ਗਲੀਆਂ-ਮੁਹੱਲਿਆਂ ‘ਚ ਬਦਲੇਗੀ ਸਫ਼ਾਈ ਦੀ ਤਸਵੀਰ, ਮੁਹਿੰਮ ਲਈ ਡੀ.ਸੀ. ਨਿਗਰਾਨੀ ਹੇਠ ਅਧਿਕਾਰੀ ਤੈਨਾਤ ਕਰਨ ਦੀ ਮੰਗ
ਕੋਟਕਪੂਰਾ, 5 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਿਸ਼ਨ 2027 ਤਹਿਤ ਫਰੀਦਕੋਟ ਵਿਧਾਨ ਸਭਾ ਹਲਕੇ ਵਿੱਚ “ਸਵੱਛ ਫਰੀਦਕੋਟ, ਸਾਡੀ ਜ਼ਿੰਮੇਵਾਰੀ” ਮੁਹਿੰਮ ਨੂੰ ਯੋਜਨਾਬੱਧ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸ਼ੁਰੂ ਕਰਨ ਲਈ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਅਤੇ ਪ੍ਰਸ਼ਾਸਨ ਦੇ ਪੂਰੇ ਸਹਿਯੋਗ ਦੀ ਬੇਨਤੀ ਕੀਤੀ ਹੈ। ਅਰਸ਼ ਸੱਚਰ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਸਿਰਫ਼ ਸਫ਼ਾਈ ਦੀਆਂ ਸਮੱਸਿਆਵਾਂ ਦੀਆਂ ਤਸਵੀਰਾਂ ਖਿੱਚਣਾ ਜਾਂ ਸ਼ਿਕਾਇਤਾਂ ਕਰਨਾ ਨਹੀਂ, ਸਗੋਂ ਲੋਕਾਂ ਵੱਲੋਂ ਦੱਸੀ ਹਰ ਜਾਇਜ਼ ਸਮੱਸਿਆ ਨੂੰ ਮੌਕੇ ‘ਤੇ ਦੇਖ ਕੇ ਉਸਦੇ ਹੱਲ ਤੱਕ ਪੂਰੀ ਪੈਰਵੀ ਕਰਨੀ ਹੈ। ਇਸ ਮੁਹਿੰਮ ਤਹਿਤ ਫਰੀਦਕੋਟ ਦੇ ਹਰ ਪਿੰਡ, ਹਰ ਵਾਰਡ ਅਤੇ ਹਰ ਮੁਹੱਲੇ ਵਿੱਚ ਕੂੜੇ ਦੇ ਢੇਰ, ਕੂੜਾ ਚੁੱਕਣ ਦੀ ਵਿਵਸਥਾ, ਸੀਵਰੇਜ ਦੀ ਸਮੱਸਿਆ, ਬੰਦ ਨਾਲੀਆਂ, ਖੜ੍ਹਾ ਗੰਦਾ ਪਾਣੀ, ਜਨਤਕ ਪਖਾਨਿਆਂ ਦੀ ਸਫ਼ਾਈ ਅਤੇ ਹੋਰ ਸਫ਼ਾਈ ਸਬੰਧੀ ਸਮੱਸਿਆਵਾਂ ਬਾਰੇ ਲੋਕਾਂ ਤੋਂ ਸਿੱਧੀ ਜਾਣਕਾਰੀ ਲਈ ਜਾਵੇਗੀ। ਉਹਨਾਂ ਕਿਹਾ ਕਿ ਮੁਹਿੰਮ ਦੀ ਕਾਰਜ ਪ੍ਰਣਾਲੀ ਬਿਲਕੁਲ ਸਪਸ਼ਟ ਹੋਵੇਗੀ ਲੋਕ ਸਮੱਸਿਆ ਦੱਸਣਗੇ, ਮੌਕੇ ‘ਤੇ ਜਾ ਕੇ ਹਾਲਾਤ ਦੇਖੇ ਜਾਣਗੇ, ਤਸਵੀਰ ਅਤੇ ਸਥਾਨ ਸਮੇਤ ਰਿਪੋਰਟ ਤਿਆਰ ਹੋਵੇਗੀ, ਮਸਲਾ ਸਬੰਧਤ ਵਿਭਾਗ ਤੱਕ ਪਹੁੰਚਾਇਆ ਜਾਵੇਗਾ, ਸਮਾਂ-ਬੱਧ ਹੱਲ ਲਈ ਪੈਰਵੀ ਹੋਵੇਗੀ, ਕੀਤੀ ਕਾਰਵਾਈ ਦੀ ਰਿਪੋਰਟ ਲਈ ਜਾਵੇਗੀ, ਹੱਲ ਹੋਣ ਤੱਕ ਲਗਾਤਾਰ ਪੈਰਵੀ ਕੀਤੀ ਜਾਵੇਗੀ। ਅਰਸ਼ ਸੱਚਰ ਨੇ ਮੁੱਖ ਮੰਤਰੀ ਜੀ ਨੂੰ ਬੇਨਤੀ ਕੀਤੀ ਹੈ ਕਿ ਇਸ ਮੁਹਿੰਮ ਨੂੰ ਜਲਦ ਤੋਂ ਜਲਦ ਸ਼ੁਰੂ ਕਰਨ ਲਈ ਲੋੜੀਂਦੇ ਲਿਖਤੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਦੀ ਨਿਗਰਾਨੀ ਹੇਠ ਇੱਕ ਤਾਲਮੇਲ ਪ੍ਰਣਾਲੀ ਅਤੇ ਜ਼ਿੰਮੇਵਾਰ ਅਧਿਕਾਰੀ ਨਿਯੁਕਤ ਕੀਤਾ ਜਾਵੇ। ਇਸ ਨਾਲ ਲੋਕਾਂ ਵੱਲੋਂ ਸਾਹਮਣੇ ਲਿਆਂਦੀ ਹਰ ਜਾਇਜ਼ ਸਮੱਸਿਆ ਸਹੀ ਵਿਭਾਗ ਤੱਕ ਪਹੁੰਚ ਸਕੇਗੀ, ਉਸਦੀ ਤਸਦੀਕ ਹੋਵੇਗੀ ਅਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਵੀ ਪ੍ਰਾਪਤ ਹੋ ਸਕੇਗੀ। ਉਨ੍ਹਾਂ ਕਿਹਾ ਕਿ ਜਿੱਥੇ ਕਮੀ ਹੋਵੇਗੀ, ਉੱਥੇ ਸੁਧਾਰ ਲਈ ਪੂਰੀ ਪੈਰਵੀ ਕੀਤੀ ਜਾਵੇਗੀ ਅਤੇ ਜਿੱਥੇ ਸਫ਼ਾਈ ਕਰਮਚਾਰੀ, ਪੰਚਾਇਤ, ਨਗਰ ਕੌਂਸਲ, ਅਧਿਕਾਰੀ ਜਾਂ ਕੋਈ ਵਿਭਾਗ ਚੰਗਾ ਕੰਮ ਕਰ ਰਿਹਾ ਹੋਵੇਗਾ, ਉੱਥੇ ਉਸ ਚੰਗੇ ਕੰਮ ਦੀ ਸ਼ਲਾਘਾ ਵੀ ਕੀਤੀ ਜਾਵੇਗੀ। ਅਰਸ਼ ਸੱਚਰ ਨੇ ਕਿਹਾ ਸਾਡਾ ਮਕਸਦ ਸ਼ਿਕਾਇਤ ਨਹੀਂ, ਸੁਧਾਰ ਹੈ। ਸਾਡੀ ਕੋਸ਼ਿਸ਼ ਸਿਰਫ਼ ਰਿਪੋਰਟ ਬਣਾਉਣ ਦੀ ਨਹੀਂ, ਸਗੋਂ ਜ਼ਮੀਨੀ ਪੱਧਰ ਤੇ ਨਤੀਜਾ ਲਿਆਉਣ ਦੀ ਹੈ। ਲੋਕ ਆਪਣੀ ਸਮੱਸਿਆ ਸਾਡੇ ਤੱਕ ਪਹੁੰਚਾਉਣ ਅਤੇ ਅਸੀਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਸਦੇ ਹੱਲ ਤੱਕ ਪੂਰੀ ਪੈਰਵੀ ਕਰੀਏ, ਇਹੀ ‘ਸਵੱਛ ਫਰੀਦਕੋਟ, ਸਾਡੀ ਜ਼ਿੰਮੇਵਾਰੀ’ ਦਾ ਮੁੱਖ ਮਕਸਦ ਹੈ।”

