-ਬੀ.ਐਲ.ਓਜ਼. ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਰਦਰਸ਼ੀ ਢੰਗ ਨਾਲ ਪਾਲਣਾ ਕਰਨ ਦੇ ਦਿੱਤੇ ਨਿਰਦੇਸ਼: ਵਿਨੈ ਬੁਬਲਾਨੀ
-ਪਟਿਆਲਾ ਜ਼ਿਲ੍ਹੇ ਦੇ ਸਮੂਹ 1861 ਪੋਲਿੰਗ ਬੂਥਾਂ ‘ਤੇ ਸਫਲਤਾਪੂਰਵਕ ਲੱਗੇ ਵਿਸ਼ੇਸ਼ ਕੈਂਪ
-ਵੱਡੀ ਗਿਣਤੀ ਵੋਟਰਾਂ ਨੇ ਬੂਥ ਲੈਵਲ ਅਫ਼ਸਰਾਂ ਕੋਲ ਜਮ੍ਹਾਂ ਕਰਵਾਏ ਦਾਅਵੇ/ਇਤਰਾਜ਼ ਤੇ ਨਵੀਆਂ ਵੋਟਾਂ ਦੇ ਫਾਰਮ

ਪਟਿਆਲਾ, 6 ਸਤੰਬਰ:(ਵਰਲਡ ਪੰਜਾਬੀ ਟਾਈਮਜ਼)
ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) 2026 ਅਧੀਨ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਪਟਿਆਲਾ ਜ਼ਿਲ੍ਹੇ ਦੇ ਸਮੂਹ 1861 ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਗਏ।
ਇਸ ਦੌਰਾਨ ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਂਸਿਵ ਰੀਵਿਜ਼ਨ ਦੇ ਦੂਜੇ ਪੜ੍ਹਾਅ (ਨੋਟਿਸ ਫੇਜ਼/ਦਾਅਵੇ ਅਤੇ ਇਤਰਾਜ਼ਾਂ ਦੇ ਨਿਪਟਾਰੇ) ਦੇ ਕੰਮ ਨੂੰ ਮੁੱਖ ਰੱਖਦਿਆਂ ਪਟਿਆਲਾ ਜ਼ਿਲ੍ਹੇ ਲਈ ਤਾਇਨਾਤ ਕੀਤੇ ਗਏ ਰੋਲ ਅਬਜ਼ਰਵਰ-ਕਮ-ਕਮਿਸ਼ਨਰ ਪਟਿਆਲਾ ਡਵੀਜ਼ਨ ਸ੍ਰੀ ਵਿਨੈ ਬੁਬਲਾਨੀ ਨੇ ਇਨ੍ਹਾਂ ਕੈਂਪਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ।
ਡਵੀਜ਼ਨਲ ਕਮਿਸ਼ਨਰ ਨੇ ਪਟਿਆਲਾ ਸ਼ਹਿਰੀ ਹਲਕੇ ਦੇ ਆਮਦਨ ਕਰ ਵਿਭਾਗ ਦੇ ਮੁੱਖ ਦਫ਼ਤਰ, ਪਟਿਆਲਾ ਦਿਹਾਤੀ ਦੇ ਥਾਪਰ ਪੋਲੀਟੈਕਨਿਕ ਕਾਲਜ, ਸਮਾਣਾ ਹਲਕੇ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ (ਕਲਿਆਣ) ਅਤੇ ਨਾਭਾ ਹਲਕੇ ਦੇ ਸਰਕਾਰੀ ਰਿਪੁਦਮਨ ਕਾਲਜ ਵਿਖੇ ਬਣੇ ਪੋਲਿੰਗ ਸਟੇਸ਼ਨਾਂ ‘ਚ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ। ਉਨ੍ਹਾਂ ਚੱਲ ਰਹੇ ਕੈਂਪਾਂ ਦੇ ਕੰਮਕਾਜ ‘ਤੇ ਪੂਰਨ ਤਸੱਲੀ ਦਾ ਪ੍ਰਗਟਾਵਾ ਕੀਤਾ।
