ਪੰਜਾਬੀ ਗ਼ਜ਼ਲ ਜਗਤ ਵਿੱਚ ਖ਼ੁਸ਼ਵੰਤ ਕੰਵਲ ਦਾ ਪ੍ਰਮੁੱਖ ਸਥਾਨ ਹੈ। ਉਸ ਦੀ ਪੱਕੀ ਪੀਡੀ ਪੈਂਠ ਵਾਲੀ ਗ਼ਜ਼ਲ ਨੂੰ ਉਸਤਾਦ ਸ਼ਾਇਰ ਪ੍ਰਿੰਸੀਪਲ ਤਖ਼ਤ ਸਿੰਘ ਵੀ ਮੰਨਦੇ ਸਨ।
ਖ਼ੁਸ਼ਵੰਤ ਕੰਵਲ ਉਮਰ ਦਾ ਵੱਡਾ ਹਿੱਸਾ ਅੰਮ੍ਰਿਤਸਰ ਵਿੱਚ ਰਿਹਾ। ਉਹ ਪੋਸਟਲ ਵਿਭਾਗ ਦੇ “ਡੈੱਡ ਲੈਟਰ ਪੋਸਟ ਆਫਿਸ” ਵਿੱਚ ਲੰਮਾ ਸਮਾਂ ਰਿਹਾ। ਜਿਹੜੀਆਂ ਚਿੱਠੀਆਂ ਦੇ ਸਿਰਨਾਵੇਂ ਅਧੂਰੇ ਜਾਂ ਗਲਤ ਹੁੰਦੇ ਸਨ ਉਨ੍ਹਾਂ ਨੂੰ ਸਹੀ ਟਿਕਾਣੇ ਤੇ ਜਾਂ ਲਿਖਣ ਵਾਲੇ ਨੂੰ ਇਹ ਚਿੱਠੀਆਂ ਤੇ ਖ਼ਤ ਪਹੁੰਚਾਉਣ ਦੀ ਇਸ ਡਾਕਖ਼ਾਨੇ ਦੀ ਜ਼ਿੰਮੇਵਾਰੀ ਹੁੰਦੀ ਸੀ। ਕਈ ਸਾਲ ਪਹਿਲਾਂ ਮੈਨੂੰ ਲਿਖੀਆਂ ਚਿੱਠੀਆਂ ਵੀ ਦੋ ਤਿੰਨ ਵਾਰ ਇਸੇ ਦਫ਼ਤਰ ਵੱਲੋਂ ਹੀ ਪ੍ਰਾਪਤ ਹੋਈਆਂ।
ਖ਼ੁਸ਼ਵੰਤ ਕੰਵਲ ਮੇਰੀ ਪਸੰਦ ਦੇ ਸ਼ਾਇਰਾਂ ਵਿੱਚੋਂ ਇੱਕ ਸੀ। ਸੇਵਾਮੁਕਤੀ ਮਗਰੋਂ ਉਹ ਕੁਝ ਸਮਾਂ ਲੁਧਿਆਣੇ ਵੀ ਰਿਹਾ। ਅਕਸਰ ਮੁਲਾਕਾਤਾਂ ਹੁੰਦੀਆਂ ਰਹੀਆਂ। ਉਸ ਦੇ ਉਹ ਉਦਾਸ ਦਿਨ ਸਨ। ਥੋੜੇ ਜਹੇ ਉਤਸ਼ਾਹ ਨਾਲ ਹੀ ਉਹ ਥਾਂ ਸਿਰ ਹੋ ਗਿਆ ਪਰ ਜਲਦੀ ਵਿਛੋੜਾ ਦੇ ਗਿਆ।
ਪ੍ਰਬੁੱਧ ਸ਼ਾਇਰ ਸੁਲੱਖਣ ਸਿੰਘ ਸਰਹੱਦੀ ਨੇ ਖ਼ੁਸ਼ਵੰਤ ਕੰਵਲ ਦੀਆਂ ਚੋਣਵੀਆਂ ਗ਼ਜ਼ਲਾਂ “ਕਹਿ ਰਿਹਾ ਹਾਂ ਗ਼ਜ਼ਲ ਮੈਂ” ਨਾਮ ਹੇਠ ਉਨ੍ਹਾਂ ਦੇ ਜੀਵਨ ਕਾਲ ਵਿੱਚ ਸੰਪਾਦਿਤ ਕੀਤੀ ਜਿਸ ਨੂੰ ਯੂਨੀਸਟਾਰ ਨੇ 