ਜੈਤੋ/ਫਰੀਦਕੋਟ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਭਰ ਵਿੱਚ ਅਧਿਆਪਕ ਦਿਵਸ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਸ਼ੁੱਭ ਮੌਕੇ ’ਤੇ ਸਿੱਖਿਆ ਦੇ ਖੇਤਰ ਵਿੱਚ ਮਿਸਾਲੀ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਲਈ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਅਤੇ ਸੰਕਲਪ ਕੋਟਾ ਕਲਾਸ ਵੱਲੋਂ ਵੱਖਰੇ ਤੌਰ ’ਤੇ ਵਿਸ਼ੇਸ਼ ਅਵਾਰਡ ਸਮਾਰੋਹ ਆਯੋਜਿਤ ਕੀਤੇ ਗਏ। ਸਮਾਰੋਹ ਦੌਰਾਨ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵੱਖ-ਵੱਖ ਧਾਰਾਵਾਂ ਵਿੱਚ ਨਿਸ਼ਠਾ ਤੇ ਲਗਨ ਨਾਲ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ‘ਬੈਸਟ ਟੀਚਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਪਿ੍ਰੰਸੀਪਲ ਸ਼੍ਰੀਮਤੀ ਪ੍ਰਿਅੰਕਾ ਮਹਿਤਾ ਅਤੇ ਅਧਿਆਪਕਾ ਭਾਵਨਾ ਸਿੰਗਲਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸੰਕਲਪ ਕੋਟਾ ਕਲਾਸ ਵੱਲੋਂ ਸ਼੍ਰੀਮਤੀ ਪ੍ਰਿਅੰਕਾ ਮਹਿਤਾ ਨੂੰ ਸਰਵੋਤਮ ਪਿ੍ਰੰਸੀਪਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸੇ ਦੇ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਹੋਣਹਾਰ ਅਧਿਆਪਕਾਂ ਬਲਜੀਤ ਕੌਰ, ਜਸਪ੍ਰੀਤ ਕੌਰ, ਕਿਰਨ ਬਾਲਾ, ਭਾਵਨਾ ਸਿੰਗਲਾ, ਮੁਸਕਾਨ, ਰਮਨਪ੍ਰੀਤ ਕੌਰ (ਅਕਾਦਮਿਕ ਕੋਆਰਡੀਨੇਟਰ) ਰਕੇਸ਼ ਰਾਣੀ (ਐਕਟੀਵਿਟੀ ਕੋਆਰਡੀਨੇਟਰ) ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਸੰਸਥਾਵਾਂ ਦੇ ਮੁਖੀਆਂ ਨੇ ਕਿਹਾ ਕਿ ਅਧਿਆਪਕ ਸਮਾਜ ਦਾ ਅਸਲੀ ਨਿਰਮਾਤਾ ਹੈ, ਜੋ ਵਿਦਿਆਰਥੀਆਂ ਨੂੰ ਸਹੀ ਸੇਧ ਦੇ ਕੇ ਉਨ੍ਹਾਂ ਦਾ ਭਵਿੱਖ ਰੁਸ਼ਨਾਉਂਦਾ ਹੈ। ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਸੰਸਥਾ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਪੂਰੀ ਤਨਦੇਹੀ ਨਾਲ ਸੇਵਾ ਨਿਭਾਉਣ ਦਾ ਪ੍ਰਣ ਲਿਆ।