ਸ੍ਰੀ ਵਿਨੈ ਬੁਬਲਾਨੀ ਨੇ ਵੋਟਰਾਂ ਨਾਲ ਗੱਲਬਾਤ ਕੀਤੀ ਅਤੇ ਬੀ.ਐਲ.ਓਜ਼. ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਨਿਰਦੇਸ਼ ਦਿੱਤੇ ਕਿ ਸਪੈਸ਼ਲ ਇੰਟੈਂਸਿਵ ਰੀਵਿਜ਼ਨ ਦੇ ਦੂਜੇ ਪੜ੍ਹਾਅ ਦੇ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵੋਟਰਾਂ ਦੀ ਸੁਵਿਧਾ ਲਈ ਸਾਰੇ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼.) ਕੈਂਪਾਂ ਵਿੱਚ ਮੌਜੂਦ ਰਹੇ। ਵੱਡੀ ਗਿਣਤੀ ਨਾਗਰਿਕਾਂ ਨੇ ਲੋੜੀਂਦੇ ਫਾਰਮ ਭਰ ਕੇ ਮੌਕੇ ‘ਤੇ ਹੀ ਆਪਣੇ ਬੀ.ਐਲ.ਓ. ਕੋਲ ਜਮ੍ਹਾਂ ਕਰਵਾਏ। ਇਨ੍ਹਾਂ ਵਿੱਚ ਨਵੀਂ ਵੋਟ ਲਈ ਫਾਰਮ ਨੰਬਰ 6, ਐਨ.ਆਰ.ਆਈ. ਵੋਟਰ ਵਜੋਂ ਦਰਜ ਹੋਣ ਲਈ ਫਾਰਮ ਨੰਬਰ 6ਏ ਅਤੇ ਪਤਾ ਬਦਲਣ, ਸ਼ਿਫਟਿੰਗ ਜਾਂ ਵੇਰਵਿਆਂ ਵਿੱਚ ਸੁਧਾਰ ਲਈ ਫਾਰਮ ਨੰਬਰ 8 ਸ਼ਾਮਲ ਹਨ।
ਡਾ. ਅਗਰਵਾਲ ਨੇ ਅੱਗੇ ਦੱਸਿਆ ਕਿ ਵੋਟਰ ਕਾਰਡ, ਵੋਟਰ ਸੇਵਾਵਾਂ ਅਤੇ ਐਸ.ਆਈ.ਆਰ. ਪ੍ਰਕਿਰਿਆ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ ਜ਼ਿਲ੍ਹਾ ਅਤੇ ਵਿਧਾਨ ਸਭਾ ਚੋਣ ਹਲਕਾ ਪੱਧਰ ‘ਤੇ ਬਣੇ ਹੈਲਪਡੈਸਕ ਤੋਂ ਇਲਾਵਾ ਟੋਲ-ਫ੍ਰੀ ਵੋਟਰ ਹੈਲਪਲਾਈਨ ਨੰਬਰ 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਦੌਰੇ ਦੌਰਾਨ ਓ.ਐਸ.ਡੀ. ਸ਼ਹਿਰੀ ਵਿਕਾਸ ਮੁਕਲਿਨ ਆਰ., ਏ.ਡੀ.ਸੀ. ਸ਼ਹਿਰੀ ਵਿਕਾਸ-ਕਮ-ਈ.ਆਰ.ਓ. ਨਵਰੀਤ ਕੌਰ ਸੇਖੋਂ, ਐਸ.ਡੀ.ਐਮਜ਼./ਈ.ਆਰ.ਓਜ਼. ਏ.ਪੀ.ਐਸ. ਸੋਮਲ, ਗੁਰਦੇਵ ਸਿੰਘ, ਰਿਚਾ ਗੋਇਲ ਅਤੇ ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