2010 ਵਿੱਚ ਸੰਪਾਦਿਤ ਕਰਕੇ ਛਪਵਾਈ। ਇਸ ਦੇ ਪ੍ਰਕਾਸ਼ਨ ਲਈ ਅੰਮ੍ਰਿਤਸਰ ਦੇ ਕਲਾ ਪ੍ਰਸਤ ਸਾਬਕਾ ਡਿਪਟੀ ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਦੀ ਪ੍ਰੇਰਨਾ ਨਾਲ ਵਿਰਸਾ ਵਿਹਾਰ ਸੋਸਾਇਟੀ ਅੰਮ੍ਰਿਤਸਰ ਨੇ ਆਰਥਿਕ ਸਹਾਇਤਾ ਦਿੱਤੀ।
ਖ਼ੁਸ਼ਵੰਤ ਕੰਵਲ ਦਾ ਜਨਮ 28 ਅਪ੍ਰੈਲ 1939 ਵਿਚ ਸ: ਅਜੀਤ ਸਿੰਘ ਦੇ ਗ੍ਰਹਿ ਵਿਖੇ ਨਾਨਕੇ ਪਿੰਡ ਚੱਕ ਬਿਲਗਾ (ਨਵਾਂ ਸ਼ਹਿਰ) ਵਿਖੇ ਹੋਇਆ। ਉਸਦਾ ਅਸਲੀ ਪਿੰਡ ਬਿਲਗਾ (ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ) ਸੀ।
ਉਸ ਦਾ ਪਰਿਵਾਰ ਦੇਸ਼-ਵੰਡ ਤੋਂ ਚਾਰ ਕੁ ਸਾਲ ਪਹਿਲਾਂ ਹੀ ਦੁਆਬਾ ਛੱਡ ਕੇ ਅੰਮ੍ਰਿਤਸਰ ਆ ਵੱਸਿਆ ਸੀ। ਉਹ ਇਥੇ ਹੀ ਪੜ੍ਹ ਪ੍ਰਵਾਨ ਚੜ੍ਹ ਏਥੇ ਹੀ ਸਾਰੀ ਸਰਵਿਸ ਕਰ 1997 ਵਿਚ ਰਿਟਾਇਰ ਹੋ ਗਿਆ।
18 ਜੂਨ 2015 ਨੂੰ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ।
ਖ਼ੁਸ਼ਵੰਤ ਪੰਜਾਬੀ ਜ਼ੁਬਾਨ ਦਾ ਸ਼ਾਇਰ ਤੇ ਸਾਊ ਆਦਮੀ ਸੀ। ਜੁਗਾੜਾਂ ਦੀ ਦੁਨੀਆਂ ਤੋਂ ਕੋਹਾਂ ਦੂਰ, ਅਮਰ ਚਿਤਰਕਾਰ ਵਾਂਗ। ਮਸਤ ਮੌਲਾ , ਆਪਣੀ ਧੁਨ ਵਿੱਚ ਮਘਨ , ਗਹਿਰ ਗੰਭੀਰ ਸ਼ਬਦ ਦਾ ਸਾਧਕ।
