12 ਕਿੱਲੋ 221 ਗ੍ਰਾਮ ਹੈਰੋਇਨ ਸਮੇਤ 2 ਮੁਲਜ਼ਮ ਗ੍ਰਿਫਤਾਰ : ਐਸਐਸਪੀ

ਕੋਟਕਪੂਰਾ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ, ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਦੀ ਅਗਵਾਈ ਹੇਠ ਨਸ਼ਾ ਤਸਕਰੀ ਨੈੱਟਵਰਕਾਂ ਖ਼ਿਲਾਫ਼ ਕੀਤੀ ਜਾ ਰਹੀ ਯੋਜਨਾਬੱਧ ਕਾਰਵਾਈ ਤਹਿਤ ਫ਼ਰੀਦਕੋਟ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਗੁਰਬੰਸ ਸਿੰਘ ਬੈਂਸ, ਪੀ.ਪੀ.ਐੱਸ, ਐਸ.ਐਸ.ਪੀ. ਫ਼ਰੀਦਕੋਟ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਆਈ.ਏ ਸਟਾਫ਼ ਫ਼ਰੀਦਕੋਟ ਵੱਲੋਂ ਕਾਰਵਾਈ ਕਰਦਿਆਂ ਮੋਟਰਸਾਈਕਲ ਸਵਾਰ 2 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 12 ਕਿਲੋ 221 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ. ਫਰੀਦਕੋਟ ਵੱਲੋ ਸਾਂਝੀ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਦਾਗਰ ਸਿੰਘ ਉਰਫ਼ ਘੁੱਲਾ ਅਤੇ ਕੰਵਲਜੀਤ ਖਾਨ ਉਰਫ ਕੰਮੂ, ਵਾਸੀ ਪਿੰਡ ਕਰਮੂਵਾਲਾ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਜੋ ਕਿ ਦੋਨੋ ਹੀ ਦੋਸੀ ਜਿਲ੍ਹਾ ਤਰਨਤਾਰਨ ਨਾਲ ਸਬੰਧਤ ਹਨ। ਮੁੱਕਦਮਾ ਦੀ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਵਿਅਕਤੀਆ ਵੱਲੋ ਇਹ ਹੈਰੋਇਨ ਦੀ ਖੇਪ ਸਰਹੱਦੀ ਖੇਤਰ ਤੋ ਲਿਆ ਕੇ ਅੱਗੇ ਜਿਲ੍ਹਾ ਫਰੀਦਕੋਟ ਅੰਦਰ ਅਤੇ ਇਸਦੇ ਨਾਲ ਲੱਗਦੇ ਹੋਰ ਏਰੀਆ ਵਿੱਚ ਸਪਲਾਈ ਕੀਤੀ ਜਾਣੀ ਸੀ। ਕਾਰਵਾਈ ਦੇ ਵੇਰਵਿਆ ਮੁਤਾਬਿਕ ਮਿਤੀ 10 ਸਤੰਬਰ 2026 ਨੂੰ ਐਸ.ਆਈ. ਹਾਕਮ ਸਿੰਘ, ਸਹਾਇਕ ਇੰਚਾਰਜ ਸੀ.ਆਈ.ਏ. ਸਟਾਫ਼ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ-54 ’ਤੇ ਪਿੰਡ ਚੰਦਬਾਜਾ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਤਲਵੰਡੀ ਭਾਈ ਵੱਲੋਂ ਤੇਜ਼ ਰਫ਼ਤਾਰ ਮੋਟਰਸਾਈਕਲ ’ਤੇ ਆ ਰਹੇ ਦੋ ਨੌਜਵਾਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਮੋੜ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ ਗਿਆ। ਜਿਸ ਦੀ ਤਲਾਸ਼ੀ ਲਈ ਮੌਕੇ ’ਤੇ ਪਹੁੰਚੇ ਸ੍ਰੀ ਅਵਤਾਰ ਸਿੰਘ ਰਾਜਪਾਲ, ਡੀ.ਐੱਸ.