆਂ ਦੇ ਨ੍ਹੇਰੇ ਵਿਚੋਂ
ਵੇਖ ਤੇ ਅੜੀਏ ਲੋ ।
ਸੱਚੇ ਪਿਆਰ ਦੀਆਂ ਇਹ ਡੋਰਾਂ
ਵੱਟ ਨਾ ਸੁੱਚੀਆਂ ਸੁੱਚੀਆਂ
ਕਲੀਆਂ ਵਾਂਗਰ ਖਿੜ ਖਿੜ ਹੱਸ ਨਾ ਬਾਹਵਾਂ ਕਰ ਕਰ ਉੱਚੀਆਂ
ਸੁੱਚੇ ਝੂਠੇ ਪਰਖ ਲੈ ਮੋਤੀ
ਮਗਰੋਂ ਲਵੀਂ ਪਰੋ
ਕੁਝ ਚਿਰ ਹੋਰ ਖਲੋ
ਨੀ ਜਿੰਦੇ ਕੁਝ ਚਿਰ ਹੋਰ ਖਲੋ ।
ਕੋਈ ਇੱਥੇ ਫੁਲ ਬਣਾਉਂਦਾ
ਕੋਈ ਬਣਾਉਂਦਾ ਸੂਈਆਂ
ਕਈ ਮਹਿੰਦੀ ਵਾਲੇ ਹੱਥਾਂ ਨੇ
ਕੋਮਲ ਜਿੰਦਾਂ ਲੂਹੀਆਂ
ਅੰਦਰ ਲੁਕ ਲੁਕ ਮਨ ਸਮਝਾਉਂਦਾ ਹੌਲੀ ਹੌਲੀ ਰੋ
ਕੁਝ ਚਿਰ ਹੋਰ ਖਲੋ
ਨੀ ਜਿੰਦੇ ਕੁਝ ਚਿਰ ਹੋਰ ਖਲੋ ।
ਢਕ ਕੇ ਰੱਖ ਇਹ ਰਾਜ਼ ਅਨੋਖੇ
ਨਾ ਪਉ ਹਰ ਥਾਂ ਗੱਲੀਂ
ਤੇਰੇ ਹੰਝੂਆਂ ਤੋਂ ਨਹੀਂ ਬੁਝਣੀ
ਲੱਗ ਗਈ ਅੱਗ ਜੋ ਝੱਲੀਂ
ਰੰਗਲੇ ਰੰਗਲੇ ਗੂੜ੍ਹੇ ਹਾਸੇ
ਬੁਲ੍ਹੀਆਂ ਵਿਚ ਲੁਕੋ
ਕੁਝ ਚਿਰ ਹੋਰ ਖਲੋ
ਨੀ ਜਿੰਦੇ ਕੁਝ ਚਿਰ ਹੋਰ ਖਲੋ ।
ਏਥੇ ਕੋਈ ਮੌਤ ਨਾ ਜਾਣੇ
ਜਿਸ ਦਾ ਹਰ ਥਾਂ ਘੇਰਾ
ਏਥੇ ਰਾਤ ਨਹੀਂ ਉਹ ਚੇਤੇ
ਜਿਸ ਦਾ ਨਹੀਂ ਸਵੇਰਾ
ਤੇਰੇ ਰੋਣ ਦੀ ਕੰਧੀਂ ਲਗ ਲਗ
ਦੁਨੀਆਂ ਲਏ ਕਨਸੋ
ਕੁਝ ਚਿਰ ਹੋਰ ਖਲੋ
ਨੀ ਜਿੰਦੇ ਕੁਝ ਚਿਰ ਹੋਰ ਖਲੋ ।
ਜੇ ਲੱਭਦਾ ਤੇ ਗੰਢ ਪ੍ਰੀਤਾਂ
ਗੰਢਾਂ ਦੇ ਦੇ ਪੱਕੀਆਂ
ਪਰ ਉਹਨੇ ਅਪਣੇ ਘੁੰਡ ਦੀਆਂ
ਕੁੰਜਾਂ ਵੀ ਨਹੀਂ ਚੱਕੀਆਂ
ਉਹਦੇ ਆਉਣ ਦੀ ਤੇਰੇ ਕੰਨਾਂ
ਸੁਣੀ ਨਾ ਕੋਈ ਸ਼ੋਅ
ਕੁਝ ਚਿਰ ਹੋਰ ਖਲੋ ਨੀ
ਜਿੰਦੇ ਕੁਝ ਚਿਰ ਹੋਰ ਖਲੋ ।
ਤੂੰ ਜਾਣੇ ਇਹ ਕਲੀਆਂ ਤੇ ਫੁੱਲ
ਬਾਹਲੇ ਚੰਗੇ ਚੰਗੇ
ਇਕੋ ਰਾਤ ‘ਚ ਗਏ ਮਧੋਲੇ
ਜਾਂ ਜ਼ੁਲਫ਼ਾਂ ਨੇ ਡੰਗੇ
ਕੂੜੇ ਉਤੇ ਚੁਕ ਕੇ ਸੁਟ ਗਏ
ਜਿਨ੍ਹਾਂ ਲਈ ਖ਼ੁਸ਼ਬੋ
ਕੁਝ ਚਿਰ ਹੋਰ ਖਲੋ
ਨੀ ਜਿੰਦੇ ਕੁਝ ਚਿਰ ਹੋਰ ਖਲੋ ।
ਮੰਜ਼ਿਲ ਤੇਰੀ ਬਾਹਲੀ ਲੰਮੀ
ਤੂੰਹੀਉਂ ਆਪ ਮੁਕਾਉਣੀ
ਜੇ ਰਸਤੇ ਵਿਚ ਡਿਗ ਪਈ ਕਿਧਰੇ
ਫੇਰ ਨਾ ਕਿਸੇ ਉਠਾਉਣੀ
‘ਨੂਰਪੁਰੀ’ ਛੱਡ ਜਗ ਦਾ ਖਹਿੜਾ
ਇਕ ਸੱਚੇ ਦੀ ਹੋ
ਕੁਝ ਚਿਰ ਹੋਰ ਖਲੋ
ਨੀ ਜਿੰਦੇ ਕੁਝ ਚਿਰ ਹੋਰ ਖਲੋ।
▪️ਨੰਦ ਲਾਲ ਨੂਰਪੁਰੀ