ਚਾਟੀਵਿੰਡ ਗੇਟ ਦੇ ਗੁਰੂ ਰਾਮਦਾਸ ਸਕੂਲ ਤੋਂ ਉਸ ਦਸਵੀਂ ਪਾਸ ਕੀਤੀ। ਆਪ ਦੇ ਪਿਤਾ ਜੀ ਦੀ ਗੁਰੂ ਰਾਮਦਾਸ ਸਰਾਂ ਦੇ ਨੇੜੇ ਦੁਕਾਨ ਸੀ। ਇੱਕ ਵਾਰ ਸਰਾਂ ਵਿਚਲੀ ਗੁਰੂ ਰਾਮਦਾਸ ਲਾਇਬਰੇਰੀ ਵਿੱਚ ਉਹ ਗਿਆ ਤੇ ਫਿਰ ਉਹ ਉਸੇ ਲਾਇਬਰੇਰੀ ਦਾ ਹੀ ਹੋ ਕੇ ਰਹਿ ਗਿਆ। ਸ਼ਬਦ ਸੱਭਿਆਚਾਰ ਨਾਲ ਪਿਆਰ ਪੈ ਗਿਆ।
1959 ਵਿੱਚ ਉਹ ਡਾਕ ਮਹਿਕਮੇ ਵਿੱਚ ਨੌਕਰ ਹੋ ਗਿਆ।
ਉਸ ਦੀ ਸਮੁੱਚੀ ਸ਼ਾਇਰੀ ਵਿਚ ਦੁਆਬੀ ਸ਼ਬਦਾਵਲੀ ਦੇ ਆਮ ਦਰਸ਼ਨ ਹੁੰਦੇ ਹਨ। ਉਹ ਮਹਿਫਿਲਾਂ ਵਿਚ ਤਰੱਨਮ ਨਾਲ ਗਾ ਕੇ ਵੀ ਪੇਸ਼ ਕਰਦਾ ਸੀ।
ਖ਼ੁਸ਼ਵੰਤ ਕੰਵਲ ਦੀਆਂ 9 ਕਵਿਤਾ ਅਤੇ ਗ਼ਜ਼ਲ ਦੀਆਂ ਕਿਤਾਬਾਂ ਛਪੀਆਂ ‘ਸੋਚਾਂ ਅਤੇ ਸੁਪਨੇ’ ਉਸਦੀ ਪਹਿਲੀ ਕਾਵਿ ਪੁਸਤਕ ਸੀ ਜੋ 1964 ਵਿਚ ਛਪੀ, ‘ਕਾਮਨਾ’ ਕਾਵਿ-ਸੰਗ੍ਰਹਿ 1966, ‘ਆਪਣਾ ਸ਼ਹਿਰ ਪਰਾਈਆਂ ਰੁੱਤਾਂ’ 1974, ‘ਟੁਕੜੇ ਟੁਕੜੇ ਮੌਸਮ’ 1989, ‘ਅਲਵਿਦਾ ਤੋਂ ਪਹਿਲਾਂ’ 1996 ਵਿਚ ਛਪੀ।
1981 ਵਿਚ ਉਸਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਧੁੱਪ ਦੀ ਕਾਤਰ’ ਆਇਆ। 1999 ਵਿਚ ‘ਮੈਂ ਤੇ ਮੇਰੇ ਹਾਦਸੇ’, 2002 ਵਿੱਚ’ਨਕਸ਼ ਪੌਣਾਂ ਸੰਭਾਲੇ’ ਅਤੇ 2006 ਵਿੱਚ ‘ਕਿਉਂ ਨਾ ਉਦਾਸ ਹੋਵਾਂ’ ਛਪਿਆ।
ਮੈਨੂੰ ਮਾਣ ਹੈ ਕਿ ਮੈਂ ਖ਼ੁਸ਼ਵੰਤ ਕੰਵਲ ਦਾ ਪਿਆਰ ਪਾਤਰ ਰਿਹਾ ਹਾਂ
ਉਸ ਦੀਆਂ ਚਾਰ ਗ਼ਜ਼ਲਾਂ ਨਾਲ
ਤੁਸੀਂ ਵੀ ਸਾਂਝ ਪਾਉ।
ਜ਼ਹਿਰੀਲੀਆਂ ਪੌਣਾਂ ਨੇ
ਜ਼ਹਿਰੀਲੀਆਂ ਪੌਣਾਂ ਨੇ ਪ੍ਰਦੂਸ਼ਤ ‘ਗੰਗਾ’ ਹੈ।
ਬੇ-ਰੰਗ ਨੇ ਸਭ ਚਿਹਰੇ ਝੰਡਾ ਹੀ ਤਿਰੰਗਾ ਹੈ।
ਦਿੱਲੀ ਦੀ ਗੱਲ ਛੱਡੋ ਹੁਣ ਨਗਰ ਗਰਾਂ ਸਾਰੇ,
ਹਰ ਗਲੀ ਮਹੱਲੇ ਵਿਚ ਹਰ ਸ਼ਹਿਰ ‘ਉਰੰਗਾ’ ਹੈ।
ਇਨਸਾਫ ਫਿਰੇ ਲੁਕਿਆ ਝੁਕਿਆ ਹੈ ਤਰਾਜ਼ੂ ਵੀ,
ਤਕ ਸ਼ਮ੍ਹਾਂ ਸਾਹਮਣੇ ਵੀ ਲੁੱਕ ਰਿਹਾ ਪਤੰਗਾ ਹੈ।
ਹਰ ਕੰਮ ਕੁਚੱਜਾ ਹੈ ਹਰ ਪਹੁੰਚ ਅਪਾਹਜ ਹੈ,
ਕੁਝ ਵੀ ਸੰਗ ਨਹੀਂ ਸਭ ਬੇ-ਪ੍ਰਸੰਗਾ ਹੈ।
ਵੰਡੀਆਂ ਨੇ ਤਰੇੜਾਂ ਨੇ ਵਾਧੂ ਦੀਆਂ ਛੇੜਾਂ ਨੇ,
ਹੋਇਆ ਹਰ ਹੋਣੀ ਦਾ ਮਨਹੂਸ ਮੁੜੰਗਾ ਹੈ।
ਮਨ ਸਾਫ ਬੜਾ ਉਸ ਦਾ ਕਹਿੰਦੇ ਨੇ ‘ਕੰਵਲ’ ਜਿਸ ਨੂੰ,
ਅਰਥਾਂ ਦਾ ਸ਼ੀਰੀਂ ਪਰ ਬੋਲਾਂ ਦਾ ਕੁੜ੍ਹੰਗਾ ਹੈ।
2.
ਮੌਸਮ ਨਹੀਂ
ਕੁੱਝ ਕਿਸੇ ਨੂੰ ਕੁਝ ਕਹਿਣ ਦਾ ਮੌਸਮ ਨਹੀਂ।
ਸੁਣ ਲਿਆ ਤਾਂ ਸਹਿਣ ਦਾ ਆਲਮ ਨਹੀਂ।
ਝੂਠ ਮਿਲਦਾ ਹਰ ਜਗ੍ਹਾ ਹੀ ਸਾਬਤਾ,
ਸੱਚ ਮਿਲਦਾ ਪਰ ਕਿਤੇ ਸਾਲਮ ਨਹੀਂ।
ਹਰ ਲਿਖੇ ਪੱਤਰ ਦਾ ਉੱਤਰ ਵੀ ਮਿਲੇ,
ਇਹ ਤਾਂ ਸੰਭਵ ਹੀ ਨਹੀਂ ਲਾਜ਼ਮ ਨਹੀਂ।
ਦਿਲ ਹੀ ਕੀ ਜੇ ਦੁਖ ‘ਚ ਵੀ ਨਾ ਪੰਘਰਿਆ,
ਅੱਖ ਕੀ ਅੱਖ ਹੋਈ ਨਮ ਨਹੀਂ।
ਗੀਤ ਕੀ ਜੇ ਗੀਤ ਵਿਚ ਨਾ ਦਰਦ ਹੈ,
ਸੁਰ ਹੀ ਕੀ ਜੇ ਸੁਰ ‘ਚ ਹੈ ਸਰਗਮ ਨਹੀਂ।
ਤਨ ਮੇਰੇ ਦੇ ਤਾਂ ਵਪਾਰੀ ਨੇ ਬੜੇ,
ਪਰ ਮੇਰੇ ਮਨ ਦਾ ਕਿਤੇ ਮਹਿਰਮ ਨਹੀਂ।
ਸਹਿਜ ਪੱਕੇ ਮਿਲਦੀਆਂ ਨੇ ਐ ‘ਕੰਵਲ’,
ਮਿਲਦੀਆਂ ਮਸ਼ਹੂਰੀਆਂ ਇਕ ਦਮ ਨਹੀਂ।
3.