ਪੀ. (ਡੀ), ਫ਼ਰੀਦਕੋਟ ਦੀ ਨਿਗਰਾਨੀ ਹੇਠ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਾਬਤੇ ਅਨੁਸਾਰ ਪੁਲਿਸ ਪਾਰਟੀ ਵੱਲੋਂ ਦੌਰਾਨੇ ਤਲਾਸ਼ੀ ਕੁੱਲ 12 ਕਿਲੋ 221 ਗ੍ਰਾਮ, ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਇਹਨਾ ਦਾ ਇੱਕ ਮੋਟਰਸਾਈਕਲ ਵੀ ਪੁਲਿਸ ਵੱਲੋਂ ਕਬਜ਼ੇ ਵਿੱਚ ਲਿਆ ਗਿਆ ਹੈ। ਐਸ.ਐੱਸ.ਪੀ. ਫ਼ਰੀਦਕੋਟ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਇਹ ਸਫ਼ਲਤਾ ਪੁਲਿਸ ਦੀ ਸੁਚੱਜੀ ਯੋਜਨਾਬੰਦੀ, ਖੁਫੀਆ ਜਾਣਕਾਰੀ, ਪ੍ਰਭਾਵਸ਼ਾਲੀ ਨਿਗਰਾਨੀ ਅਤੇ ਲਗਾਤਾਰ ਚੌਕਸੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਸ, ਸਪਲਾਈ ਚੇਨ, ਸਾਥੀਆਂ ਅਤੇ ਨਸ਼ਾ ਤਸਕਰੀ ਨਾਲ ਜੁੜੇ ਹੋਰ ਵਿਅਕਤੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਮੁੱਖ ਉਦੇਸ਼ ਸਿਰਫ਼ ਨਸ਼ੇ ਦੀ ਖੇਪ ਬਰਾਮਦ ਕਰਨਾ ਹੀ ਨਹੀਂ, ਸਗੋਂ ਇਸ ਦੇ ਸਰੋਤ, ਸਪਲਾਇਰਾਂ, ਪ੍ਰਾਪਤਕਰਤਾਵਾਂ ਅਤੇ ਪੂਰੇ ਤਸਕਰੀ ਨੈੱਟਵਰਕ ਨੂੰ ਬੇਨਕਾਬ ਕਰਨਾ ਹੈ। ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਤਾਂ ਜੋ ਦੋਸ਼ੀਆਂ ਪਾਸੋ ਡੂੰਗਾਈ ਨਾਲ ਪੁੱਛ ਗਿੱਛ ਕੀਤੀ ਜਾ ਸਕੇ। ਗੁਰਬੰਸ ਸਿੰਘ ਬੈਂਸ ਐਸ.ਐੱਸ.ਪੀ. ਨੇ ਕਿਹਾ ਕਿ ਫ਼ਰੀਦਕੋਟ ਪੁਲਿਸ ਨਸ਼ਿਆਂ ਦੀ ਸਪਲਾਈ, ਤਸਕਰੀ ਅਤੇ ਇਸ ਨਾਲ ਜੁੜੇ ਨੈੱਟਵਰਕਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ਿਆਂ ਵਿਰੁੱਧ ਇਹ ਮੁਹਿੰਮ ਪੂਰੀ ਸਖ਼ਤੀ ਅਤੇ ਲਗਾਤਾਰਤਾ ਨਾਲ ਜਾਰੀ ਰਹੇਗੀ। ਗੁਰਬੰਸ ਸਿੰਘ ਬੈਂਸ ਐਸ.ਐਸ.ਪੀ ਨੇ ਕਿਹਾ ਕਿ ਜਦ ਦੋਸ਼ੀਆ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾ ਕੰਵਲਜੀਤ ਖਾਨ ਉਰਫ ਕੰਮੂ ਪੁੱਤਰ ਮੰਗਾ, ਉਮਰ ਕਰੀਬ 27 ਸਾਲ, ਥਾਣਾ ਚੋਹਲਾ ਸਾਹਿਬ ਜਿਲ੍ਹਾ ਤਰਨਤਾਰਨ ਸਾਹਿਬ ਵਿਖੇ ਵੀ ਨਸ਼ਾ ਤਸਕਰੀ ਤਹਿਤ ਪਹਿਲਾ ਵੀ ਇੱਕ ਮੁੱਕਦਮਾ ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ। ਇਸ ਸਬੰਧੀ ਥਾਣਾ ਸਦਰ ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21(ਸੀ)/61/85, ਤਹਿਤ ਮੁਕੱਦਮਾ ਨੰਬਰ 286 ਮਿਤੀ 11.09.2026 ਨੂੰ ਦਰਜ ਰਜਿਸਟਰ ਕੀਤਾ ਗਿਆ ਹੈ।

