ਪਟਿਆਲਾ, 7 ਸਤੰਬਰ: (ਵਰਲਡ ਪੰਜਾਬੀ ਟਾਈਮਜ਼)
ਖੇਡ ਵਿਭਾਗ ਪਟਿਆਲਾ ਵੱਲ਼ੋਂ ਅੱਜ ਪਟਿਆਲਾ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਬਲਾਕ ਪੱਧਰੀ ਖੇਡਾਂ ਦਾ ਆਗਾਜ ਕਰਵਾਇਆ ਗਿਆ, ਇਸ ਦੌਰਾਨ ਪਹਿਲੇ ਦਿਨ ਦਿਲਚਸਪ ਮੁਕਾਬਲੇ ਹੋਏ।
ਪਹਿਲੇ ਦਿਨ, ਪਟਿਆਲਾ ਦੇ ਚਾਰ ਬਲਾਕਾਂ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ ਅਤੇ ਨਾਭਾ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਹਨਾਂ ਵਿੱਚ ਵੱਖ-ਵੱਖ ਉਮਰ ਵਰਗ ਵਿੱਚ ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ, ਵਾਲੀਬਾਲ ਸ਼ੂਟਿੰਗ ਅਤੇ ਵਾਲੀਬਾਲ ਸਮੈਸ਼ਿੰਗ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਇਹਨਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਸਮੇਂ ਬਲਾਕ ਪਟਿਆਲਾ ਸ਼ਹਿਰੀ ਦੀਆਂ ਖੇਡਾਂ ਵਤਨ ਪੰਜਾਬ ਦੀਆਂ 2026 (ਬਲਾਕ) ਦਾ ਉਦਘਾਟਨ ਐਮ.ਐਲ.ਏ. ਪਟਿਆਲਾ ਸ਼ਹਿਰੀ ਅਜੀਤਪਾਲ ਸਿੰਘ ਕੋਹਲੀ, ਬਲਾਕ ਪਟਿਆਲਾ ਦਿਹਾਤੀ ਦੀਆਂ ਬਲਾਕ ਖੇਡਾਂ ਦਾ ਉਦਘਾਟਨ ਯੂਥ ਆਗੂ ਐਡਵੋਕੇਟ ਰਾਹੁਲ ਸਿੰਘ ਵੱਲ਼ੋਂ ਕੀਤਾ ਗਿਆ।
ਪਟਿਆਲਾ ਰੂਰਲ ਬਲਾਕ ਵਿੱਚ ਫੁੱਟਬਾਲ ਗੇਮ ਵਿੱਚ ਅੰਡਰ-14 ਲੜਕਿਆਂ ਵਿੱਚ ਦ ਮਿਲੇਨੀਅਮ ਸਕੂਲ ਦੀ ਟੀਮ ਨੂੰ 0/4 ਸਕੋਰਾਂ ਨਾਲ ਹਰਾ ਕੇ ਅਜਾਦ ਫੁੱਟਬਾਲ ਕਲੱਬ ਦੀ ਟੀਮ ਜੇਤੂ ਰਹੀ।
ਰਾਜਪੁਰਾ ਬਲਾਕ ਵਿੱਚ ਐਥਲੈਟਿਕਸ ਗੇਮ ਲੌਂਗ ਜੰਪ ਅੰਡਰ-17 ਲੜਕਿਆਂ ਵਿੱਚ ਜਸਕਰਨਜੋਤ ਸਿੰਘ ਨੇ ਪਹਿਲਾ ਸਥਾਨ, ਗੁਰਾਂਸ਼ ਸਿੰਘ ਨੇ ਦੂਸਰਾ ਸਥਾਨ, ਪ੍ਰਭਸਹਾਇ ਨੇ ਤੀਸਰਾ ਸਥਾਨ ਅਤੇ ਅਗਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਕਬੱਡੀ ਲੜਕਿਆਂ ਵਿੱਚ ਸਰਕਾਰੀ ਸਕੂਲ ਧੁੰਮਾਂ ਨੇ ਗੁਰੂ ਰਾਮਦਾਸ ਬਸੰਤਪੁਰਾ ਨੂੰ ਹਰਾਇਆ। ਇਸੇ ਤਰ੍ਹਾਂ ਅੰਡਰ-14 ਲੜਕਿਆਂ ਵਿੱਚ ਐਸ.ਡੀ. ਪਬਲਿਕ ਸਕੂਲ ਨੇ ਗੁਰੂ ਰਾਮਦਾਸ ਬਸੰਤਪੁਰਾ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਫੁੱਟਬਾਲ ਗੇਮ ਅੰਡਰ 14 ਲੜਕਿਆਂ ਅਤੇ ਲੜਕੀਆਂ ਵਿੱਚ ਸ੍ਰੀ ਚੇਤਨਿਆ ਸਕੂਲ ਰਾਜਪੁਰਾ ਨੇ ਬਾਜੀ ਮਾਰੀ। ਵਾਲੀਬਾਲ ਗੇਮ ਅੰਡਰ -17 ਆਧਾਰਸ਼ਿਲਾ ਫਾਊਨਟੇਨ ਪਬਲਿਕ ਸਕੂਲ ਦੀ ਟੀਮ ਪਹਿਲੇ ਦਰਜੇ ਤੇ ਰਹੀ। ਖੋ-ਖੋ ਅੰਡਰ-14 ਲੜਕਿਆਂ ਵਿੱਚ ਪੈਪਸੂ ਸਟੇਡੀਅਮ ਰਾਜਪੁਰਾ ਨੇ ਜਿੱਤ ਹਾਸਲ ਕੀਤੀ।
ਪਟਿਆਲਾ ਦਿਹਾਤੀ ਬਲਾਕ ਵਿੱਚ ਐਥਲੈਟਿਕਸ ਗੇਮ 400 ਮੀਟਰ ਮੈਨ ਉਮਰ ਵਰਗ 21-30 ਵਿੱਚ ਪਹਿਲਾ ਸਥਾਨ ਆਯੂਸ਼ਪਾਲ ਅਤੇ ਦੂਸਰਾ ਸਥਾਨ ਜਸਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਉਮਰ ਵਰਗ 31-40 ਵਿੱਚ ਸਰਬਜੀਤ ਸਿੰਘ ਨੇ ਪਹਿਲਾ ਸਥਾਨ ਅਤੇ 41-50 ਉਮਰ ਵਰਗ ਵਿੱਚ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਨਾਭਾ ਬਲਾਕ ਵਿੱਚ ਕਬੱਡੀ ਗੇਮ ਅੰਡਰ-14 ਲੜਕਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੀਂਗੀ ਦੀ ਟੀਮ ਨੇ ਪਹਿਲਾ ਸਥਾਨ, ਹਾਈ ਸਕੂਲ ਅਚਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਾਲੀਬਾਲ ਗੇਮ ਵਿੱਚ ਅੰਡਰ-14 ਲੜਕੀਆਂ ਵਿੱਚ ਕਲਗੀਧਰ ਮੂੰਗੋ ਟੀਮ ਨੇ ਪਹਿਲਾ ਅਤੇ ਕੋਚਿੰਗ ਸੈਂਟਰ ਨਾਭਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

