
ਐਡਮੰਟਨ, ਕੈਨੇਡਾ ਦੀ ਧਰਤੀ ’ਤੇ ਵੱਸਦਾ ਮਲਕੀਅਤ ਸਿੰਘ ਧਾਲੀਵਾਲ ਇੱਕ ਅਲਬੇਲਾ ਅਤੇ ਵਿਲੱਖਣ ਮਨੁੱਖ ਹੈ। ਭਾਵੇਂ ਉਸ ਨੇ ਰਸਮੀ ਵਿੱਦਿਆ ਹਾਸਲ ਨਹੀਂ ਕੀਤੀ, ਪਰ ਉਸ ਦੀ ਵਿਹਾਰਕ ਸੂਝ-ਬੂਝ ਅਤੇ ਜੀਵਨ ਅਨੁਭਵ ਕਈ ਪੜ੍ਹੇ-ਲਿਖੇ ਲੋਕਾਂ ਨੂੰ ਵੀ ਮਾਤ ਪਾਉਂਦੇ ਹਨ।
ਉਸ ਨੇ ਆਪਣੇ ਪੱਧਰ ’ਤੇ ਇੱਕ ਛੋਟਾ ਜਿਹਾ ਖੇਤੀ ਫਾਰਮ ਤਿਆਰ ਕੀਤਾ ਹੋਇਆ ਹੈ, ਜਿਸ ਵਿੱਚ ਉਹ ਵੱਖ-ਵੱਖ ਕਿਸਮਾਂ ਦੀਆਂ ਸਬਜ਼ੀਆਂ ਉਗਾਉਂਦਾ ਹੈ। ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੇ ਫਾਰਮ ਦੀਆਂ ਸਬਜ਼ੀਆਂ ਲੋੜਵੰਦਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਬਿਲਕੁਲ ਮੁਫ਼ਤ ਵੰਡਦਾ ਹੈ ਅਤੇ ਕਿਸੇ ਕੋਲੋਂ ਕੋਈ ਪੈਸਾ ਨਹੀਂ ਲੈਂਦਾ।
ਉਸ ਦੇ ਫਾਰਮ ਵਿੱਚ ਪਾਲਕ, ਪਿਆਜ਼, ਛੋਲੇ, ਧਨੀਆ, ਆਲੂ, ਸਰ੍ਹੋਂ, ਚਿੱਬੜ, ਹਲਵਾ ਕੱਦੂ, ਟਮਾਟਰ, ਰੋਮੇਨ ਲੈਟਸ, ਹਰੀ ਮਿਰਚ, ਗਾਜਰ, ਮੂਲੀ, ਮੇਥੀ, ਲੌਕੀ, ਸਟ੍ਰਾਬੇਰੀ, ਤਿੰਡੇ, ਸੌਂਫ, ਖੀਰਾ ਅਤੇ ਬੈਂਗਣ ਸਮੇਤ ਅਨੇਕਾਂ ਕਿਸਮਾਂ ਦੀਆਂ ਸਬਜ਼ੀਆਂ ਅਤੇ ਫ਼ਸਲਾਂ ਉਗਾਈਆਂ ਜਾਂਦੀਆਂ ਹਨ।
ਮਲਕੀਅਤ ਸਿੰਘ ਕਈ ਸਮਾਜ-ਸੇਵੀ ਕਾਰਜਾਂ ਨਾਲ ਵੀ ਜੁੜਿਆ ਹੋਇਆ ਹੈ। ਭਾਵੇਂ ਉਸ ਦੀ ਉਮਰ ਲਗਭਗ 72 ਸਾਲ ਹੈ, ਪਰ ਉਸ ਵਿੱਚ ਕੰਮ ਕਰਨ ਦਾ ਜੋਸ਼ ਅਤੇ ਸ਼ਕਤੀ ਅੱਜ ਵੀ ਨੌਜਵਾਨਾਂ ਨਾਲੋਂ ਘੱਟ ਨਹੀਂ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਸਾਰੀ ਖੇਤੀ ਇਕੱਲਾ ਹੀ ਕਰਦਾ ਹੈ ਅਤੇ ਕਿਸੇ ਦੀ ਮਦਦ ਨਹੀਂ ਲੈਂਦਾ। ਫ਼ਸਲਾਂ ਲਈ ਉਹ ਬਾਜ਼ਾਰੂ ਰਸਾਇਣਕ ਖਾਦ ਦੀ ਥਾਂ ਘਰ ਵਿੱਚ ਤਿਆਰ ਕੀਤੀ ਦੇਸੀ ਖਾਦ ਦੀ ਵਰਤੋਂ ਕਰਦਾ ਹੈ।
