ਕੋਟਕਪੂਰਾ, 9 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਪਾਰਟੀ ਦੇ ਵਫ਼ਾਦਾਰ, ਮਿਹਨਤੀ ਅਤੇ ਟਕਸਾਲੀ ਆਗੂਆਂ ਨੂੰ ਵੱਡਾ ਮਾਣ-ਸਤਿਕਾਰ ਦਿੰਦਿਆਂ ਕੌਮੀ ਪੱਧਰ ਦੇ ਅਹਿਮ ਅਹੁਦਿਆਂ ਨਾਲ ਨਿਵਾਜਿਆ ਗਿਆ ਹੈ। ਪਾਰਟੀ ਹਾਈਕਮਾਂਡ ਵੱਲੋਂ ਇਹ ਨਿਯੁਕਤੀਆਂ ਆਗੂਆਂ ਦੀਆਂ ਪਾਰਟੀ ਪ੍ਰਤੀ ਨਿਸ਼ਕਾਮ ਸੇਵਾਵਾਂ ਅਤੇ ਲੰਮੇ ਸੰਘਰਸ਼ ਨੂੰ ਧਿਆਨ ਵਿੱਚ ਰੱਖਦਿਆਂ ਕੀਤੀਆਂ ਗਈਆਂ ਹਨ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਦੱਸਿਆ ਕਿ ਕੁਲਤਾਰ ਸਿੰਘ ਬਰਾੜ ਅਤੇ ਪ੍ਰਤਾਪ ਸਿੰਘ ਨੰਗਲ ਨੂੰ ਪੀ.ਏ.ਸੀ. ਮੈਂਬਰ ਅਤੇ ਜਗਦੇਵ ਸਿੰਘ ਬਰਾੜ (ਸਾਬਕਾ ਸਰਪੰਚ), ਮੇਹਰ ਸਿੰਘ ਰੱਤੀਰੋੜੀ (ਸਾਬਕਾ ਸਰਪੰਚ), ਬਲਬੀਰ ਸਿੰਘ ਰੰਧਾਵਾ (ਸਾਬਕਾ ਐੱਮ.ਸੀ.), ਨਰਿੰਦਰ ਸਿੰਘ ਨਿੰਦਾ (ਸਾਬਕਾ ਐੱਮ.ਸੀ.) ਨੂੰ ਜਨਰਲ ਕੌਂਸਲ, ਜਦਕਿ ਅਮਨਿੰਦਰ ਸਿੰਘ ਦਰਗਨ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ, ਗੁਰਜੀਤ ਸਿੰਘ ਸੰਧਵਾਂ ਨੂੰ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹਨਾਂ ਨਿਯੁਕਤੀਆਂ *ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਆਗੂਆਂ ਅਤੇ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ। ਨਵ-ਨਿਯੁਕਤ ਆਗੂਆਂ ਨੂੰ ਸਮੂਹ ਅਕਾਲੀ ਵਰਕਰਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ।ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਖੇਤਰੀ ਪਾਰਟੀਆਂ ਵਿੱਚੋਂ ਇੱਕ ਹੈ, ਜਿਸ ਦਾ ਇਤਿਹਾਸ 100 ਸਾਲ ਤੋਂ ਵੀ ਵੱਧ ਸਮੇਂ ਦਾ ਲਾਸਾਨੀ ਸੰਘਰਸ਼ ਅਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ, 1920 ਵਿੱਚ ਕਾਇਮ ਹੋਈ ਇਹ ਸੰਸਥਾ ਹਮੇਸ਼ਾਂ ਪੰਜਾਬ, ਪੰਜਾਬੀਅਤ, ਸਿੱਖ ਪੰਥ ਅਤੇ ਅਮਨ—ਭਾਈਚਾਰੇ ਦੇ ਹੱਕਾਂ ਦੀ ਰਖਵਾਲੀ ਲਈ ਅੱਗੇ ਰਹੀ ਹੈ। ਉਹਨਾ ਦੱਸਿਆ ਕਿ ਪਾਰਟੀ ਨੇ ਹਮੇਸ਼ਾ ਜ਼ਮੀਨੀ ਪੱਧਰ *ਤੇ ਜੁੜੇ ਟਕਸਾਲੀ ਆਗੂਆਂ ਅਤੇ ਨੌਜਵਾਨਾਂ ਨੂੰ ਅੱਗੇ ਲਿਆ ਕੇ ਪੰਜਾਬ ਦੇ ਵਿਕਾਸ, ਕਿਸਾਨੀ, ਗ਼ਰੀਬ, ਮਜ਼ਦੂਰ ਅਤੇ ਵਪਾਰੀ ਵਰਗ ਦੇ ਭਲੇ ਲਈ ਕੰਮ ਕੀਤਾ ਹੈ। ਅੱਜ ਜਦੋਂ ਪੰਜਾਬ ਵੱਖ-ਵੱਖ ਚੁਣੌਤੀਆਂ ਵਿੱਚੋਂ ਲੰਘ ਰਿਹਾ ਹੈ, ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੌਜਵਾਨਾਂ ਅਤੇ ਤਜਰਬੇਕਾਰ ਆਗੂਆਂ ਦੇ ਸੁਮੇਲ ਨਾਲ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।ਅੰਤ ਵਿੱਚ ਨਵ-ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇੱਕ ਕਰਨਗੇ।

