*ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ, 390 ਬੱਚਿਆਂ ਨੂੰ ਮਿਲੇ ਬੋਰਡ ਤੇ ਪੈੱਨ*
*ਦੁਰਵਿਵਹਾਰ ਜਾਂ ਪਰੇਸ਼ਾਨੀ ਦੀ ਸੂਰਤ ’ਚ ਚੁੱਪ ਨਾ ਰਹਿਣ ਬੱਚੇ: ਗੁਨਜੀਤ ਰੁਚੀ ਬਾਵਾ*

ਲੁਧਿਆਣਾ, 4 ਸਤੰਬਰ, (ਵਰਲਡ ਪੰਜਾਬੀ ਟਾਈਮਜ਼)
ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨ ਅਤੇ ਬਾਲ ਅਧਿਕਾਰਾਂ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ‘ਨੰਨ੍ਹੇ ਕਦਮ’ ਪਹਿਲਕਦਮੀ ਤਹਿਤ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਗੁਨਜੀਤ ਰੁਚੀ ਬਾਵਾ ਨੇ ਸਕੂਲ ਆਫ਼ ਐਮੀਨੈਂਸ, ਢੋਲੇਵਾਲ ਵਿਖੇ ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੌਕੇ ਆਉਣ ਵਾਲੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ 390 ਵਿਦਿਆਰਥੀਆਂ ਨੂੰ ਗੱਤੇ ਦੇ ਲਿਖਣ ਵਾਲੇ ਬੋਰਡ ਅਤੇ ਪੈੱਨ ਵੰਡੇ ਗਏ। ਇਹ ਲਿਖਣ ਵਾਲੇ ਬੋਰਡ ਆਸ ਅਹਿਸਾਸ ਐਨ.ਜੀ.ਓ. ਵੱਲੋਂ ਸਪਾਂਸਰ ਕੀਤੇ ਗਏ।
ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਬਾਵਾ ਨੇ ਕਿਹਾ ਕਿ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਜੀਵਨ ਦਾ ਅਹਿਮ ਪੜਾਅ ਹਨ, ਪਰ ਸਫਲਤਾ ਸਿਰਫ਼ ਚੰਗੇ ਅੰਕ ਹਾਸਲ ਕਰਨ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅਧਿਕਾਰਾਂ, ਸੁਰੱਖਿਆ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਚਾ ਦੁਰਵਿਵਹਾਰ, ਪਰੇਸ਼ਾਨੀ ਜਾਂ ਕਿਸੇ ਹੋਰ ਮੁਸ਼ਕਲ ਦਾ ਸਾਹਮਣਾ ਕਰਦਾ ਹੈ ਤਾਂ ਉਸ ਨੂੰ ਚੁੱਪ ਰਹਿਣ ਦੀ ਬਜਾਏ ਭਰੋਸੇ ਨਾਲ ਆਪਣੀ ਗੱਲ ਸਾਂਝੀ ਕਰਨੀ ਚਾਹੀਦੀ ਹੈ ਅਤੇ ਲੋੜ ਪੈਣ ’ਤੇ ਮਦਦ ਲੈਣੀ ਚਾਹੀਦੀ ਹੈ।
ਉਨ੍ਹਾਂ ਨੇ ਚਾਈਲਡ ਹੈਲਪਲਾਈਨ 1098 ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਇਸ ਨੂੰ ਇੱਕ ਮਹੱਤਵਪੂਰਨ ਸਹਾਇਤਾ ਪ੍ਰਣਾਲੀ ਵਜੋਂ ਯਾਦ ਰੱਖਣ ਦੀ ਅਪੀਲ ਕੀਤੀ।
ਸ੍ਰੀਮਤੀ ਬਾਵਾ ਨੇ ਕਿਹਾ ਕਿ ‘ਨੰਨ੍ਹੇ ਕਦਮ’ ਦਾ ਉਦੇਸ਼ ਬੱਚਿਆਂ ਨੂੰ ਉਨ੍ਹਾਂ ਦੀ ਸਿੱਖਿਆ ਦੇ ਨਾਲ-ਨਾਲ ਜਾਗਰੂਕ, ਸੁਰੱਖਿਅਤ ਅਤੇ ਸਸ਼ਕਤ ਨਾਗਰਿਕ ਬਣਨ ਲਈ ਉਤਸ਼ਾਹਿਤ ਕਰਨਾ ਹੈ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਹਰਦੀਪ ਕੌਰ ਸਮੇਤ ਸਕੂਲ ਦਾ ਸਟਾਫ਼ ਵੀ ਹਾਜ਼ਰ ਸੀ।