ਮਲਕੀਅਤ ਸਿੰਘ ਨੇ ਆਪਣੀ ਜ਼ਿੰਦਗੀ ਦੌਰਾਨ ਦੁਬਈ, ਯਮਨ, ਓਮਾਨ ਅਤੇ ਬੰਬਈ ਸਮੇਤ ਵੱਖ-ਵੱਖ ਥਾਵਾਂ ’ਤੇ ਕੰਮ ਕੀਤਾ। ਜੀਵਨ ਦੇ ਅਨੇਕਾਂ ਸੰਘਰਸ਼ਾਂ ਅਤੇ ਔਕੜਾਂ ਦਾ ਸਾਹਮਣਾ ਕਰਦਿਆਂ ਉਹ ਲਗਭਗ 30 ਸਾਲ ਪਹਿਲਾਂ ਐਡਮੰਟਨ ਆ ਵੱਸਿਆ ਸੀ।
ਉਹ ਅਨੇਕਾਂ ਤਕਨੀਕੀ ਕੰਮਾਂ ਵਿੱਚ ਵੀ ਮੁਹਾਰਤ ਰੱਖਦਾ ਹੈ। ਪਲੰਬਿੰਗ, ਬਿਜਲੀ ਦਾ ਕੰਮ, ਮਕਾਨ ਉਸਾਰੀ, ਸੰਗੀਤ, ਫੋਟੋਗ੍ਰਾਫ਼ੀ ਅਤੇ ਗੋਬਰ ਗੈਸ ਪਲਾਂਟ ਲਗਾਉਣ ਵਰਗੇ ਕੰਮਾਂ ਦਾ ਉਸ ਨੂੰ ਡੂੰਘਾ ਗਿਆਨ ਹੈ। ਦੱਸਿਆ ਜਾਂਦਾ ਹੈ ਕਿ ਉਸ ਨੇ ਵੱਖ-ਵੱਖ ਸ਼ਹਿਰਾਂ ਵਿੱਚ ਲਗਭਗ 900 ਗੋਬਰ ਗੈਸ ਪਲਾਂਟ ਲਗਾਉਣ ਵਿੱਚ ਯੋਗਦਾਨ ਪਾਇਆ। ਇੱਕ ਯੂਨੀਵਰਸਿਟੀ ਵੀ ਇਸ ਖੇਤਰ ਵਿੱਚ ਉਸ ਦੀ ਮੁਹਾਰਤ ਅਤੇ ਸਹਾਇਤਾ ਲੈਂਦੀ ਰਹੀ ਹੈ।
ਸੇਵਾ-ਭਾਵਨਾ ਉਸ ਦੇ ਸੁਭਾਅ ਦਾ ਅਹਿਮ ਹਿੱਸਾ ਹੈ। ਉਹ ਆਪਣੀ ਕਾਲੋਨੀ ਦੇ ਆਲੇ-ਦੁਆਲੇ ਉੱਗੇ ਵਾਧੂ ਘਾਹ ਨੂੰ ਵੀ ਆਪਣੀ ਮਸ਼ੀਨ ਨਾਲ ਮੁਫ਼ਤ ਕੱਟਦਾ ਹੈ ਅਤੇ ਉਸੇ ਘਾਹ ਤੋਂ ਦੇਸੀ ਖਾਦ ਤਿਆਰ ਕਰਦਾ ਹੈ। ਇਸ ਤਰ੍ਹਾਂ ਉਹ ਸਫ਼ਾਈ, ਵਾਤਾਵਰਨ ਦੀ ਸੰਭਾਲ ਅਤੇ ਕੁਦਰਤੀ ਖੇਤੀ—ਤਿੰਨਾਂ ਖੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।
ਮਲਕੀਅਤ ਸਿੰਘ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਸਮੇਤ ਕਈ ਭਾਸ਼ਾਵਾਂ ਬੋਲਣ ਅਤੇ ਸਮਝਣ ਦੀ ਸਮਰੱਥਾ ਰੱਖਦਾ ਹੈ। ਉਸ ਨੂੰ ਸੱਤ ਬਾਣੀਆਂ ਵੀ ਜ਼ੁਬਾਨੀ ਯਾਦ ਹਨ। ਉਸ ਦੇ ਜੀਵਨ ਵਿੱਚ ਆਸਥਾ, ਸੇਵਾ, ਮਿਹਨਤ ਅਤੇ ਸਮਰਪਣ ਦਾ ਵਿਸ਼ੇਸ਼ ਮਹੱਤਵ ਹੈ।
ਉਸ ਦਾ ਮੰਨਣਾ ਹੈ ਕਿ ਜੀਵਨ ਦੇ ਰਸਤੇ ’ਤੇ ਅੱਗੇ ਵਧਣ ਲਈ ਆਸਥਾ ਅਤੇ ਆਪਣੇ ਉਦੇਸ਼ ਪ੍ਰਤੀ ਸਮਰਪਣ ਬਹੁਤ ਜ਼ਰੂਰੀ ਹਨ। ਜਿਸ ਤਰ੍ਹਾਂ ਪਿਆਸ ਪਾਣੀ ਦੀ ਮੁਹਤਾਜ ਹੁੰਦੀ ਹੈ, ਉਸੇ ਤਰ੍ਹਾਂ ਸਫਲਤਾ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੀ ਮੁਹਤਾਜ ਹੁੰਦੀ ਹੈ। ਜੇ ਮਨੁੱਖ ਦੇ ਮਨਸੂਬੇ ਉਸ ਦੇ ਅੰਤਰ-ਮਨ ਨਾਲ ਜੁੜੇ ਹੋਣ ਅਤੇ ਉਹ ਆਪਣੇ ਟੀਚੇ ਵੱਲ ਮਿਹਨਤ, ਸੰਘਰਸ਼ ਅਤੇ ਆਤਮ-ਨਿਰਭਰਤਾ ਨਾਲ ਤੁਰਦਾ ਰਹੇ, ਤਾਂ ਕੋਈ ਵੀ ਰੁਕਾਵਟ ਉਸ ਦੀ ਤਰੱਕੀ ਨੂੰ ਰੋਕ ਨਹੀਂ ਸਕਦੀ।
ਮਲਕੀਅਤ ਸਿੰਘ ਧਾਲੀਵਾਲ ਦੀ ਜ਼ਿੰਦਗੀ ਸਾਨੂੰ ਇਹੀ ਸੁਨੇਹਾ ਦਿੰਦੀ ਹੈ ਕਿ ਵਿੱਦਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਹੁੰਦੀ। ਜੀਵਨ ਦੇ ਅਨੁਭਵ, ਮਿਹਨਤ, ਹੁਨਰ, ਸੇਵਾ-ਭਾਵਨਾ ਅਤੇ ਨੇਕ ਸੋਚ ਵੀ ਮਨੁੱਖ ਨੂੰ ਗਿਆਨਵਾਨ ਅਤੇ ਮਹਾਨ ਬਣਾਉਂਦੇ ਹਨ।ਮਲਕੀਤ ਸਿੰਘ ਤਾੜੀਵਾਲ ਪਰਿਵਾਰਕ ਏਕਤਾ ਨੂੰ ਵੀ ਜੀਵਨ ਦੀ ਸਭ ਤੋਂ ਵੱਡੀ ਤਾਕਤ ਮੰਨਦਾ ਹੈ। ਉਸ ਦਾ ਕਹਿਣਾ ਹੈ ਕਿ ਜਿਸ ਪਰਿਵਾਰ ਦੇ ਮੈਂਬਰ ਆਪਸੀ ਪਿਆਰ, ਸਤਿਕਾਰ ਅਤੇ ਸਹਿਯੋਗ ਨਾਲ ਇਕੱਠੇ ਰਹਿੰਦੇ ਹਨ, ਉਸ ਪਰਿਵਾਰ ਨੂੰ ਕੋਈ ਵੀ ਮੁਸ਼ਕਲ ਕਮਜ਼ੋਰ ਨਹੀਂ ਕਰ ਸਕਦੀ। ਬਜ਼ੁਰਗਾਂ ਦਾ ਸਤਿਕਾਰ, ਬੱਚਿਆਂ ਨੂੰ ਚੰਗੇ ਸੰਸਕਾਰ ਅਤੇ ਦੁੱਖ-ਸੁੱਖ ਵਿੱਚ ਇਕ-ਦੂਜੇ ਦਾ ਸਾਥ ਹੀ ਖੁਸ਼ਹਾਲ ਪਰਿਵਾਰ ਦੀ ਅਸਲ ਪਛਾਣ ਹੈ। ਉਸ ਦਾ ਜੀਵਨ ਸਾਨੂੰ ਮਿਹਨਤ, ਸੇਵਾ, ਆਤਮ-ਨਿਰਭਰਤਾ ਅਤੇ ਪਰਿਵਾਰਕ ਏਕਤਾ ਦਾ ਕੀਮਤੀ ਸੁਨੇਹਾ ਦਿੰਦਾ ਹੈ।
ਬਲਵਿੰਦਰ ਬਾਲਮ, ਗੁਰਦਾਸਪੁਰ
ਐਡਮੰਟਨ, ਕੈਨੇਡਾ
9815625409