ਜਾਣਾ ਕਿੱਥੇ ਹੈ
ਜਾਣਾ ਕਿੱਥੇ ਹੈ ਏਥੇ ਹੀ ਰਹਿਣਾ ਹੈ।
ਭਾਵੇਂ ਕਿ ਇਹ ਰੂਪ ਬਦਲਣਾ ਪੈਣਾ ਹੈ।
ਉੜ ਕੇ ਪਾਣੀ ਬਣੇ ਹਵਾੜ, ਬਣੇ ਬੱਦਲ,
ਬੱਦਲ ਨੇ ਫਿਰ ਵਰਖਾ ਹੋ ਕੇ ਵਹਿਣਾ ਹੈ।
ਉੜ ਕੇ ਮਿੱਟੀ ਘੱਟੇ ਝੱਖੜ ਹੋ ਜਾਣਾ,
ਝੱਖੜ ਨੇ ਫਿਰ ਏਥੇ ਉੱਤਰ ਪੈਣਾ ਹੈ।
ਇਹ ਚੱਕਰ ਹੈ ਸਾਰਾ ਛੂਣ੍ਹ-ਛੁਹਾਈ ਦਾ,
ਚੱਕਰ ਇਹੋ ਸਦੀਵੀ ਚੱਲਦੇ ਰਹਿਣਾ ਹੈ ।
ਦਿਨ ਢਲਣਾ ਫਿਰ ਰਾਤ ਪਊ ਫਿਰ ਚੜ੍ਹੂ ਸਵੇਰ,
ਫਿਰ ਏਥੇ ਚਾਨਣ ਦਾ ਘੇਰਾ ਰਹਿਣਾ ਹੈ।
ਜਿਸ ਮਿੱਟੀ ‘ਚੋਂ ਤਨ ਸਾਡੇ ਨੇ ਨਕਸ਼ ਲਏ,
ਉਹ ਕਿੰਝ ਮਿੱਟੀ ਉਹ ਮਿੱਟੀ ਤਾਂ ਗਹਿਣਾ ਹੈ।
ਆਉਣਾ ਜਾਣਾ ਤਾਂ ਨਿਰੀਆਂ ਅਫ਼ਵਾਹਾਂ ਨੇ,
ਮੇਰੇ ਤਨ ਦੀ ਮਿੱਟੀ ਦਾ ਇਹ ਕਹਿਣਾ ਹੈ।
ਇਹ ਧਰਤੀ ਹੀ ਮਾਂ ਹੈ ਸਾਡੀ, ਮਾਂ ਅਸਲੀ,
ਸਦਾ ਸਦਾ ਇਸ ਦੀ ਗੋਦੀ ਵਿਚ ਬਹਿਣਾ ਹੈ।
ਏਸੇ ਦਾ ਹੀ ਖਾਧਾ ਪੀਤਾ ਹੈ ਆਪਾਂ,
ਇਸ ਦੀ ਪੌਣ ‘ਚ ਹੀ ਆਪਾਂ ਸਾਹ ਲੈਣਾ ਹੈ।
ਹੋਰ ਦੁਆਰਾ ਕਿਹੜਾ ਹੈ ਸਾਡਾ ਯਾਰੋ,
ਜਿੱਥੇ ਆਪਾਂ ਜਾ ਆਖਰ ਨੂੰ ਢਹਿਣਾ ਹੈ।
ਜੋ ਕੁਝ ਵੀ ਚਾਹੀਦਾ ਮਿਲਣਾ ਹੈ ਏਥੋਂ,
ਏਸੇ ਤੋਂ ਹੀ ਆਪਾਂ ਸਭ ਕੁਝ ਲੈਣਾ ਹੈ।
4.
