ਕਿਸੇ ਸਰਪੰਚ ਨਾਲ ਪੱਖਪਾਤ ਨਹੀਂ ਹੋ ਰਿਹਾ : ਵਿਧਾਇਕ ਅਮੋਲਕ ਸਿੰਘ
ਕੋਟਕਪੂਰਾ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਜੈਤੋ ਦੇ ਪਿੰਡਾਂ ਵਿੱਚ ਰੁਕੇ ਵਿਕਾਸ ਕੰਮਾਂ ਨੂੰ ਮੁੜ ਚਲਾਉਣ ਲਈ ਵਿਧਾਇਕ ਅਮੋਲਕ ਸਿੰਘ ਨੇ ਅੱਜ ਮਾਰਕੀਟ ਕਮੇਟੀ ਦਫ਼ਤਰ ਜੈਤੋ ਵਿੱਚ 72 ਪਿੰਡਾਂ ਦੇ ਸਰਪੰਚਾਂ ਨੂੰ ਕਰੀਬ ਪੰਜ ਕਰੋੜ ਰੁਪਏ ਦੇ ਚੈੱਕ ਵੰਡੇ। ਇਸ ਰਾਸ਼ੀ ਨਾਲ ਪਿੰਡਾਂ ਵਿੱਚ 106 ਵੱਖ-ਵੱਖ ਵਿਕਾਸ ਕੰਮ ਕਰਵਾਏ ਜਾਣਗੇ। ਵਿਧਾਇਕ ਨੇ ਦੱਸਿਆ ਕਿ ਪਿੰਡਾਂ ਦੇ ਸਰਪੰਚਾਂ ਤੋਂ ਪਹਿਲਾਂ ਹੀ ਉਨ੍ਹਾਂ ਕੰਮਾਂ ਬਾਰੇ ਜਾਣਕਾਰੀ ਲਈ ਗਈ ਸੀ, ਜੋ ਕਿਸੇ ਕਾਰਨ ਕਰ ਕੇ ਅਧੂਰੇ ਜਾਂ ਰੁਕੇ ਹੋਏ ਸਨ। ਇਸ ਤੋਂ ਬਾਅਦ ਪਿੰਡਾਂ ਦੀ ਲੋੜ ਮੁਤਾਬਿਕ ਗਰਾਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਗਲੀਆਂ, ਨਾਲੀਆਂ, ਪਾਣੀ, ਸੀਵਰੇਜ ਅਤੇ ਹੋਰ ਲੋੜੀਂਦੇ ਕੰਮਾਂ ਨਾਲ ਲੋਕਾਂ ਨੂੰ ਸਿੱਧਾ ਫ਼ਾਇਦਾ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਵਿਕਾਸ ਲਈ ਪੈਸੇ ਦੇਣ ਸਮੇਂ ਕਿਸੇ ਵੀ ਸਰਪੰਚ ਜਾਂ ਪਿੰਡ ਨਾਲ ਪੱਖਪਾਤ ਨਹੀਂ ਕੀਤਾ ਜਾ ਰਿਹਾ। ਪਿੰਡਾਂ ਦੇ ਵਿਕਾਸ ਨਾਲ ਪੇਂਡੂ ਲੋਕਾਂ ਨੂੰ ਆਪਣੇ ਨੇੜੇ ਹੀ ਵਧੀਆ ਸਹੂਲਤਾਂ ਮਿਲਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਵਾਟਰ ਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ, ਚੇਅਰਮੈਨ ਗੋਬਿੰਦਰ ਸਿੰਘ ਵਾਲੀਆ, ਰਣਧੀਰ ਸਿੰਘ, ਬਿੰਦਰ ਸਿੰਘ, ਰਾਜਨ ਸਿੰਘ, ਯਾਦਵਿੰਦਰ ਸਿੰਘ, ਗੁਰਮੇਲ ਸਿੰਘ, ਜਗਦੀਸ਼ ਸਿੰਘ, ਜਸਪਾਲ ਸਿੰਘ (ਸਾਰੇ ਸਰਪੰਚ), ਟਰੱਕ ਯੂਨੀਅਨ ਬਾਜਾਖਾਨਾ ਦੇ ਪ੍ਰਧਾਨ ਇਕਬਾਲ ਸਿੰਘ, ‘ਆਪ’ ਦੇ ਬਲਾਕ ਪ੍ਰਧਾਨ ਸੁਖਰੀਤ ਰੋਮਾਣਾ, ਲਛਮਣ ਸਿੰਘ ਬਿਸ਼ਨੰਦੀ, ਬਲਕਰਨ ਸਿੰਘ ਸਰਾਵਾਂ ਅਤੇ ਸੀਨੀਅਰ ‘ਆਪ’ ਆਗੂ ਰੁਪਿੰਦਰ ਸਿੰਘ ਰਿੰਪੀ ਆਦਿ ਵੀ ਹਾਜ਼ਰ ਸਨ।

