19 ਸਤੰਬਰ ਤੋਂ ਪੰਜ ਦਿਨ ਚੱਲਣਗੇ ਸਾਹਿਤਕ ਸਮਾਗਮ, ਵਿਸ਼ਾਲ ਪੁਸਤਕ ਮੇਲਾ ਵੀ ਲੱਗੇਗਾ
ਕੋਟਕਪੂਰਾ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਸ਼ਾ ਵਿਭਾਗ ਪੰਜਾਬ ਵੱਲੋਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.), ਫ਼ਰੀਦਕੋਟ ਅਤੇ ਦੇਸ ਭਗਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਦਾ ਸਹਿਯੋਗ ਨਾਲ ਰਾਜ ਪੱਧਰੀ ਬਾਬਾ ਫ਼ਰੀਦ ਸਾਹਿਤ ਉਤਸਵ 19 ਤੋਂ 23 ਸਤੰਬਰ ਤੱਕ ਫ਼ਰੀਦਕੋਟ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਮੇਲੇ ਦਾ ਸਮੁੱਚਾ ਪ੍ਰੋਗਰਾਮ ਸ੍ਰੀ ਰਾਹੁਲ ਚਾਬਾ, ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਇਆ ਜਾਣ ਵਾਲਾ ਇਹ ਸਾਹਿਤ ਉਤਸਵ ਹਰ ਸਾਲ ਬਿਹਤਰ ਤੇ ਵਿਸ਼ਾਲ ਹੁੰਦਾ ਜਾ ਰਿਹਾ ਹੈ। ਜਿਸ ਦੀ ਸਾਹਿਤਕਾਰਾਂ, ਪਾਠਕਾਂ ਤੇ ਸਾਹਿਤ ਪ੍ਰੇਮੀਆਂ ਵੱਲੋਂ ਉਡੀਕ ਹੋਣ ਲੱਗੀ ਹੈ।ਇਸ ਮੇਲੇ ਦੌਰਾਨ ਸਾਹਿਤਕ ਸਮਾਗਮਾਂ ਦੇ ਸਮਾਂਤਰ ਵਿਸ਼ਾਲ ਪੁਸਤਕ ਮੇਲਾ ਵੀ ਲਗਾਇਆ ਜਾਵੇਗਾ। ਸਾਹਿਤਕ ਸਮਾਗਮਾਂ ਦੌਰਾਨ ਰੂਬੁਰੂ, ਲੇਖਕ ਮਿਲਣੀਆਂ ਤੇ ਕਵੀ ਦਰਬਾਰ ਕਰਵਾਇਆ ਜਾਵੇਗਾ। ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਫ਼ਰੀਦ ਸਾਹਿਤ ਉਤਸਵ ਦਾ ਉਦਘਾਟਨ 19 ਸਤੰਬਰ ਨੂੰ ਸਵੇਰੇ 9:30 ਵਜੇ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਕਰਨਗੇ। ਇਸ ਉਪਰੰਤ ਸਵੇਰ ਦੇ ਸੈਸ਼ਨ ’ਚ ‘ਕਥਾ-ਕਾਰਵਾਂ’ ਤਹਿਤ ਉੱਘੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਤੇ ਜਤਿੰਦਰ ਹਾਂਸ ਨਾਲ ਗੁਰਮੀਤ ਕੜਿਆਲਵੀ ਸੰਵਾਦ ਰਚਾਉਣਗੇ। ਸ਼ਾਮ ਦੇ ਸੈਸ਼ਨ ਦੌਰਾਨ ‘ਯੁਵਾ ਸਾਹਿਤ ਦੇ ਸੰਗ’ ਸਿਰਲੇਖ ਤਹਿਤ ਨੌਜਵਾਨ ਕਹਾਣੀਕਾਰ ਆਗ਼ਾਜ਼ਬੀਰ ਤੇ ਕਵੀ ਰਣਧੀਰ ਨਾਲ ਡਾ. ਗੁਰਦੀਪ ਸਿੰਘ ਢਿੱਲੋਂ ਸੰਵਾਦ ਰਚਾਉਣਗੇ। 20 ਸਤੰਬਰ ਨੂੰ ਸਵੇਰ ਦੇ ਸੈਸ਼ਨ ਦੌਰਾਨ ‘ਦੇਹ ਕੀ ਸਾਖੀ’ ਸਿਰਲੇਖ ਤਹਿਤ ਨਾਵਲਕਾਰ ਡਾ. ਗੁਰਮਿੰਦਰ ਸਿੰਘ ਰੂਪੋਵਾਲੀ ਨਾਲ ਅਵਤਾਰ ਸਿੰਘ ਔਲਖ ਸੰਵਾਦ ਰਚਾਉਣਗੇ। ਸ਼ਾਮ ਦੇ ਸੈਸ਼ਨ ਦੌਰਾਨ ਸਿਨੇਮਾ ਤੇ ਸਮਕਾਲ ਸਿਰਲੇਖ ਤਹਿਤ ਉੱਘੇ ਫਿਲਮਸਾਜ਼ ਜਸ ਗਰੇਵਾਲ ਨਾਲ ਡਾ. ਸੁਖਦਰਸ਼ਨ ਸਿੰਘ ਚਹਿਲ ਸੰਵਾਦ ਰਚਾਉਣਗੇ, 21 ਸਤੰਬਰ ਨੂੰ ਰੰਗਮੰਚ ਦਾ ਸਫ਼ਰ ਸਿਰਲੇਖ ਅਧੀਨ ਨਾਟਕਕਾਰ ਕੇਵਲ ਧਾਲੀਵਾਲ ਨਾਲ ਡਾ. ਜਗਦੀਪ ਸਿੰਘ ਸੰਧੂ ਵਿਚਾਰ ਚਰਚਾ ਕਰਨਗੇ। ਇਸੇ ਦਿਨ ਸ਼ਾਮ ਦੇ ਸੈਸ਼ਨ ਦੌਰਾਨ ‘ਤੁਰਦੀਆਂ ਅੱਖਾਂ ਵੇਖਦੇ ਪੈਰ’ ਸਿਰਲੇਖ ਤਹਿਤ ਫੋਟੋਕਾਰ ਤੇ ਵਾਰਤਕਕਾਰ ਨਿਰਲੇਪ ਸਿੰਘ ਨਾਲ ਗੁਰਪ੍ਰੀਤ ਸੰਵਾਦ ਰਚਾਉਣਗੇ, 22 ਸਤੰਬਰ ਨੂੰ ਸਵੇਰ ਦੇ ਸੈਸ਼ਨ ਦੌਰਾਨ ‘ਬਾਬੇ ਬਿਸ਼ਨੇ ਦੀ ਬੈਠਕ’ ਦੌਰਾਨ ਉੱਘੇ ਲੇਖਕ ਨਿੰਦਰ ਘੁਗਿਆਣਵੀ ਬਾਬੂ ਸਿੰਘ ਮਾਨ ਦੀ ਸ਼ਖ਼ਸੀਅਤ ਤੇ ਸਿਰਜਣਾ ਬਾਰੇ ਜਾਣਕਾਰੀ ਦੇਣਗੇ ਤੇ ਕੁਮਾਰ ਜਗਦੇਵ ਸਿੰਘ ਸ. ਮਾਨ ਨਾਲ ਸੰਵਾਦ ਰਚਾਉਣਗੇ। ਇਸ ਸਮਾਗਮ ਦੇ ਸਵੇਰ ਦੇ ਸੈਸ਼ਨ ਸਵੇਰੇ 10:30 ਵਜੇ ਤੇ ਬਾਅਦ ਦੁਪਹਿਰ ਦੇ ਸੈਸ਼ਨ 3:30 ਵਜੇ ਸ਼ੁਰੂ ਹੋਣਗੇ। ਇਸੇ ਦਿਨ ਸ਼ਾਮ ਦੇ ਸੈਸ਼ਨ ਦੌਰਾਨ 5:30 ਵਜੇ ਸ਼ੇਖ਼ ਫ਼ਰੀਦ ਕਵੀ ਦਰਬਾਰ ਹੋਵੇਗਾ ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ ਮੁੱਖ ਮਹਿਮਾਨ ਹੋਣਗੇ ਅਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕਵੀ ਦਰਬਾਰ ’ਚ ਵਿਜੇ ਵਿਵੇਕ ਫ਼ਰੀਦਕੋਟ, ਗੁਰਤੇਜ ਕੋਹਾਰਵਾਲਾ ਫ਼ਿਰੋਜ਼ਪੁਰ, ਦਰਸ਼ਨ ਬੁੱਟਰ ਨਾਭਾ, ਸਵਾਮੀ ਅੰਤਰ ਨੀਰਵ ਜੰਮੂ, ਡਾ. ਰਾਜੇਸ਼ ਮੋਹਨ ਫ਼ਰੀਦਕੋਟ, ਭੁਪਿੰਦਰ ਕੌਰ ਪ੍ਰੀਤ ਸ੍ਰੀ ਮੁਕਤਸਰ ਸਾਹਿਬ, ਨੀਤੂ ਬਠਿੰਡਾ, ਦੇਵਿੰਦਰ ਸੈਫ਼ੀ ਫ਼ਰੀਦਕੋਟ, ਤ੍ਰੈਲੋਚਨ ਲੋਚੀ ਲੁਧਿਆਣਾ, ਅਜੀਤਪਾਲ ਜਟਾਣਾ ਮੋਗਾ, ਸਿਮਰਨ ਅਕਸ ਬਰਨਾਲਾ, ਬਲਕਾਰ ਔਲਖ ਸੰਗਰੂਰ ਤੇ ਸੁਨੀਲ ਚੰਦਿਆਣਵੀ ਬਲਾਚੌਰ ਸ਼ਿਰਕਤ ਕਰਨਗੇ, 23 ਸਤੰਬਰ ਨੂੰ ਬਾਅਦ ਦੁਪਹਿਰ 1 ਵਜੇ ਸ਼ੁਰੂ ਹੋਣ ਵਾਲੇ ਸਮਾਪਤੀ ਸਮਾਰੋਹ ‘ਲੇਖਕ, ਪਾਠਕ ਤੇ ਪ੍ਰਕਾਸ਼ਕ’ ਸਿਰਲੇਖ ਅਧੀਨ ਸਮੀਖਿਆਕਾਰਾਂ ਵਜੋਂ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ, ਡਾ. ਰਾਜੇਸ਼ ਮੋਹਨ ਪ੍ਰਿੰਸੀਪਲ ਦੇਸ਼ ਭਗਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਕੰਵਰਜੀਤ ਸਿੰਘ ਸਿੱਧੂ ਖੋਜ ਅਫ਼ਸਰ ਤੇ ਗੁਰਅੰਮ੍ਰਿਤਪਾਲ ਸਿੰਘ ਬਰਾੜ ਜਨਰਲ ਸਕੱਤਰ, ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.) ਫ਼ਰੀਦਕੋਟ ਸ਼ਿਰਕਤ ਕਰਨਗੇ। ਇਸ ਸਮਾਗਮ ਦੇ ਸੂਤਰਧਾਰ ਪ੍ਰੋ. ਰਣਜੀਤ ਸਿੰਘ ਬਾਜਵਾ ਹੋਣਗੇ। ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹ ਸਮਾਗਮ ਜ਼ਿਲ੍ਹਾ ਪ੍ਰਸ਼ਾਸ਼ਨ ਫ਼ਰੀਦਕੋਟ ਤੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