ਸੂਈ ਦੇ ਡਿੱਗਣ ਜਿੰਨੇ
ਸੂਈ ਦੇ ਡਿਗਣ ਜਿੰਨੇ ਹੋਏ ਖੜਾਕ ਨਾਲ।
ਹੈ ਅੱਖ ਖੁੱਲ੍ਹ ਜਾਂਦੀ ਮੇਰੀ ਤੜਾਕ ਨਾਲ।
ਦੁਸ਼ਮਣ ਚਲਾਕ ਸੰਗ ਤਾਂ ਨਿਭਣਾ ਮੈਂ ਜਾਣਦਾਂ,
ਮੁਸ਼ਕਿਲ ਬੜਾ ਹੈ ਨਿਭਣਾ ਮਿਤਰ ਚਲਾਕ ਨਾਲ।
ਦੁਸ਼ਮਣ ਤਾਂ ਹੈ ਸੀ ਦੁਸ਼ਮਣ ਦੁਸ਼ਮਣ ਦੇ ਵਾਂਗ ਮਿਲਿਆ,
ਮਿੱਤਰ ਨਾ ਹੋ ਕੇ ਮਿੱਤਰ ਮਿਲਿਆ ਤਪਾਕ ਨਾਲ।
ਐਵੇਂ ਹੀ ਉਹ ਤਾਂ ਗੱਲ ਦਾ ਗੁੱਸਾ ਹੈ ਕਰ ਗਿਆ,
ਮੈਂ ਤਾਂ ਸੀ ਗੱਲ ਕੀਤੀ ਐਵੇਂ ਮਜ਼ਾਕ ਨਾਲ।
ਹੁੰਦੀਆਂ ਨੇ ਬਹੁਤ ਵਸਤਾਂ ਤਨ ਦੀ ਖੁਸ਼ੀ ਲਈ,
ਬੰਦਾ ਅਸਲ ‘ਚ ਜਿਉਂਦਾ ਰੂਹ ਦੀ ਖੁਰਾਕ ਨਾਲ ।
ਸੂਰਤ ਨਹੀਂ ਸਗੋਂ ਹੈ ਸੀਰਤ ਸਮੁੱਚਤਾ,
ਹਸਤੀ ਦਾ ਕੀ ਹੈ ਰਿਸ਼ਤਾ ਯਾਰੋ ਪੁਸ਼ਾਕ ਨਾਲ।
ਉਹ ਵੀ ਤਾਂ ਖ਼ਾਕ ਹੋ ਕੇ ਮਿੱਟੀ ‘ਚ ਮਿਲ ਗਿਆ,
ਮੈਨੂੰ ਜਿਹਨੇ ਮਿਲਾਇਆ ਇਕ ਦਿਨ ਸੀ ਖ਼ਾਕ ਨਾਲ ।
ਮੰਝਧਾਰ ਲੰਘ ਆਇਆ ਆ ਡੁੱਬਿਆ ਕਿਨਾਰੇ,
ਅਕਸਰ ਰਹੀ ਹੈ ਹੁੰਦੀ ਇਹੋ ਤੈਰਾਕ ਨਾਲ ।
ਚਿਰ ਤੋਂ ਉਡੀਕਦਾ ਸੀ ਜਿਸ ਨੂੰ ਮੈਂ ਹੋ ਵਿਆਕੁਲ,
ਆਇਆ ਤਾਂ ਤੁਰ ਗਿਆ ਉਹ ਕਿਸੇ ਹੋਰ ਗਾਹਕ ਨਾਲ।
🟣
ਗੁਰਭਜਨ ਗਿੱਲ

