ਕੋਟਕਪੂਰਾ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਚਲਾਈ ਜਾ ਰਹੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਬੀਤੀ ਸ਼ਾਮ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਸ਼ਰਧਾਲੂਆਂ ਦੀ ਬੱਸ ਨੂੰ ਮਥੁਰਾ ਤੇ ਵਰਿੰਦਾਵਨ ਲਈ ਰਵਾਨਾ ਕੀਤਾ ਗਿਆ। ਵਿਧਾਇਕ ਸੇਖੋਂ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਲਾਕਾ ਵਾਸੀ ਕ੍ਰਿਸ਼ਨ ਭਗਵਾਨ ਦੀ ਜਨਮਭੂਮੀ ਅਤੇ ਜਿਥੇ ਉਨ੍ਹਾਂ ਨੇ ਜੀਵਨ ਬਿਤਾਇਆ ਉਸ ਸਥਾਨ ‘ਤੇ ਯਾਤਰਾ ਕਰਨ ਜਾ ਰਹੇ ਹਨ। ਵਿਧਾਇਕ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਦੇ ਜੋ ਉਪਦੇਸ਼ ਸਨ, ਅੱਜ ਵੀ ਮਨੁੱਖ ਨੂੰ ‘ਤੇ ਰਸਤਾ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਦਾ ਮੁੱਖ ਉਦੇਸ਼ ਪੰਜਾਬ ਵਾਸੀਆਂ ਨੂੰ ਸੂਬੇ ਅਤੇ ਦੇਸ਼ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਮੁਫ਼ਤ ਦਰਸ਼ਨ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਆਰਥਿਕ ਜਾਂ ਹੋਰ ਕਾਰਨਾਂ ਕਰਕੇ ਆਪਣੀ ਇੱਛਾ ਅਨੁਸਾਰ ਧਾਰਮਿਕ ਸਥਾਨਾਂ ਦੀ ਯਾਤਰਾ ਨਹੀਂ ਕਰ ਸਕਦੇ ਸਨ। ਪੰਜਾਬ ਸਰਕਾਰ ਵੱਲੋਂ ਅਜਿਹੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ ਸ਼ਰਧਾਲੂਆਂ ਨੂੰ ਬੱਸਾਂ ਰਾਹੀਂ ਸੁਰੱਖਿਅਤ ਢੰਗ ਨਾਲ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਰਿਦੁਆਰ, ਰਿਸ਼ੀਕੇਸ਼ ਅਤੇ ਖਾਟੂ ਸ਼ਾਮ ਧਾਮ ਲਈ ਵੀ ਬੱਸਾਂ ਰਵਾਨਾ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ, ਸੁਰੱਖਿਆ ਅਤੇ ਸੁਚੱਜੇ ਪ੍ਰਬੰਧਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਨਾਲ ਉਹ ਬਿਨਾਂ ਕਿਸੇ ਖਰਚੇ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕਦੇ ਹਨ। ਸ਼ਰਧਾਲੂਆਂ ਵਿੱਚ ਇਸ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।

