
ਮੈਰੀਲੈਂਡ: 9 ਸਤੰਬਰ (ਬਲਵਿੰਦਰ ਬਾਲਮ/ਵਰਲਡ ਪੰਜਾਬੀ ਟਾਈਮਜ਼)
ਅੰਤਰਰਾਸ਼ਟਰੀ ਫ਼ੋਰਮ ਯੂਐੱਸਏ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਅਤੇ ਉੱਘੇ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਨੂੰ ਸਿੱਖਿਆ, ਸਿਹਤ, ਮਨੁੱਖੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰਾਂ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਵਿਸ਼ੇਸ਼ ਸਨਮਾਨ ਪੱਤਰ ਭੇਟ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਸਾਬਕਾ ਪ੍ਰਧਾਨ ਸਤਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਡਾ. ਓਬਰਾਏ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਸਤਪਾਲ ਸਿੰਘ ਬਰਾੜ ਨੇ ਡਾ. ਓਬਰਾਏ ਵੱਲੋਂ ਜਾਤ-ਪਾਤ, ਧਰਮ ਅਤੇ ਕੌਮੀਅਤ ਤੋਂ ਉੱਪਰ ਉੱਠ ਕੇ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ।
ਮੈਰੀਲੈਂਡ ਸਟੇਟ ਦੇ ਕਮਿਸ਼ਨਰ ਅਮਰਜੀਤ ਸਿੰਘ ਸੰਧੂ ਨੇ ਵੀ ਡਾ. ਓਬਰਾਏ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਆਖਿਆ। ਵਰਲਡ ਯੂਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ ਦੇ ਚੇਅਰਮੈਨ ਅਮਰ ਸਿੰਘ ਮੱਲ੍ਹੀ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਮਨੁੱਖਤਾ ਪ੍ਰਤੀ ਨਿਭਾਈਆਂ ਜਾ ਰਹੀਆਂ ਨਿਰਸਵਾਰਥ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਕੁਲਦੀਪ ਸਿੰਘ ਮੱਲ੍ਹਾ, ਪ੍ਰਤਾਪ ਸਿੰਘ ਗਿੱਲ, ਗੁਰਚਰਨ ਸਿੰਘ ਗੁਰੂ, ਬੀ.ਐੱਸ. ਰੰਧਾਵਾ, ਲਖਬੀਰ ਸਿੰਘ ਤੱਖਰ ਅਤੇ ਨਿਰਪਜੀਤ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਓਬਰਾਏ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਿੱਖਿਆ, ਸਿਹਤ ਸੇਵਾਵਾਂ ਅਤੇ ਨੌਜਵਾਨਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਲਈ ਤਿਆਰ ਕਰਨ ਵਾਸਤੇ ਚਲਾਈ ਜਾ ਰਹੀ ਸਿਵਲ ਸਰਵਿਸਿਜ਼ ਅਕੈਡਮੀ ਦੇ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ-ਭਲਾਈ ਪ੍ਰੋਜੈਕਟਾਂ ਰਾਹੀਂ ਅਗਲੇ ਦਸ ਸਾਲਾਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਣ, ਬੁਨਿਆਦੀ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਨੂੰ ਸਮਾਜਿਕ ਤੇ ਆਰਥਿਕ ਪੱਖੋਂ ਮਜ਼ਬੂਤ ਲੀਹਾਂ ਉੱਤੇ ਲਿਆਉਣ ਦੀ ਯੋਜਨਾ ਹੈ।
ਡਾ. ਓਬਰਾਏ ਨੇ ਸਨਮਾਨ, ਪਿਆਰ ਅਤੇ ਨਿੱਘੀ ਮੇਜ਼ਬਾਨੀ ਲਈ ਅੰਤਰਰਾਸ਼ਟਰੀ ਫ਼ੋਰਮ ਯੂਐੱਸਏ ਅਤੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ।
ਡਾ. ਓਬਰਾਏ ਦੇ ਸਨਮਾਨ ਵਿੱਚ ਅੰਤਰਰਾਸ਼ਟਰੀ ਫ਼ੋਰਮ ਯੂਐੱਸਏ ਦੇ ਚੇਅਰਮੈਨ ਡਾ. ਸੁਰਿੰਦਰ ਸਿੰਘ ਗਿੱਲ ਵੱਲੋਂ ਸ਼ਾਨਦਾਰ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਦੀ ਮੀਡੀਆ ਕਵਰੇਜ ਜਸ਼ਨ ਸਿੰਘ ਅਤੇ ਸਿਰਮੁਖ ਸਿੰਘ ਮਾਣਕ
ਵੱਲੋਂ ਕੀਤੀ ਗਈ।
ਸਮਾਗਮ ਦੀ ਸਮਾਪਤੀ ਮੌਕੇ ਹਾਜ਼ਰ ਆਗੂਆਂ ਨੇ ਡਾ. ਓਬਰਾਏ ਦੇ ਦੂਰਅੰਦੇਸ਼ੀ ਮਿਸ਼ਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਦਇਆ, ਨਿਰਸਵਾਰਥ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਪ੍ਰੇਰਨਾਦਾਇਕ ਮਿਸਾਲ ਦੱਸਿਆ।

